12 ਪਿੰਡਾਂ ਦੇ ਕਿਸਾਨਾਂ ਨੂੰ ਮਾਲਾਮਾਲ ਕਰੇਗਾ ਇਹ ਨਵਾਂ ਹਾਈਵੇਅ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਸਾਨਾਂ ਨੂੰ ਸਰਕਲ ਰੇਟ ਦੇ ਹਿਸਾਬ ਨਾਲ ਸ਼ਹਿਰੀ ਖੇਤਰਾਂ ਵਿਚ ਦੁਗਣਾ ਅਤੇ ਦਿਹਾਤੀ ਖੇਤਰਾਂ ਵਿਚ ਚਾਰ ਗੁਣਾ ਵੱਧ ਮੁਆਵਜ਼ਾ ਦਿਤਾ ਜਾਵੇਗਾ।

Delhi-Meerut Expressway

ਗਾਜਿਆਬਾਦ : ਅਕਸ਼ਰਧਾਮ ਤੋਂ ਖੇਕੜਾ ਤੱਕ ਬਣਨ ਵਾਲੇ ਨਵੇਂ ਹਾਈਵੇਅ ਨਾਲ ਹਜ਼ਾਰਾਂ ਕਿਸਾਨ ਮਾਲਾਮਾਲ ਹੋਣਗੇ। ਰਾਸ਼ਟਰੀ ਹਾਈਵੇਅ ਅਥਾਰਿਟੀ ਆਫ਼ ਇੰਡੀਆ ਇਸ ਪ੍ਰੋਜੈਕਟ ਲਈ 12 ਪਿੰਡਾਂ ਦੇ ਕਿਸਾਨਾਂ ਦੀ ਜ਼ਮੀਨ ਹਾਸਲ ਕਰੇਗਾ। ਕਿਸਾਨਾਂ ਨੂੰ ਨਵੇਂ ਜ਼ਮੀਨ ਪ੍ਰਾਪਤੀ ਕਾਨੂੰਨ ਦੇ ਹਿਸਾਬ ਨਾਲ ਮੁਆਵਜ਼ਾ ਦਿਤਾ ਜਾਵੇਗਾ। ਹਾਈਵੇਅ ਦੀ ਉਸਾਰੀ ਦਾ ਕੰਮ ਮਾਰਚ ਮਹੀਨੇ ਵਿਚ ਸ਼ੁਰੂ ਕੀਤੇ ਜਾਣ ਦੀ ਤਿਆਰੀ ਹੈ। ਭਾਰਤ ਮਾਲਾ ਪ੍ਰੋਜੈਕਟ ਅਧੀਨ ਦਿੱਲੀ ਦੇ ਅਕਸ਼ਰਧਾਮ ਮੰਦਰ ਨੇੜੇ ਦਿੱਲੀ ਮੇਰਠ ਐਕਸਪ੍ਰੈਸ ਰਾਹ ਤੋ ਖੇਕੜਾ ਤੱਕ ਇਹ ਹਾਈਵੇਅ ਬਣਾਇਆ ਜਾਵੇਗਾ।

ਹਾਈਵੇਅ ਨੂੰ ਖੇਕੜਾ ਵਿਚ ਪੂਰਬੀ ਪੈਰੀਫਿਰਲ ਐਕਸਪ੍ਰੈੱਸ ਵੇਅ ਅਤੇ ਦਿੱਲੀ ਸਹਾਰਨਪੁਰ ਹਾਈਵੇਅ ਨਾਲ ਜੋੜਿਆ ਜਾਵੇਗਾ। ਹਾਈਵੇਅ ਬਣਾਉਣ ਦਾ ਕੰਮ ਤੇਜ਼ੀ ਨਾਲ ਕੀਤਾ ਜਾਵੇਗਾ। ਐਨਐਚਆਈ ਨੂੰ ਹਾਈਵੇਅ ਉਸਾਰੀ ਦੇ ਲਈ ਲੋਨੀ ਖੇਤਰ ਦੇ 12 ਪਿੰਡਾਂ ਦੇ ਕਿਸਾਨਾਂ ਦੀ ਜ਼ਮੀਨ ਨੂੰ ਹਾਸਲ ਕਰਨਾ ਹੈ। ਇਸ ਦੇ ਲਈ ਸਾਰੇ ਪਿੰਡਾਂ ਦੀ ਸੂਚੀ ਤਿਆਰ ਕਰ ਲਈ ਗਈ ਹੈ। ਕਿਸਾਨਾਂ ਨੂੰ ਨੋਟਿਸ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜਿਹਨਾਂ ਪਿੰਡਾਂ ਦੇ ਕਿਸਾਨਾਂ ਦੀ ਜ਼ਮੀਨ ਹਾਸਲ ਕੀਤੀ ਜਾਣੀ ਹੈ, ਉਹਨਾਂ ਦੇ ਨਾਮ ਪ੍ਰਸ਼ਾਸਨ ਨੂੰ ਭੇਜੇ ਜਾਣਗੇ।

