ਰੇਲਗੱਡੀ 'ਤੇ ਪੱਥਰਬਾਜ਼ੀ ਦੀ ਇੱਕ ਹੋਰ ਘਟਨਾ - ਵਿਸ਼ਾਖਾਪਟਨਮ 'ਚ ਵੰਦੇ ਭਾਰਤ ਐਕਸਪ੍ਰੈੱਸ 'ਤੇ ਪਥਰਾਅ

ਏਜੰਸੀ

ਖ਼ਬਰਾਂ, ਰਾਸ਼ਟਰੀ

ਖਿੜਕੀ ਦੇ ਸ਼ੀਸ਼ੇ ਟੁੱਟੇ, ਤਿੰਨ ਜਣੇ ਗ੍ਰਿਫ਼ਤਾਰ

Image

 

ਵਿਸ਼ਾਖਾਪਟਨਮ - ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿੱਚ ‘ਰੇਲਵੇ ਯਾਰਡ’ ਵਿੱਚ ਖੜ੍ਹੀ ਨਵੀਂ ਵੰਦੇ ਭਾਰਤ ਐਕਸਪ੍ਰੈਸ ਰੇਲਗੱਡੀ ਦੇ ਇੱਕ ਡੱਬੇ ’ਤੇ ਅਣਪਛਾਤੇ ਵਿਅਕਤੀਆਂ ਨੇ ਪਥਰਾਅ ਕਰ ਦਿੱਤਾ, ਜਿਸ ਨਾਲ ਉਸ ਦੀ ਖਿੜਕੀ ਦਾ ਸ਼ੀਸ਼ਾ ਟੁੱਟ ਗਿਆ। 

ਸਥਾਨਕ ਏ.ਸੀ.ਪੀ. ਐਨ. ਮੂਰਤੀ ਦੇ ਦੱਸਣ ਮੁਤਾਬਕ ਵਿਸ਼ਾਖਾਪਟਨਮ ਪੁਲਿਸ ਨੇ ਬੁੱਧਵਾਰ ਰਾਤ ਨੂੰ ਵਾਪਰੀ ਇਸ ਘਟਨਾ ਦੇ ਸਬੰਧ 'ਚ ਤਿੰਨ ਨੌਜਵਾਨਾਂ ਨੂੰ ਹਿਰਾਸਤ 'ਚ ਲਿਆ ਹੈ।

ਰੇਲਵੇ ਪ੍ਰੋਟੈਕਸ਼ਨ ਫ਼ੋਰਸ (ਆਰ.ਪੀ.ਐਫ਼) ਦੀ ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਬੁੱਧਵਾਰ ਰਾਤ ਕੰਚਰਾਪਾਲੇਮ ਦੇ ਕੋਚ ਕੰਪਲੈਕਸ ਨੇੜੇ ਖੇਡ ਰਹੇ ਕੁਝ ਨੌਜਵਾਨਾਂ ਨੇ ਕਥਿਤ ਤੌਰ 'ਤੇ ਸ਼ਰਾਰਤੀ ਢੰਗ ਨਾਲ ਰੇਲ ਦੇ ਡੱਬੇ 'ਤੇ ਪਥਰਾਅ ਕੀਤਾ, ਜਿਸ ਨਾਲ ਉਸ ਦੀ ਖਿੜਕੀ ਦਾ ਸ਼ੀਸ਼ਾ ਟੁੱਟ ਗਿਆ। 

ਵਿਸ਼ਾਖਾਪਟਨਮ ਪੁਲਿਸ ਨੇ ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ ’ਤੇ ਇਲਾਕੇ ਵਿੱਚੋਂ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਪੁਲਿਸ ਮੁਤਾਬਕ ਵੰਦੇ ਭਾਰਤ ਐਕਸਪ੍ਰੈੱਸ ਦਾ ਇੱਕ 'ਰੇਕ' ਰੱਖ-ਰਖਾਅ ਜਾਂਚ ਲਈ ਬੁੱਧਵਾਰ ਨੂੰ ਚੇਨਈ ਤੋਂ ਵਿਸ਼ਾਖਾਪਟਨਮ ਪਹੁੰਚਿਆ ਸੀ।

ਇਹ ਵੰਦੇ ਭਾਰਤ ਐਕਸਪ੍ਰੈੱਸ ਟਰੇਨ ਸਿਕੰਦਰਾਬਾਦ ਤੋਂ ਵਿਸ਼ਾਖਾਪਟਨਮ ਵਿਚਕਾਰ ਚੱਲੇਗੀ। ਇਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 15 ਜਨਵਰੀ ਨੂੰ ਵੀਡੀਓ ਕਾਨਫ਼ਰੰਸਿੰਗ ਰਾਹੀਂ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ।

ਅਧਿਕਾਰੀਆਂ ਨੇ ਦੱਸਿਆ ਕਿ ਵਿਸ਼ਾਖਾਪਟਨਮ ਵਿੱਚ ਰੇਕ ਨੂੰ ਕੰਚਾਰਪਾਲੇਮ ਸਥਿਤ ਨਵੇਂ ਕੰਪਲੈਕਸ ਵਿੱਚ ਲਿਜਾਇਆ ਗਿਆ ਸੀ, ਜਿੱਥੇ ਇਹ ਘਟਨਾ ਵਾਪਰੀ, ।

ਪੁਲਿਸ ਮੁਤਾਬਕ ਪੱਥਰਬਾਜ਼ੀ 'ਚ ਰੇਲਗੱਡੀ ਦੀ ਇੱਕ ਖਿੜਕੀ ਦਾ ਸ਼ੀਸ਼ਾ ਪੂਰੀ ਤਰ੍ਹਾਂ ਟੁੱਟ ਗਿਆ, ਜਦਕਿ ਦੂਜੇ 'ਚ ਤਰੇੜਾਂ ਆ ਗਈਆਂ।

ਇਸ ਘਟਨਾ ਦੀ ਜਾਂਚ ਵਿੱਚ ਵਿਸ਼ਾਖਾਪਟਨਮ ਪੁਲਿਸ ਵੀ ਹੁਣ ਆਰ.ਪੀ.ਐਫ਼. ਨਾਲ ਸ਼ਾਮਲ ਹੋ ਗਈ ਹੈ।

ਪੁਲਿਸ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਇਲਾਕੇ 'ਚ ਸੁਰੱਖਿਆ ਵਧਾ ਦਿੱਤੀ ਗਈ ਹੈ।