ਅਜ਼ੂਬੇ 'ਤੇ ਸਿਆਸਤ, ਬਜਰੰਗ ਦਲ ਨੇ ਕੀਤੀ ਤਾਜ ਮਹਿਲ 'ਚ ਆਰਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੇਸ਼ ਵਿਚ ਜਿੱਥੇ ਕਈ ਸ਼ਹਿਰਾਂ ਦੇ ਨਾਮ ਬਦਲਣ ਦੀ ਸਿਆਸਤ ਚੱਲ ਰਹੀ ਹੈ, ਉਥੇ ਹੀ ਹੁਣ ਦੁਨੀਆਂ ਦੇ 7 ਅਜ਼ੂਬਿਆਂ 'ਚ ਸ਼ਾਮਲ ਤਾਜ ਮਹਿਲ ਨੂੰ ਲੈ ਕੇ ਵੀ ਸਿਆਸਤ ਜ਼ੋਰਾਂ 'ਤੇ ...

Taj Mahal

ਆਗਰਾ (ਸਸਸ) :- ਦੇਸ਼ ਵਿਚ ਜਿੱਥੇ ਕਈ ਸ਼ਹਿਰਾਂ ਦੇ ਨਾਮ ਬਦਲਣ ਦੀ ਸਿਆਸਤ ਚੱਲ ਰਹੀ ਹੈ, ਉਥੇ ਹੀ ਹੁਣ ਦੁਨੀਆਂ ਦੇ 7 ਅਜ਼ੂਬਿਆਂ 'ਚ ਸ਼ਾਮਲ ਤਾਜ ਮਹਿਲ ਨੂੰ ਲੈ ਕੇ ਵੀ ਸਿਆਸਤ ਜ਼ੋਰਾਂ 'ਤੇ ਹੈ। ਦਰਅਸਲ ਮੁਸਲਿਮ ਭਾਈਚਾਰੇ ਨੂੰ ਸ਼ੁਕਰਵਾਰ ਵਾਲੇ ਦਿਨ ਤਾਜ ਮਹਿਲ ਵਿਚ ਨਮਾਜ਼ ਅਦਾ ਕਰਨ ਦੀ ਇਜਾਜ਼ਤ ਹੈ ਪਰ ਹਿੰਦੂ ਸੰਗਠਨਾਂ ਵਲੋਂ ਤਾਜ ਮਹਿਲ ਨੂੰ ਸ਼ਿਵ ਦਾ ਮੰਦਰ ਦੱਸਣ ਵਾਲੀਆਂ ਖ਼ਬਰਾਂ ਦੇ ਚਲਦਿਆਂ ਬੀਤੇ ਦਿਨ ਮੁਸਲਿਮ ਸਮਾਜ ਦੇ ਆਗੂਆਂ ਨੇ ਇੱਥੇ ਪੰਜ ਵਕਤ ਨਮਾਜ਼ ਪੜ੍ਹਨ ਦਾ ਐਲਾਨ ਕਰ ਦਿਤਾ ਪਰ ਇਸ ਦੇ ਵਿਰੋਧ ਵਿਚ ਬਜਰੰਗ ਦਲ ਦੀਆਂ ਔਰਤਾਂ ਨੇ ਉਥੇ ਭਗਵਾਨ ਸ਼ਿਵ ਨੂੰ ਜਲ ਚੜ੍ਹਾਅ ਕੇ ਆਰਤੀ ਕੀਤੀ।

