ਇਤਰਾਜ਼ਯੋਗ ਹਰਕਤਾਂ ਕਰਦੇ ਜੋੜਿਆਂ ਦਾ ਵੀਡੀਓ ਬਣਾ ਕੇ ਕਰਾਂਗੇ ਪੁਲਿਸ ਹਵਾਲੇ : ਬਜਰੰਗ ਦਲ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬਜਰੰਗ ਦਲ ਦਾ ਕਹਿਣਾ ਹੈ ਕਿ ਉਹ ਇਤਰਾਜ਼ਯੋਗ ਹਰਕਤਾਂ ਕਰਨ ਵਾਲਿਆਂ ਦਾ ਵੀਡੀਓ ਬਣਾ ਕੇ ਪੁਲਿਸ ਦੇ ਹਵਾਲੇ ਕਰਨਗੇ ਤਾਂ ਕਿ ਅਜਿਹੀਆਂ ਹਰਕਤਾਂ ਦੇ ਲਗਾਮ ਲਗ ਸਕੇ।

Valentine's Day

ਦੇਹਰਾਦੂਨ : ਵੈਲੇਨਟਾਈਨ ਦਿਵਸ ਨੂੰ ਕੁਝ ਹੀ ਦਿਨ ਬਾਕੀ ਹਨ।  ਬਜਰੰਗ ਦਲ ਪ੍ਰੇਮੀ ਜੋੜਿਆਂ ਨਾਲ ਕੁੱਟਮਾਰ ਕਰਨ ਦੀਆਂ ਖ਼ਬਰਾਂ ਕਾਰਨ ਅਕਸਰ ਹੀ ਸੁਰਖੀਆਂ ਵਿਚ ਰਹਿੰਦਾ ਹੈ । ਇਕ ਵਾਰ ਫਿਰ ਤੋ ਵੈਲੇਨਟਾਈਨ ਦਿਵਸ ਮਨਾਉਣ ਵਾਲਿਆਂ ਨੂੰ ਬਜਰੰਗ ਦਲ ਨੇ ਚਿਤਾਵਨੀ ਦਿਤੀ ਹੈ ਕਿ ਉਸ ਦੇ ਵਰਕਰ ਇਸ ਦਿਨ ਇਤਰਾਜ਼ਯੋਗ ਹਰਕਤਾਂ ਕਰਨ ਵਾਲੇ ਜੋੜਿਆਂ ਦਾ ਵੀਡੀਓ ਬਣਾਉਣਗੇ।

ਬਜਰੰਗ ਦਲ ਦਾ ਕਹਿਣਾ ਹੈ ਕਿ ਉਹ ਅਜਿਹੇ ਇਤਰਾਜ਼ਯੋਗ ਹਰਕਤਾਂ ਕਰਨ ਵਾਲਿਆਂ ਦਾ ਵੀਡੀਓ ਬਣਾ ਕੇ ਪੁਲਿਸ ਦੇ ਹਵਾਲੇ ਕਰਨਗੇ ਤਾਂ ਕਿ ਅਜਿਹੀਆਂ ਹਰਕਤਾਂ ਦੇ ਲਗਾਮ ਲਗ ਸਕੇ। ਬਜਰੰਗ ਦਲ ਦੇ 250 ਵਰਕਰ ਸ਼ਹਿਰ ਵਿਚ ਵੈਲੇਨਟਾਈਨ ਦਿਵਸ ਦੇ ਮੌਕੇ 'ਤੇ ਤੈਨਾਤ ਰਹਿਣਗੇ ਅਤੇ ਉਹ ਵੈਲੇਨਟਾਈਨ ਦਿਵਸ ਮਨਾਉਣ ਵਾਲੇ ਨੌਜਵਾਨਾਂ 'ਤੇ ਨਜ਼ਰ ਰੱਖਣਗੇ।

ਹਾਲਾਂਕਿ ਬੰਜਰਗ ਦਲ ਦਾ ਕਹਿਣਾ ਹੈ ਕਿ ਉਹ ਅਸ਼ਲੀਲ ਹਰਕਤਾਂ ਕਰਨ ਵਾਲਿਆਂ ਨਾਲ ਕੁਝ ਨਹੀਂ ਕਰਨਗੇ, ਸਗੋਂ ਉਹਨਾਂ ਦੀਆਂ ਹਰਕਤਾਂ ਦਾ ਵੀਡੀਓ ਬਣਾ ਕੇ ਪੁਲਿਸ ਨੂੰ ਸੌਂਪ ਦੇਣਗੇ। ਦੂਜੇ ਪਾਸੇ ਪੁਲਿਸ ਨੇ ਵੀ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਹਨ। ਪੁਲਿਸ ਦਾ ਕਹਿਣਾ ਹੈ ਕਿ ਅਸੀਂ ਵੈਲੇਨਟਾਈਨ ਦਿਵਸ ਲਈ ਟੀਮ ਬਣਾਈ ਹੈ ਜੋ ਪੂਰੀ ਚੌਕਸੀ ਦੇ ਨਾਲ ਨਿਗਰਾਨੀ ਕਰੇਗੀ।

ਕਿਸੇ ਵੀ ਦਲ ਜਾਂ ਸੰਗਠਨ ਨੂੰ ਕਿਸੇ ਪ੍ਰੇਮੀ ਜੋੜੇ ਨੂੰ ਪਰੇਸ਼ਾਨ ਕਰਨ ਦਾ ਅਧਿਕਾਰ ਨਹੀਂ ਹੈ। ਪੁਲਿਸ ਨੇ ਕਿਹਾ ਕਿ ਅਸੀਂ ਕਾਨੂੰਨ ਵਿਵਸਥਾ ਨਾਲ ਸਮਝੌਤਾ ਨਹੀਂ ਕਰਾਂਗੇ ਅਤੇ ਨਾ ਹੀ ਕਿਸੇ ਨੂੰ ਕਾਨੂੰਨ ਅਪਣੇ ਹੱਥਾਂ ਵਿਚ ਲੈਣ ਦੇਵਾਂਗੇ। ਇਹ ਪਹਿਲਾ ਮੌਕਾ ਨਹੀਂ ਹੈ ਕਿ ਜਦ ਵੈਲੇਨਟਾਈਨ ਦਿਵਸ ਤੋਂ

ਪਹਿਲਾਂ ਅਜਿਹੇ ਬਿਆਨ ਦੇਖਣ ਅਤੇ ਸੁਣਨ ਨੂੰ ਮਿਲ ਰਹੇ ਹਨ। ਇਸ ਤੋਂ ਪਹਿਲਾਂ ਵੀ ਕਈ  ਸਾਲ ਵੈਲੇਨਟਾਈਨ ਦਿਵਸ ਮੌਕੇ ਵਿਵਾਦ ਹੁੰਦਾ ਹੀ ਹੈ। ਕੁਝ ਧਾਰਮਿਕ ਸੰਗਠਨ ਵੈਲੇਨਟਾਈਨ ਦਿਵਸ ਨੂੰ ਭਾਰਤੀ ਸੱਭਿਆਚਾਰ ਦੇ ਵਿਰੁਧ ਮੰਨਦੇ ਹਨ ਅਤੇ ਉਹ ਇਸ ਨੂੰ ਮਨਾਉਣ ਤੋਂ ਰੋਕਣ ਲਈ ਹਿੰਸਾ ਤੱਕ ਉਤਰ ਆਉਂਦੇ ਹਨ।