ਨਿਰਭਿਆ ਮਾਮਲਾ :  ਦੋਸ਼ੀ ਵਿਨੇ ਸ਼ਰਮਾ ਦੀ ਪਟੀਸ਼ਨ ਰੱਦ ਕਰਨ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ ਵਿਚ ਚੁਨੌਤੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਨਿਰਭਿਆ ਦੇ ਮਾਪੇ ਪੁੱਜੇ ਅਦਾਲਤ, ਦੋਸ਼ੀਆਂ ਲਈ ਮੌਤ ਵਾਰੰਟ ਮੰਗਿਆ

file photo

ਨਵੀਂ ਦਿੱਲੀ : ਨਿਰਭਿਆ ਸਮੂਹਕ ਬਲਾਤਕਾਰ ਅਤੇ ਹਤਿਆ ਮਾਮਲੇ ਦੇ ਚਾਰ ਦੋਸ਼ੀਆਂ ਵਿਚੋਂ ਇਕ ਵਿਨੇ ਸ਼ਰਮਾ ਨੇ ਰਾਸ਼ਟਰਪਤੀ ਦੁਆਰਾ ਉਸ ਦੀ ਰਹਿਮ ਪਟੀਸ਼ਨ ਰੱਦ ਕਰਨ ਦੇ ਫ਼ੈਸਲੇ ਨੂੰ ਮੰਗਲਵਾਰ ਨੂੰ ਸੁਪਰੀਮ ਕੋਰਟ ਵਿਚ ਚੁਨੌਤੀ ਦੇ ਦਿਤੀ। ਸ਼ਰਮਾ ਨੇ ਅਪਣੇ ਵਕੀਲ ਏ ਪੀ ਸਿੰਘ ਰਾਹੀਂ ਪਟੀਸ਼ਨ ਵਿਚ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿਚ ਤਬਦੀਲ ਕਰਨ ਦੀ ਬੇਨਤੀ ਕੀਤੀ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਇਕ ਫ਼ਰਵਰੀ ਨੂੰ ਵਿਨੇ ਦੀ ਰਹਿਮ ਪਟੀਸ਼ਨ ਰੱਦ ਕਰ ਦਿਤੀ ਸੀ।

ਇਸ ਮਾਮਲੇ ਵਿਚ ਹੇਠਲੀ ਅਦਾਲਤ ਨੇ ਚਾਰਾਂ ਦੋਸ਼ੀਆਂ ਮੁਕੇਸ਼ ਕੁਮਾਰ, ਪਵਨ ਗੁਪਤਾ, ਵਿਨੇ ਕੁਮਾਰ ਸ਼ਰਮਾ ਅਤੇ ਅਕਸ਼ੇ ਕੁਮਾਰ ਦੀ ਮੌਤ ਦੀ ਸਜ਼ਾ 'ਤੇ ਅਗਲੇ ਹੁਕਮਾਂ ਤਕ 31 ਜਨਵਰੀ ਨੂੰ ਰੋਕ ਲਾ ਦਿਤੀ ਸੀ। ਇਹ ਚਾਰੇ ਦੋਸ਼ੀ ਇਸ ਸਮੇਂ ਤਿਹਾੜ ਜੇਲ ਵਿਚ ਬੰਦ ਹਨ। ਪਵਨ ਨੇ ਹੁਣ ਤਕ ਸੁਧਾਰ ਪਟੀਸ਼ਨ ਦਾਖ਼ਲ ਨਹੀਂ ਕੀਤੀ ਜੋ ਆਖ਼ਰੀ ਕਾਨੂੰਨੀ ਬਦਲ ਹੈ। ਉਸ ਕੋਲ ਰਾਸ਼ਟਰਪਤੀ ਕੋਲ ਰਹਿਮ ਪਟੀਸ਼ਨ ਦਾਖ਼ਲ ਕਰਨ ਦਾ ਬਦਲ ਵੀ ਹੈ। ਇਸੇ ਦੌਰਾਨ ਦਿੱਲੀ ਦੀ ਅਦਾਲਤ ਨੇ ਨਵਾਂ ਮੌਤ ਵਾਰੰਟ ਜਾਰੀ ਕਰਨ ਦੀ ਨਿਰਭਇਆ ਦੇ ਮਾਪਿਆਂ ਦੀ ਮੰਗ 'ਤੇ ਚਾਰਾਂ ਦੋਸ਼ੀਆਂ ਕੋਲੋਂ ਜਵਾਬ ਮੰਗਿਆ। ਇਸ ਮਾਮਲੇ ਵਿਚ ਬੁਧਵਾਰ ਨੂੰ ਸੁਣਵਾਈ ਹੋਵੇਗੀ।

