ਸਿੰਘੂ ਸਰਹੱਦ: ਕਿਸਾਨਾਂ ਨੇ ਪ੍ਰਦਰਸ਼ਨ ਵਾਲੀ ਥਾਂ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਕੀਤਾ ਸ਼ੁਰੂ
ਰਾਤ ਨੂੰ ਪਹਿਰਾ ਕਰਨ ਲਈ 600 ਵਲੰਟੀਅਰਾਂ ਦੀ ਇਕ ਟੀਮ ਬਣਾਈ
ਨਵੀਂ ਦਿੱਲੀ : ਕੇਂਦਰ ਦੇ ਨਵੇਂ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਵਿਰੁਧ ਜਾਰੀ ਰੇੜਕੇ ਨੂੰ ਛੇਤੀ ਹੀ ਖ਼ਤਮ ਨਾ ਹੋਣ ਦੀ ਸੰਭਾਵਨਾ ਦੇ ਵਿਚਕਾਰ ਕਿਸਾਨਾਂ ਨੇ ਦਿੱਲੀ ਦੇ ਨਾਲ ਲਗਦੀ ਸਿੰਘੂ ਸਰਹੱਦ ‘ਤੇ ਲੰਬੀ ਲੜਾਈ ਲਈ ਵਿਰੋਧ ਪ੍ਰਦਰਸ਼ਨ ਸਥਾਨ ‘ਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਸ਼ੁਰੂ ਕਰ ਦਿਤਾ ਹੈ। ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਸੰਯੁਕਤ ਕਿਸਾਨ ਮੋਰਚਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੇ ਤਿੰਨ ਕਾਨੂੰਨਾਂ ਨੂੰ ਵਾਪਸ ਲੈਣ ਅਤੇ ਉਨ੍ਹਾਂ ਦੀਆਂ ਫ਼ਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ (ਐਮਐਸਪੀ) ਦੀ ਕਾਨੂੰਨੀ ਗਾਰੰਟੀ ਦੇਣ ਤਕ ਅੰਦੋਲਨ ਜਾਰੀ ਰਹਿਣ ਦਾ ਗੱਲ ਦੁਹਰਾਈ।
ਸਿੰਘੂ ਸਰਹੱਦ ਉੱਤੇ ਪ੍ਰਦਰਸ਼ਨ ਕਰਨ ਵਾਲੀ ਥਾਂ ਉੱਤੇ ਸਾਜੋ ਸਾਮਾਨ ਦਾ ਪ੍ਰਬੰਧ ਵੇਖਣ ਵਾਲੇ ਦੀਪ ਖੱਤਰੀ ਨੇ ਕਿਹਾ, ਅਸੀਂ ਲੰਮੇ ਸਮੇਂ ਤਕ ਪ੍ਰਦਰਸ਼ਨ ਕਰਨ ਲਈ ਅਪਣੀ ਸੰਚਾਰ ਵਿਵਸਥਾ ਅਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰ ਰਹੇ ਹਨ। ਮੋਰਚਾ ਮੁੱਖ ਮੰਚ ਕੋਲ ਅਤੇ ਜੀਟੀ ਕਰਨਾਲ ਰੋਡ ਉੱਤੇ ਪ੍ਰਦਰਸ਼ਨ ਵਾਲੀ ਥਾਂ ਨੇੜੇ
ਸੁਰੱਖਿਆ ਨੂੰ ਵਧਾਉਣ ਅਤੇ ਸਮਾਜ-ਵਿਰੋਧੀ ਅਨਸਰਾਂ ਦੀ ਨਿਗਰਾਨੀ ਲਈ 100 ਸੀਸੀਟੀਵੀ ਕੈਮਰੇ ਲਗਾ ਰਿਹਾ ਹੈ। ਖੱਤਰੀ ਨੇ ਕਿਹਾ ਕਿ ਅਸੀਂ ਕੈਮਰਿਆਂ ਦੀ ਫੁਟੇਜ ਨੂੰ ਵੇਖਣ ਅਤੇ ਇਥੇ ਹੋ ਰਹੀਆਂ ਗਤੀਵਿਧੀਆਂ ਦੀ ਨਿਗਰਾਨੀ ਕਰਨ ਲਈ ਮੁੱਖ ਮੰਚ ਦੇ ਪਿਛਲੇ ਪਾਸੇ ਇਕ ਕੰਟਰੋਲ ਰੂਮ ਵੀ ਤਿਆਰ ਕਰ ਰਹੇ ਹਾਂ, ਕਿਉਂਕਿ ਇੱਥੇ ਹਰ ਰੋਜ਼ ਬਹੁਤ ਸਾਰੇ ਲੋਕ ਆਉਂਦੇ-ਜਾਂਦੇ ਰਹਿੰਦੇ ਹਨ।
