ਨਿਰਭਿਆ ਮਾਮਲਾ : ਫਾਂਸੀ ਦੀ ਸਜ਼ਾ 'ਤੇ ਰੋਕ ਵਿਰੁਧ ਕੇਂਦਰ ਦੀ ਅਰਜ਼ੀ 'ਤੇ ਫ਼ੈਸਲਾ ਸੁਰੱਖਿਅਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੋਸ਼ੀ ਨਿਆਇਕ ਮਸ਼ੀਨਰੀ ਨਾਲ ਖੇਡ ਰਹੇ ਹਨ : ਸਰਕਾਰ

file photo

ਨਵੀਂ ਦਿੱਲੀ : ਦਿੱਲੀ ਹਾਈ ਕੋਰਟ ਨੇ ਕੇਂਦਰ ਦੀ ਉਸ ਅਰਜ਼ੀ 'ਤੇ ਫ਼ੈਸਲਾ ਸੁਰੱਖਿਅਤ ਰੱਖ ਲਿਆ ਹੈ ਜਿਸ ਵਿਚ ਉਸ ਨੇ ਨਿਰਭਿਆ ਸਮੂਹਕ ਬਲਾਤਕਾਰ ਅਤੇ ਹਤਿਆ ਕਾਂਡ ਦੇ ਚਾਰਾਂ ਦੋਸ਼ੀਆਂ ਦੀ ਫਾਂਸੀ ਦੀ ਸਜ਼ਾ ਦੀ ਤਾਮੀਲ 'ਤੇ ਰੋਕ  ਨੂੰ ਚੁਨੌਤੀ ਦਿਤੀ ਹੈ।

ਜੱਜ ਸੁਰੇਸ਼ ਕੈਤ ਨੇ ਕਿਹਾ ਕਿ ਅਦਾਲਤ ਸਾਰੀਆਂ ਧਿਰਾਂ ਦੁਆਰਾ ਦਲੀਲਾਂ ਪੂਰੀਆਂ ਕੀਤੇ ਜਾਣ ਮਗਰੋਂ ਅਪਣਾ ਫ਼ੈਸਲਾ ਸੁਣਾਏਗੀ। ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਅਦਾਲਤ ਨੂੰ ਕਿਹਾ ਕਿ ਨਿਰਭਿਆ ਮਾਮਲੇ ਦੇ ਦੋਸ਼ੀ ਕਾਨੂੰਨ ਤਹਿਤ ਮਿਲੀ ਸਜ਼ਾ ਨੂੰ ਲਟਕਾਉਣ ਦੀ ਯੋਜਨਾਬੱਧ ਕੋਸ਼ਿਸ਼ ਵਿਚ ਹਨ।

ਸਰਕਾਰੀ ਵਕੀਲ ਮਹਿਤਾ ਨੇ ਜਸਟਿਸ ਸੁਰੇਸ਼ ਕੈਤ ਨੂੰ ਕਿਹਾ ਕਿ ਦੋਸ਼ੀ ਪਵਨ ਗੁਪਤਾ ਦਾ ਸੁਧਾਰ ਜਾਂ ਰਹਿਮ ਪਟੀਸ਼ਨ ਦਾਖ਼ਲ ਨਾ ਕਰਨਾ ਸੋਚਿਆ ਸਮਝਿਆ ਕਦਮ ਹੈ। ਉਨ੍ਹਾਂ ਕਿਹਾ ਕਿ ਨਿਰਭਿਆ ਮਾਮਲੇ ਦੇ ਦੋਸ਼ੀ ਨਿਆਇਕ ਮਸ਼ੀਨਰੀ ਨਾਲ ਖੇਡ ਰਹੇ ਹਨ ਅਤੇ ਦੇਸ਼ ਦੇ ਧੀਰਜ ਦੀ ਪ੍ਰੀਖਿਆ ਲੈ ਰਹੇ ਹਨ।

ਅਦਾਲਤ ਵਿਚ ਵਕੀਲ ਏ ਪੀ ਸਿੰਘ ਦੋਸ਼ੀਆਂ ਅਕਸ਼ੇ ਸਿੰਘ, ਵਿਨੇ ਸ਼ਰਮਾ ਅਤੇ ਪਵਨ ਵਲੋਂ ਦਲੀਲਾਂ ਰੱਖ ਰਹੇ ਸਨ। ਉਹ ਮਾਮਲੇ ਦੇ ਦੋਸ਼ੀਆਂ ਦੀ ਸਜ਼ਾ ਦੀ ਤਾਮੀਲ 'ਤੇ ਰੋਕ ਦੀ ਮੰਗ ਕਰਦੀ ਅਰਜ਼ੀ ਨੂੰ ਚੁਨੌਤੀ ਦਿੰਦੀ ਕੇਂਦਰ ਦੀ ਅਰਜ਼ੀ ਵਿਰੁਧ ਦਲੀਲਾਂ ਦੇ ਰਹੇ ਸਨ ਜਦ ਮਹਿਤਾ ਨੇ ਉਕਤ ਗੱਲਾਂ ਕਹੀਆਂ।

ਕਾਬਲੇਗੌਰ ਹੈ ਕਿ ਕੇਂਦਰ ਸਰਕਾਰ ਨੇ ਪਟਿਆਲਾ ਹਾਊਸ ਅਦਾਲਤ ਦੇ ਫਾਂਸੀ ਅੱਗੇ ਪਾਉਣ ਦੇ ਨਿਰਦੇਸ਼ ਨੂੰ ਦਿੱਲੀ ਹਾਈ ਕੋਰਟ ਵਿਚ ਚੁਨੌਤੀ ਦਿਤੀ ਹੈ, ਜਿਸ ਕਾਰਨ ਸੁਣਵਾਈ ਲਈ ਐਤਵਾਰ ਨੂੰ ਖਾਸ ਤੌਰ 'ਤੇ ਅਦਾਲਤ ਖੁੱਲ੍ਹੀ ਸੀ। ਕੇਂਦਰੀ ਗ੍ਰਹਿ ਮੰਤਰਾਲੇ ਅਤੇ ਦਿੱਲੀ ਪੁਲਿਸ ਦੋਹਾਂ ਨੇ ਦਿੱਲੀ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰ ਕੇ ਕਿਹਾ ਕਿ ਨਿਰਭਿਆ ਦੇ ਦੋਸ਼ੀਆਂ ਨੇ ਕਾਨੂੰਨ ਦਾ ਮਜ਼ਾਕ ਬਣਾ ਰੱਖਿਆ ਹੈ।