ਚੰਡੀਗੜ੍ਹ ਪੁਲਿਸ ਦੇ ਖਾਤੇ ’ਚੋਂ 84 ਕਰੋੜ ਰੁਪਏ ਗਾਇਬ, ਵਿਭਾਗ ਕੋਲ ਕੋਈ ਰਿਕਾਰਡ ਨਹੀਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੈਗ ਦੀ ਰਿਪੋਰਟ ਵਿਚ ਹੋਇਆ ਖੁਲਾਸਾ

84 Crore Missing From Account Of Chandigarh Police

 

ਚੰਡੀਗੜ੍ਹ: ਆਡਿਟ ਵਿਭਾਗ ਨੇ ਚੰਡੀਗੜ੍ਹ ਪੁਲਿਸ ਵਿਚ ਵੱਡੇ ਘਪਲੇ ਦਾ ਖੁਲਾਸਾ ਕੀਤਾ ਹੈ। ਪੁਲਿਸ ਦੇ ਖਾਤੇ ਵਿਚੋਂ ਕਰੀਬ 84 ਕਰੋੜ ਰੁਪਏ ਗਾਇਬ ਹਨ ਅਤੇ ਪੁਲਿਸ ਨੂੰ ਇਹ ਨਹੀਂ ਪਤਾ ਕਿ ਇਹ ਪੈਸਾ ਕਿੱਥੇ ਅਤੇ ਕਿਸ ਕੋਲ ਗਿਆ ਹੈ। ਆਡਿਟ ਵਿਭਾਗ ਦਾ ਕਹਿਣਾ ਹੈ ਕਿ ਇਹਨਾਂ ਪੈਸਿਆਂ ਦੇ ਬਿੱਲ ਅਤੇ ਵਾਊਚਰ ਪੁਲਿਸ ਕੋਲ ਨਹੀਂ ਹਨ। ਆਡਿਟ 'ਚ ਸਵਾਲ ਖੜ੍ਹੇ ਹੋਣ ਤੋਂ ਬਾਅਦ ਪੁਲਿਸ ਨੇ ਬਿੱਲ ਅਤੇ ਵਾਊਚਰ ਲੱਭਣ ਲਈ ਜਾਂਚ ਅਪਰਾਧ ਸ਼ਾਖਾ ਨੂੰ ਸੌਂਪ ਦਿੱਤੀ ਹੈ। ਇਸ ਤੋਂ ਇਲਾਵਾ ਕਈ ਤਰੁੱਟੀਆਂ ਵੀ ਸਾਹਮਣੇ ਆਈਆਂ ਹਨ। ਇਹ ਖੁਲਾਸਾ ਸਾਲ 2022 ਦੀ ਕੈਗ ਰਿਪੋਰਟ ਵਿਚ ਹੋਇਆ ਹੈ।

ਇਹ ਵੀ ਪੜ੍ਹੋ: ਅਮਰੀਕਾ ਦੀ ਵਪਾਰ ਨੀਤੀ ਅਤੇ ਗੱਲਬਾਤ ਸਲਾਹਕਾਰ ਕਮੇਟੀ ਵਿਚ ਦੋ ਭਾਰਤੀਆਂ ਦੇ ਨਾਂਅ ਸ਼ਾਮਲ

ਡਾਇਰੈਕਟਰ ਜਨਰਲ ਆਫ ਆਡਿਟ (ਕੇਂਦਰੀ) ਸੰਜੀਵ ਗੋਇਲ ਨੇ ਦੱਸਿਆ ਕਿ ਚੰਡੀਗੜ੍ਹ ਦੇ ਡੀਜੀਪੀ ਦੀ ਬੇਨਤੀ ’ਤੇ ਉਹਨਾਂ ਨੇ ਸਾਲ 2017 ਤੋਂ 2020 ਦੌਰਾਨ ਪੁਲਿਸ ਵਿਭਾਗ ਦਾ ਆਡਿਟ ਕੀਤਾ। ਰਿਪੋਰਟ ਦੀ ਕਾਪੀ ਕਾਰਵਾਈ ਲਈ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਨੂੰ ਵੀ ਸੌਂਪੀ ਗਈ ਹੈ। ਰਿਪੋਰਟ 'ਚ ਦੱਸਿਆ ਗਿਆ ਹੈ ਕਿ ਤਨਖਾਹ 'ਤੇ ਪੁਲਿਸ ਵਿਭਾਗ ਦਾ ਸਾਲਾਨਾ ਬਜਟ ਲਗਭਗ 400 ਕਰੋੜ ਰੁਪਏ ਹੈ ਅਤੇ ਸਾਰੇ ਕਰਮਚਾਰੀ ਤਨਖਾਹ ਅਤੇ ਭੱਤਿਆਂ ਲਈ ਈ-ਸੇਵਾਰਥ ਪੋਰਟਲ 'ਤੇ ਰਜਿਸਟਰਡ ਹਨ।