ਉਨ੍ਹਾਂ ਦਸਿਆ ਕਿ ਰੋਸ ਪ੍ਰਦਰਸ਼ਨ ਵਾਲੀ ਥਾਂ ਦੇ ਆਲੇ ਦੁਆਲੇ ਗਸ਼ਤ ਕਰਨ, ਟ੍ਰੈਫਿਕ ਨੂੰ ਕੰਟਰੋਲ ਕਰਨ ਅਤੇ ਰਾਤ ਨੂੰ ਪਹਿਰਾ ਕਰਨ ਲਈ 600 ਵਲੰਟੀਅਰਾਂ ਦੀ ਇਕ ਟੀਮ ਬਣਾਈ ਗਈ ਹੈ। ਇਨ੍ਹਾਂ ਵਾਲੰਟੀਅਰਾਂ ਨੂੰ ਆਸਾਨੀ ਨਾਲ ਪਛਾਣ ਵਿਚ ਆਉਣ ਵਾਲੀ ਰੰਗ ਦੀਆਂ ਜੈਕੇਟ ਅਤੇ ਸ਼ਨਾਖਤੀ ਕਾਰਡ (ਆਈਡੀ) ਦਿਤੇ ਗਏ ਹਨ। ਉਨ੍ਹਾਂ ਕਿਹਾ ਕਿ 700-800 ਮੀਟਰ ਦੀ ਦੂਰੀ ’ਤੇ ਮਹੱਤਵਪੂਰਨ ਥਾਵਾਂ ’ਤੇ 10 ਐਲਸੀਡੀ ਸਕਰੀਨਾਂ ਲਗਾਉਣ ਦਾ ਕੰਮ ਵੀ ਚੱਲ ਰਿਹਾ ਹੈ, ਤਾਂ ਜੋ ਪ੍ਰਦਰਸ਼ਨ ਕਰ ਰਹੇ ਕਿਸਾਨ ਮੁੱਖ ਮੰਚ ’ਤੇ ਅਪਣੇ ਨੇਤਾਵਾਂ ਦੇ ਭਾਸ਼ਣ ਸੁਣ ਸਕਣ ਅਤੇ ਹੋਰ ਗਤੀਵਿਧੀਆਂ ਨੂੰ ਵੇਖ ਸਕਣ।
ਖੱਤਰੀ ਨੇ ਕਿਹਾ ਕਿ ਸਰਕਾਰ ਵਲੋਂ ਇੰਟਰਨੈੱਟ ਬੰਦ ਕੀਤੇ ਜਾਣ ਦੀ ਸਥਿਤੀ ਵਿਚ ਮੋਰਚਾ ਵਾਈਫਾਈ ਸਹੂਲਤ ਲਈ ਇੱਕ ਵਖਰੀ ਆਪਟੀਕਲ ਫਾਈਬਰ ਲਾਈਨ ਦੀ ਵਰਤੋਂ ਕਰੇਗਾ। ਉਨ੍ਹਾਂ ਦਸਿਆ ਕਿ ਗਰਮੀਆਂ ਦੇ ਮੌਸਮ ਦੀ ਆਮਦ ਦੇ ਮੱਦੇਨਜ਼ਰ, ਸੰਯੁਕਤ ਕਿਸਾਨ ਮੋਰਚਾ ਵਲੋਂ ਮੁੱਖ ਪਲੇਟਫਾਰਮ ਨੇੜੇ ‘ਇਲੈਕਟਿ੍ਰਕ ਫੈਨਜ਼’ ਅਤੇ ‘ਏਸੀ’ ਵੀ ਸਥਾਪਤ ਕੀਤੇ ਜਾ ਰਹੇ ਹਨ ਅਤੇ ਹੋਰ ਸੇਵਾਵਾਂ ਵਿਚ ਵੀ ਸੁਧਾਰ ਕੀਤਾ ਜਾ ਰਿਹਾ ਹੈ।
ਪੰਜਾਬ ਦੇ ਮੋਗਾ ਦੇ ਵਸਨੀਕ ਰਣਜੀਤ ਸਿੰਘ ਨੇ ਕਿਹਾ ਕਿ ਲੰਗਰ ਸਾਡੇ ਸਭਿਆਚਾਰ ਦਾ ਹਿੱਸਾ ਹੈ, ਇਸ ਲਈ ਖਾਣ ਦੀ ਕੋਈ ਸਮੱਸਿਆ ਨਹੀਂ ਹੈ। ਬਹੁਤ ਸਾਰੇ ਕਿਸਾਨ ਇਥੇ ਆਉਂਦੇ ਹਨ, ਕਈ ਦਿਨਾਂ ਤਕ ਇਥੇ ਰਹਿੰਦੇ ਹਨ ਅਤੇ ਮੁੜ ਵਾਪਸ ਅਪਣੇ ਪਿੰਡ ਜਾ ਕੇ ਖੇਤਾਂ ਵਿਚ ਕੰਮ ਕਰਦੇ ਹਨ। ਦਿੱਲੀ ਨਾਲ ਲੱਗਦੀ ਗਾਜ਼ੀਪੁਰ ਸਰਹੱਦ ‘ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਮੋਰਚੇ ਦੇ ਆਗੂ ਰਾਕੇਸ਼ ਟਿਕਟ ਨੇ ਬੁਧਵਾਰ ਨੂੰ ਕਿਹਾ ਸੀ ਕਿ ਕਿਸਾਨ ਅੰਦੋਲਨ ਲੰਬੇ ਸਮੇਂ ਤਕ ਚੱਲਣ ਵਾਲਾ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਇਹ ਦੇਸ਼ ਭਰ ਵਿਚ ਫੈਲ ਜਾਵੇਗਾ।