ਹੁਣ ਵਿਦਿਆਰਥੀਆਂ ਨੂੰ ਨਹੀਂ ਰਹੇਗਾ 'ਹਿਸਾਬ' ਦਾ ਡਰ, ਬੋਰਡ ਵਲੋਂ ਵੱਡੀ ਤਬਦੀਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੀਬੀਐਸਈ ਬੋਰਡ ਨੇ ਹੁਣ ਦਸਵੀਂ ਜਮਾਤ ਦੇ ਵਿਦਿਆਰਥੀਆਂ ਦਾ ਤਣਾਅ ਘੱਟ ਕਰਨ ਲਈ ਮੈਥ ਨੂੰ ਦੋ ਹਿੱਸਿਆਂ ਵਿਚ ਵੰਡ ਦਿਤਾ ਹੈ। ਜਿਸ ਤੋਂ ਬਾਅਦ ਹੁਣ ਵਿਦਿਆਰਥੀ....

Students

ਨਵੀਂ ਦਿੱਲੀ :  ਸੀਬੀਐਸਈ ਬੋਰਡ ਨੇ ਹੁਣ ਦਸਵੀਂ ਜਮਾਤ ਦੇ ਵਿਦਿਆਰਥੀਆਂ ਦਾ ਤਣਾਅ ਘੱਟ ਕਰਨ ਲਈ ਮੈਥ ਨੂੰ ਦੋ ਹਿੱਸਿਆਂ ਵਿਚ ਵੰਡ ਦਿਤਾ ਹੈ। ਜਿਸ ਤੋਂ ਬਾਅਦ ਹੁਣ ਵਿਦਿਆਰਥੀ ਅਪਣੇ ਹਿਸਾਬ ਨਾਲ ਦੋਵਾਂ ਵਿਚੋਂ ਇਕ ਨੂੰ ਚੁਣ ਸਕਣਗੇ। ਸੈਕੰਡਰੀ ਸਿੱਖਿਆ ਦੇ ਕੇਂਦਰੀ ਸੀ.ਬੀ.ਐਸ.ਈ ਦਾ ਇਹ ਫ਼ੈਸਲਾ ਅਗਲੇ ਸਾਲ 2020 ਤੋਂ ਲਾਗੂ ਹੋਵੇਗਾ। ਉਸ ਵਲੋਂ ਇਹ ਫ਼ੈਸਲਾ ਵੱਖਰੀਆਂ ਜ਼ਰੂਰਤਾਂ ਵਾਲੇ ਵਿਦਿਆਰਥੀਆਂ ਲਈ ਕੀਤਾ ਗਿਆ ਹੈ।  ਦਰਅਸਲ ਮੈਥ ਦੇ ਇਨ੍ਹਾਂ ਦੋ ਹਿੱਸਿਆਂ ਵਿਚੋਂ ਇਕ ਮੁਸ਼ਕਲ ਹੋਵੇਗਾ ਤੇ ਦੂਜਾ ਆਸਾਨ।

ਇਕ ਦਾ ਨਾਂਅ ਮੈਥੇਮੈਟਿਕਸ ਸਟੈਂਡਰਡ ਤੇ ਦੂਜੇ ਦਾ ਨਾਂਅ ਮੈਥੇਮੈਟਿਕਸ ਬੇਸਿਕ ਰਖਿਆ ਗਿਆ ਹੈ। ਸੀਬੀਐਸਈ ਨੇ ਇਸ ਸਬੰਧੀ ਸਰਕੂਲਰ ਵੀ ਜਾਰੀ ਕਰ ਦਿਤਾ ਹੈ। ਇਸ ਮੁਤਾਬਕ ਜੋ ਵਿਦਿਆਰਥੀ ਹਿਸਾਬ ਨੂੰ ਔਖਾ ਮੰਨ ਕੇ ਤਣਾਅ ਮਹਿਸੂਸ ਕਰਦੇ ਹਨ, ਉਹ ਸੁਖਾਲਾ ਪਰਚਾ ਚੁਣ ਸਕਦੇ ਹਨ। ਅਜਿਹੇ ਵਿਦਿਆਰਥੀ ਜਿਨ੍ਹਾਂ ਨੂੰ ਉਚੇਰੀ ਪੜ੍ਹਾਈ ਦੌਰਾਨ ਹਿਸਾਬ ਦੀ ਲੋੜ ਨਹੀਂ, ਉਹ ਬੇਸਿਕ ਵਾਲਾ ਮੈਥ ਪੜ੍ਹ ਕੇ ਅਪਣੇ ਨੰਬਰ ਵਧਾ ਸਕਦੇ ਹਨ।

ਸਰਕੁਲਰ ਵਿਚ ਅਜਿਹਾ ਕਰਨ ਦੀ ਲੋੜ ਵਿਦਿਆਰਥੀਆਂ ਦੇ ਨਤੀਜਿਆਂ ਤੋਂ ਮਹਿਸੂਸ ਹੋਈ, ਜਿਸ ਤੋਂ ਬੋਰਡ ਨੇ ਹਿਸਾਬ ਦੇ ਪੇਪਰ ਨੂੰ ਦੋ ਵਰਗਾਂ ਵਿਚ ਵੰਡਣ ਦਾ ਫ਼ੈਸਲਾ ਲਿਆ ਹੈ। ਬੋਰਡ ਮੁਤਾਬਕ ਮਾਰਚ 2020 ਵਿੱਚ 10ਵੀਂ ਪਾਸ ਕਰਨ ਵਾਲੇ ਵਿਦਿਆਰਥੀ ਦੋਵਾਂ ਪੱਧਰਾਂ ਦੇ ਮੁਤਾਬਕ ਪਰਚੇ ਦੇ ਸਕਣਗੇ। ਕਲਾਸਰੂਮ ਵਿਚ ਅਧਿਆਪਕ ਬੱਚਿਆਂ ਨੂੰ ਉਨ੍ਹਾਂ ਵਲੋਂ ਚੁਣੇ ਹਿਸਾਬ ਦੇ ਮੁਤਾਬਕ ਹੀ ਪੜ੍ਹਾਉਣਗੇ ਤੇ ਇੰਟਰਨਲ ਅਸੈਸਮੈਂਟ ਆਦਿ ਵੀ ਪੱਧਰ ਦੇ ਹਿਸਾਬ ਨਾਲ ਹੀ ਦਿਤੀ ਜਾਵੇਗੀ। ਸੀਬੀਐਸਈ ਦੇ ਇਸ ਫ਼ੈਸਲੇ ਨੂੰ ਲੈ ਕੇ ਵਿਦਿਆਰਥੀਆਂ ਵਿਚ ਖ਼ੁਸ਼ੀ ਪਾਈ ਜਾ ਰਹੀ ਹੈ ਕਿਉਂਕਿ ਇਸ ਫ਼ੈਸਲੇ ਨਾਲ ਉਨ੍ਹਾਂ 'ਤੇ ਮੈਥ ਨੂੰ ਲੈ ਕੇ ਬਣਿਆ ਤਣਾਅ ਖ਼ਤਮ ਹੋ ਜਾਵੇਗਾ।