ਇਹ ਵੀ ਪੜ੍ਹੋ: ਸ੍ਰੀ ਅਨੰਦਪੁਰ ਸਾਹਿਬ 'ਚ ਮਾਰੇ ਗਏ ਨਿਹੰਗ ਸਿੰਘ ਦੀ ਮੌਤ ਦਾ ਦੋਸ਼ੀ ਅੰਮ੍ਰਿਤਪਾਲ ਸਿੰਘ ਹੈ- ਰਵਨੀਤ ਬਿੱਟੂ 

ਇਸ ਤੋਂ ਪਹਿਲਾਂ ਅੰਦਰੂਨੀ ਅਤੇ ਆਈਟੀ ਨਿਯੰਤਰਣਾਂ ਵਿਚ ਅਣਗਹਿਲੀ ਅਤੇ ਤਰੁਟੀਆਂ ਕਾਰਨ 1.60 ਕਰੋੜ ਦੀ ਅਯੋਗ ਅਦਾਇਗੀ ਦਾ ਪਤਾ ਲਗਾਇਆ ਗਿਆ ਸੀ। ਇਸ ਮਾਮਲੇ ਵਿਚ ਜਦੋਂ ਆਡਿਟ ਨੇ ਸਵਾਲ ਖੜ੍ਹੇ ਕੀਤੇ ਤਾਂ ਪੁਲਿਸ ਵੱਲੋਂ 1.10 ਕਰੋੜ ਰੁਪਏ ਬਰਾਮਦ ਕੀਤੇ ਗਏ। ਇਸ ਤੋਂ ਬਾਅਦ ਹੁਣ ਆਡਿਟ ਵਿਚ ਪਾਇਆ ਗਿਆ ਹੈ ਕਿ ਸਾਲ 2017-18 ਅਤੇ 2019-20 ਦੇ ਸਮੇਂ ਦੌਰਾਨ ਪੁਲਿਸ ਮੁਲਾਜ਼ਮਾਂ ਨੂੰ ਤਨਖਾਹ, ਬਕਾਏ, ਐਲ.ਟੀ.ਸੀ., ਟੀ.ਏ., ਮੈਡੀਕਲ, ਰਿਟਾਇਰਮੈਂਟ ਲਾਭ ਆਦਿ ਦੇ ਰੂਪ ਵਿਚ 83.59 ਕਰੋੜ ਰੁਪਏ ਅਦਾ ਕੀਤੇ ਗਏ ਸਨ, ਜਦੋਂ ਉਹਨਾਂ ਤੋਂ ਬਿੱਲ ਅਤੇ ਵਾਊਚਰ ਮੰਗੇ ਗਏ ਤਾਂ ਇਹ ਉਹਨਾਂ ਕੋਲ ਉਪਲਬਧ ਨਹੀਂ ਸਨ।  

ਇਹ ਵੀ ਪੜ੍ਹੋ: ਅੰਮ੍ਰਿਤਪਾਲ ਸਿੰਘ ਦੇ Bodyguards ’ਤੇ ਜੰਮੂ-ਕਸ਼ਮੀਰ ਸਰਕਾਰ ਦੀ ਕਾਰਵਾਈ, ਅਸਲਾ ਲਾਇਸੈਂਸ ਕੀਤੇ ਰੱਦ