ਦਖਣੀ ਦਿੱਲੀ ਵਿਚ ਦਸੰਬਰ 2012 ਵਿਚ ਚਲਦੀ ਬੱਸ ਵਿਚ ਛੇ ਜਣਿਆਂ ਨੇ ਮੈਡੀਕਲ ਵਿਦਿਆਰਥਣ ਨਾਲ ਬਲਾਤਕਾਰ ਕੀਤਾ ਅਤੇ ਬਾਅਦ ਵਿਚ ਉਸ ਨੂੰ ਸੜਕ 'ਤੇ ਸੁੱਟ ਦਿਤਾ ਸੀ। ਪੀੜਤ ਦੀ ਸਿੰਗਾਪੁਰ ਦੇ ਹਪਸਤਾਲ ਵਿਚ ਮੌਤ ਹੋ ਗਈ ਸੀ। ਇਕ ਦੋਸ਼ੀ ਰਾਮ ਸਿੰਘ ਨੇ ਜੇਲ ਵਿਚ ਖ਼ੁਦਕੁਸ਼ੀ ਕਰ ਲਈ ਸੀ ਅਤੇ ਦੂਜਾ ਨਾਬਾਲਗ਼ ਸੀ ਜਿਸ ਨੂੰ ਸੁਧਾਰ ਘਰ ਵਿਚ ਰਖਿਆ ਗਿਆ ਸੀ। ਉਸ ਨੂੰ 2015 ਵਿਚ ਰਿਹਾਅ ਕਰ ਦਿਤਾ ਗਿਆ ਸੀ।

ਸੁਪਰੀਮ ਕੋਰਟ ਵਲੋਂ ਚਾਰਾਂ ਦੋਸ਼ੀਆਂ ਨੂੰ ਨੋਟਿਸ : ਸੁਪਰੀਮ ਕੋਰਟ ਨੇ ਕੇਂਦਰ ਦੀ ਅਪੀਲ 'ਤੇ ਚਾਰਾਂ ਦੋਸ਼ੀਆਂ ਨੂੰ ਨੋਟਿਸ ਜਾਰੀ ਕੀਤੇ ਹਨ। ਕੇਂਦਰ ਨੇ ਦੋਸ਼ੀਆਂ ਦੀ ਮੌਤ ਦੀ ਸਜ਼ਾ ਦੇ ਅਮਲ 'ਤੇ ਰੋਕ ਵਿਰੁਧ ਉਸ ਦੀ ਪਟੀਸ਼ਨ ਰੱਦ ਕਰਨ ਦੇ ਦਿੱਲੀ ਹਾਈ ਕੋਰਟ ਦੇ ਫ਼ੈਸਲੇ ਨੂੰ ਚੁਨੌਤੀ ਦਿਤੀ ਹੈ। ਜੱਜ ਆਰ ਭਾਨੂਮਤੀ, ਜੱਜ ਅਸ਼ੋਕ ਭੂਸ਼ਣ ਅਤੇ ਜੱਜ ਏ ਐਸ ਬੋਪੰਨਾ ਦੀ ਅਦਾਲਤ ਨੇ ਕਿਹਾ ਕਿ ਦੋਸ਼ੀਆਂ ਦੀ ਸਜ਼ਾ 'ਤੇ ਅਮਲ ਲਈ ਹੇਠਲੀ ਅਦਾਲਤ ਦੁਆਰਾ ਨਵੀਂ ਤਰੀਕ ਤੈਅ ਕਰਨ ਵਿਚ ਕੇਂਦਰ ਅਤੇ ਦਿੱਲੀ ਸਰਕਾਰ ਦੀ ਨਿਪਟਾਰੇ ਹਿੱਤ ਅਪੀਲ ਅੜਿੱਕਾ ਨਹੀਂ ਹੋਵੇਗੀ। ਸਰਕਾਰੀ ਵਕੀਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਦੋਸ਼ੀਆਂ ਦੀ ਮੌਤ ਦੀ ਸਜ਼ਾ 'ਤੇ ਅਮਲ 'ਖ਼ੁਸ਼ੀ' ਲਈ ਨਹੀਂ ਸਗੋਂ ਅਧਿਕਾਰੀ ਤਾਂ ਸਿਰਫ਼ ਕਾਨੂੰਨ ਦੇ ਹੁਕਮ 'ਤੇ ਅਮਲ ਕਰ ਰਹੇ ਹਨ।