ਨਵੇਂ ਜ਼ਮੀਨ ਐਕਟ ਅਧੀਨ ਕਿਸਾਨਾਂ ਨੂੰ ਮੁਆਵਜ਼ਾ ਦਿਤਾ ਜਾਵੇਗਾ। ਕਿਸਾਨਾਂ ਨੂੰ ਸਰਕਲ ਰੇਟ ਦੇ ਹਿਸਾਬ ਨਾਲ ਸ਼ਹਿਰੀ ਖੇਤਰਾਂ ਵਿਚ ਦੁਗਣਾ ਅਤੇ ਦਿਹਾਤੀ ਖੇਤਰਾਂ ਵਿਚ ਚਾਰ ਗੁਣਾ ਵੱਧ ਮੁਆਵਜ਼ਾ ਦਿਤਾ ਜਾਵੇਗਾ। ਲੋਨੀ ਦਿਹਾਤ, ਹਕੀਕਤਪੁਰ, ਸੈਦੂਲਾਬਾਦ, ਪਾਵੀ ਸਦਕਪੁਰ, ਸ਼ਾਦਾਬਾਦ ਦੁਰਗਾਵਲੀ, ਅਗਰੋਲਾ, ਮਿਲਕ ਬਾਮਲਾ, ਮੰਡੌਲਾ ਅਤੇ ਨਾਨੂ ਪਿੰਡਾਂ ਦੇ ਕਿਸਾਨਾਂ ਦੀ ਜ਼ਮੀਨ ਨੂੰ ਹਾਸਲ ਕੀਤਾ ਜਾਵੇਗਾ। 32 ਕਿਲੋਮੀਟਰ ਤੋਂ ਵੱਧ ਲੰਮੀ ਸੜਕ 'ਤੇ ਇਕ ਟੋਲ ਪਲਾਜਾ ਬਣਾਇਆ ਜਾਵੇਗਾ। ਲੋਨੀ ਵਿਚ ਟੋਲ ਪਲਾਜ਼ਾ ਬਣਾਏ ਜਾਣ ਲਈ ਜ਼ਮੀਨ ਵੀ ਦੇਖ ਲਈ ਗਈ ਹੈ।

ਐਨਐਚਆਈ ਨੇ ਇਸ ਸਬੰਧੀ ਜ਼ਿਲ੍ਹਾ  ਮੈਜਿਸਟਰੇਟ ਨੂੰ ਜਾਣੂ ਕਰਵਾ ਦਿਤਾ ਹੈ। ਐਨਐਚਆਈ ਦੇ ਪ੍ਰੋਜੈਕਟ ਮੈਨੇਜਰ ਆਰਪੀ ਸਿੰਘ ਨੇ ਦੱਸਿਆ ਕਿ ਦਿੱਲੀ ਵਿਚ 14.7 ਕਿਲੋਮੀਟਰ ਲੰਮੀ ਸੜਕ ਬਣੇਗੀ। ਇਸ ਵਿਚੋਂ 6 ਕਿਲੋਮੀਟਰ ਉੱਚੀ ਸੜਕ ਹੋਵੇਗੀ। ਯੂਪੀ ਵਿਚ ਇਸ ਦੀ ਲੰਬਾਈ 17.5 ਕਿਲੋਮੀਟਰ ਹੋਵੇਗੀ। ਇਸ ਵਿਚ ਲਗਭਗ 12 ਕਿਲੋਮੀਟਰ ਦੀ ਉੱਚੀ ਸੜਕ ਬਣਾਈ ਜਾਵੇਗੀ। ਇਹ ਪ੍ਰੋਜੈਕਟ ਤਿੰਨ ਸਾਲਾਂ ਵਿਚ ਤਿਆਰ ਹੋਵੇਗਾ। ਤਿੰਨ ਹਾਈਵੇਅ ਦੇ ਆਪਸ ਵਿਚ ਜੁੜਨ ਨਾਲ ਜ਼ਿਲ੍ਹੇ ਦਾ ਵਿਕਾਸ ਤੇਜ਼ੀ ਨਾਲ ਹੋਵੇਗਾ।