66 ਮੁਲਾਜ਼ਮਾਂ ਨੇ ਗੜਬੜੀ ਕਰ ਕੇ ਲਿਆ 51.5 ਲੱਖ ਰੁਪਏ ਦਾ ਵਾਹਨ ਭੱਤਾ

ਆਡਿਟ ਰਿਪੋਰਟ ਵਿਚ ਇਕ ਹੋਰ ਵੱਡਾ ਖੁਲਾਸਾ ਹੋਇਆ ਹੈ ਕਿ 2017-20 ਦੌਰਾਨ 66 ਪੁਲਿਸ ਮੁਲਾਜ਼ਮਾਂ ਨੇ ਗੜਬੜੀ ਨਾਲ 55 ਗੁਣਾ ਵੱਧ ਵਾਹਨ ਭੱਤਾ ਲਿਆ ਹੈ। ਪੁਲਿਸ ਵਿਭਾਗ ਵੱਲੋਂ ਕਾਂਸਟੇਬਲ ਨੂੰ 400 ਰੁਪਏ ਅਤੇ ਹੈੱਡ ਕਾਂਸਟੇਬਲ ਨੂੰ 450 ਰੁਪਏ ਵਾਹਨ ਭੱਤਾ ਦਿੱਤਾ ਜਾਂਦਾ ਹੈ, ਪਰ 53 ਹੈੱਡ ਕਾਂਸਟੇਬਲਾਂ ਨੇ 450 ਰੁਪਏ ਦੀ ਬਜਾਏ 5450 ਰੁਪਏ ਅਤੇ 25,450 ਰੁਪਏ ਵਸੂਲੇ। ਪੁਲਿਸ ਦੇ ਸਾਫਟਵੇਅਰ ਵਿਚ ਉਪਰਲੀ ਸੀਮਾ ਦੀ ਕੈਪਿੰਗ ਨਾ ਹੋਣ ਕਾਰਨ ਇਹਨਾਂ ਪੁਲਿਸ ਮੁਲਾਜ਼ਮਾਂ ਨੇ 450 ਦੇ ਅੱਗੇ 5 ਅਤੇ 25 ਲਿਖ ਦਿੱਤਾ, ਜਿਸ ਕਾਰਨ ਇਹ ਰਕਮ 5,450 ਅਤੇ 25,450 ਰੁਪਏ ਹੋ ਗਈ। ਇਸੇ ਤਰ੍ਹਾਂ 13 ਕਾਂਸਟੇਬਲਾਂ ਨੇ ਵੀ 400 ਰੁਪਏ ਦੀ ਬਜਾਏ 4400 ਰੁਪਏ ਅਤੇ 20,400 ਰੁਪਏ ਦਾ ਵਾਹਨ ਭੱਤਾ ਲਿਆ। ਇਸ ਕਾਰਨ ਪੁਲਿਸ ਨੂੰ 51.5 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।

ਇਹ ਵੀ ਪੜ੍ਹੋ: CU ਵਿਦਿਆਰਥੀ ਹਨੀਟ੍ਰੈਪ ਮਾਮਲਾ: ਮੁਹਾਲੀ ਅਦਾਲਤ ਨੇ ਮੁਲਜ਼ਮਾਂ ਖ਼ਿਲਾਫ਼ ਦੋਸ਼ ਕੀਤੇ ਤੈਅ, 31 ਮਾਰਚ ਤੋਂ ਟ੍ਰਾਇਲ ਸ਼ੁਰੂ 

ਸਰਕਾਰੀ ਮਕਾਨ ਦੇ ਨਾਲ ਲਿਆ ਐਚ.ਆਰ.ਏ.

ਰਿਪੋਰਟ ਵਿਚ ਕਿਹਾ ਗਿਆ ਹੈ ਕਿ 18 ਪੁਲਿਸ ਮੁਲਾਜ਼ਮਾਂ ਨੇ ਇਕ ਯਾਤਰਾ ਲਈ ਦੋ ਤੋਂ ਚਾਰ ਵਾਰ ਪੈਸੇ ਲਏ, ਜਿਸ ਕਾਰਨ ਵਿਭਾਗ ਨੂੰ 7.47 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਆਡਿਟ ਵਿਚ ਖੁਲਾਸਾ ਹੋਇਆ ਹੈ ਕਿ 2017 ਤੋਂ 2020 ਦਰਮਿਆਨ ਚੰਡੀਗੜ੍ਹ ਪੁਲਿਸ ਦੇ 154 ਮੁਲਾਜ਼ਮਾਂ ਨੂੰ ਸਰਕਾਰੀ ਮਕਾਨ ਅਲਾਟ ਕੀਤੇ ਗਏ ਸਨ। ਇਹਨਾਂ ਵਿਚੋਂ 12 ਪੁਲਿਸ ਮੁਲਾਜ਼ਮ ਅਜਿਹੇ ਹਨ ਜਿਨ੍ਹਾਂ ਨੂੰ ਸਰਕਾਰੀ ਰਿਹਾਇਸ਼ ਮਿਲਣ ਦੇ ਬਾਵਜੂਦ ਵਿਭਾਗ ਵੱਲੋਂ ਐਚ.ਆਰ.ਏ. ਦਿੱਤਾ ਗਿਆ। ਇਸ ਕਾਰਨ ਵਿਭਾਗ ਨੂੰ 10 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।

ਇਹ ਵੀ ਪੜ੍ਹੋ: ਭਾਰਤੀ ਮੂਲ ਦੀ ਪ੍ਰਾਣਵੀ ਗੁਪਤਾ ਬਣੀ ਸਭ ਤੋਂ ਘੱਟ ਉਮਰ ਦੀ ਯੋਗਾ ਇੰਸਟ੍ਰਕਟਰ  

ਦੋ ਮੁਲਾਜ਼ਮ ਵੀਆਰਐਸ ਤੋਂ ਬਾਅਦ ਵੀ ਲੈਂਦੇ ਰਹੇ ਪੂਰੀ ਤਨਖਾਹ

ਸਾਲ 2017-20 ਦੌਰਾਨ ਚੰਡੀਗੜ੍ਹ ਪੁਲਿਸ ਵਿਚ ਸੇਵਾਮੁਕਤੀ, ਬਰਖ਼ਾਸਤ, ਮੌਤ ਅਤੇ ਵੀ.ਆਰ.ਐਸ. ਲੈਣ ਵਾਲੇ ਕੁੱਲ 127 ਮੁਲਾਜ਼ਮ ਸਨ। ਇਸ ਵਿਚ ਕਾਂਸਟੇਬਲ ਜਸਬੀਰ ਸਿੰਘ ਨੇ 1 ਅਪ੍ਰੈਲ 2018 ਅਤੇ ਏਐਸਆਈ ਕੁਲਵੰਤ ਕੌਰ ਨੇ 1 ਜਨਵਰੀ 2018 ਨੂੰ ਵੀ.ਆਰ.ਐਸ. ਲਈ ਪਰ ਵਿਭਾਗ ਨੇ ਜਸਬੀਰ ਸਿੰਘ ਨੂੰ ਨਵੰਬਰ 2018 ਤੋਂ ਅਗਸਤ 2019 ਅਤੇ ਅਕਤੂਬਰ 2019 ਤੋਂ ਜਨਵਰੀ 2020 ਤੱਕ ਤਨਖਾਹ ਵਜੋਂ 10.19 ਲੱਖ ਰੁਪਏ ਅਦਾ ਕੀਤੇ। ਜਦਕਿ ਏ.ਐਸ.ਆਈ.ਕੁਲਵੰਤ ਕੌਰ ਨੂੰ ਜਨਵਰੀ 2018 ਤੋਂ ਮਈ 2018 ਤੱਕ 3.12 ਲੱਖ ਰੁਪਏ ਤਨਖਾਹ ਦਿੱਤੀ ਗਈ।

ਇਹ ਵੀ ਪੜ੍ਹੋ: ਅਮਰੀਕਾ ਵਿਚ ਬੈਂਕਿੰਗ ਸੰਕਟ! ਸਿਲੀਕਾਨ ਵੈਲੀ ਬੈਂਕ ਨੂੰ ਲੱਗਿਆ ਤਾਲਾ 

ਘਰ ਦੇ ਰਾਸ਼ਣ ਲਈ ਵਿਭਾਗ ਤੋਂ ਲਏ ਪੈਸੇ

ਪੁਲਿਸ ਕਾਂਸਟੇਬਲਾਂ ਅਤੇ ਹੈੱਡ ਕਾਂਸਟੇਬਲਾਂ ਨੂੰ ਵਾਹਨ ਭੱਤਾ, ਸੀ.ਸੀ.ਏ., ਮੈਡੀਕਲ, ਮੋਬਾਈਲ, ਐਚ.ਆਰ.ਏ ਸਮੇਤ ਕੁੱਲ 15 ਤਰ੍ਹਾਂ ਦੇ ਭੱਤੇ ਮਿਲਦੇ ਹਨ। ਆਡਿਟ ਰਿਪੋਰਟ ਵਿਚ ਖੁਲਾਸਾ ਹੋਇਆ ਹੈ ਕਿ 42 ਪੁਲਿਸ ਮੁਲਾਜ਼ਮਾਂ ਨੇ 7.30 ਲੱਖ ਰੁਪਏ ਉਹਨਾਂ ਭੱਤਿਆਂ ਦੇ ਨਾਂਅ ’ਤੇ ਲਏ ਜੋ ਪੁਲਿਸ ਵੱਲੋਂ ਜਾਰੀ ਨਹੀਂ ਕੀਤੇ ਜਾਂਦੇ। ਇਸ ਵਿਚ ਸਾਬਣ ਅਤੇ ਤੇਲ ਭੱਤਾ, ਉੱਚ ਸਿੱਖਿਆ, ਬਿਜਲੀ, ਸਕੱਤਰੇਤ, ਵਾਧੂ ਤਨਖਾਹ, ਵਿਸ਼ੇਸ਼ ਤਨਖਾਹ ਭੱਤਾ, ਵਰਦੀ ਧੋਣ, ਐਚਆਰਏ ਅਤੇ ਹੋਰ ਭੱਤੇ ਵੀ ਲਏ ਗਏ।

ਇਹ ਵੀ ਪੜ੍ਹੋ: ਦੇਸ਼ ਵਿੱਚੋਂ ਤੀਜੇ ਤੋਂ 12ਵੇਂ ਸਥਾਨ 'ਤੇ ਆਈ ਪੰਜਾਬ ਪੁਲਿਸ, ਮੁਲਾਜ਼ਮਾਂ ਤੇ ਆਧੁਨਿਕ ਯੰਤਰਾਂ ਦੀ ਘਾਟ ਨਾਲ ਜੂਝ ਰਹੀ ਫੋਰਸ

ਪ੍ਰਸ਼ਾਸਕ ਨੂੰ ਸੌਂਪੀ ਗਈ ਰਿਪੋਰਟ

ਡਾਇਰੈਕਟਰ ਜਨਰਲ ਆਫ ਆਡਿਟ (ਕੇਂਦਰੀ) ਸੰਜੀਵ ਗੋਇਲ ਨੇ ਕਿਹਾ ਕਿ ਚੰਡੀਗੜ੍ਹ ਦੇ ਡੀਜੀਪੀ ਦੀਆਂ ਹਦਾਇਤਾਂ ’ਤੇ ਸਾਲ 2017 ਤੋਂ 2020 ਤੱਕ ਦਾ ਚੰਡੀਗੜ੍ਹ ਪੁਲਿਸ ਦਾ ਆਡਿਟ ਹੋਇਆ ਹੈ, ਜਿਸ ਵਿਚ ਇਹ ਬੇਨਿਯਮੀਆਂ ਪਾਈਆਂ ਗਈਆਂ ਹਨ। ਅਸੀਂ ਪੂਰੀ ਰਿਪੋਰਟ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਨੂੰ ਸੌਂਪ ਦਿੱਤੀ ਗਈ ਹੈ। ਰਿਪੋਰਟ ਵਿਚ ਕਾਰਵਾਈ ਲਈ ਕਈ ਸੁਝਾਅ ਅਤੇ ਸਿਫ਼ਾਰਸ਼ਾਂ ਵੀ ਕੀਤੀਆਂ ਗਈਆਂ ਹਨ।