ਹਿੰਦੂਵਾਦੀ ਸੰਗਠਨ ਰਾਸ਼ਟਰੀ ਬਜਰੰਗ ਦੀ ਮਹਿਲਾ ਵਿੰਗ ਦੀ ਪ੍ਰਧਾਨ ਮੀਨਾ ਦਿਵਾਕਰ ਦਾ ਕਹਿਣੈ ਕਿ ਜਦੋਂ ਵੀ ਤਾਜ ਮਹਿਲ ਵਿਚ ਨਮਾਜ਼ ਪੜ੍ਹੀ ਜਾਵੇਗੀ ਉਦੋਂ ਹੀ ਉਨ੍ਹਾਂ ਵਲੋਂ ਉਥੇ ਜਾ ਕੇ ਭਗਵਾਨ ਸ਼ਿਵ ਦੀ ਪੂਜਾ ਕੀਤੀ ਜਾਵੇਗੀ ਅਤੇ ਨਮਾਜ਼ ਅਦਾ ਕਰਨ ਵਾਲੀ ਜਗ੍ਹਾ ਨੂੰ ਗੰਗਾ ਜਲ ਨਾਲ ਧੋ ਕੇ ਤਾਜ ਮਹਿਲ ਨੂੰ ਸ਼ੁੱਧ ਕੀਤਾ ਜਾਵੇਗਾ। ਉਧਰ ਮੁਸਲਿਮ ਆਗੂ ਜਮੀਲੂਦੀਨ ਦਾ ਕਹਿਣੈ ਕਿ ਜਦੋਂ ਤਾਜ ਵਿਚ ਪਿਛਲੇ 450 ਸਾਲਾਂ ਤੋਂ ਪੰਜ ਵਕਤ ਦੀ ਨਮਾਜ਼ ਹੁੰਦੀ ਆ ਰਹੀ ਹੈ ਤਾਂ ਫਿਰ ਏਐਸਆਈ ਨੇ ਇਸ ਤਰ੍ਹਾਂ ਦੀਆਂ ਪਾਬੰਦੀਆਂ ਕਿਉਂ ਲਗਾਈਆਂ ਹਨ।

ਦਸ ਦਈਏ ਕਿ ਭਾਰਤੀ ਪੁਰਾਤਤਵ ਸਰਵੇਖਣ (ਏਐਸਆਈ) ਨੇ ਕੁਝ ਦਿਨ ਪਹਿਲਾਂ ਤਾਜ ਮਹਿਲ ਵਿਚ ਰੋਜ਼ਾਨਾ ਨਮਾਜ਼ ਅਦਾ ਕਰਨ 'ਤੇ ਪਾਬੰਦੀ ਲਗਾ ਦਿਤੀ ਸੀ। ਜਿਸ ਤੋਂ ਬਾਅਦ ਹੀ ਇਸ ਵਿਰੋਧ ਦੀ ਸ਼ੁਰੂਆਤ ਹੋਈ ਹੈ। ਜਿੱਥੇ ਮੁਸਲਿਮ ਸਮਾਜ 450 ਸਾਲ ਪੁਰਾਣੀ ਪਰੰਪਰਾ ਨੂੰ ਬਰਕਰਾਰ ਰੱਖਣ 'ਤੇ ਅੜਿਆ ਹੋਇਆ ਹੈ। ਉਥੇ ਹੀ ਬਜਰੰਗ ਦਲ ਵਾਲੇ ਨਮਾਜ਼ ਪੜ੍ਹਨ ਵਾਲਿਆਂ ਦੀ ਗ੍ਰਿਫ਼ਤਾਰੀ ਮੰਗਦੇ ਹੋਏ ਆਖ ਰਹੇ ਹਨ ਕਿ ਜੇਕਰ ਗ੍ਰਿਫ਼ਤਾਰੀ ਨਾ ਹੋਈ ਤਾਂ ਬਜਰੰਗ ਦਲ ਦੇ ਵਰਕਰ ਤਾਜ ਮਹਿਲ 'ਚ ਆਰਤੀ ਕਰਨਗੇ।

ਇਸ ਤੋਂ ਕੁੱਝ ਮਹੀਨੇ ਪਹਿਲਾਂ ਬਜਰੰਗ ਦਲ ਦੇ ਵਰਕਰਾਂ ਨੇ ਤਾਜ ਮਹਿਲ ਦੀ ਇਕ ਉਸਾਰੀ ਨੂੰ ਹਥੌੜਿਆਂ ਨਾਲ ਤੋੜ ਦਿਤਾ ਸੀ। ਉਸ ਸਮੇਂ ਵੀ ਇਸ ਨੂੰ ਲੈ ਕੇ ਕਾਫ਼ੀ ਵਿਵਾਦ ਹੋਇਆ ਸੀ। ਫਿਲਹਾਲ ਇਸ ਮਾਮਲੇ ਨੂੰ ਲੈ ਕੇ ਜਿੱਥੇ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ, ਉਥੇ ਹੀ ਲੜਾਈ ਝਗੜੇ ਨੂੰ ਲੈ ਕੇ ਦਹਿਸ਼ਤ ਦਾ ਮਾਹੌਲ ਵੀ ਬਣਿਆ ਹੋਇਆ ਹੈ ਪਰ ਹੁਣ ਦੇਖਣਾ ਹੋਵੇਗਾ ਕਿ ਸਰਕਾਰ ਇਸ ਮਾਮਲੇ ਵਿਚ ਪੁਰਾਣੀ ਪਰੰਪਰਾ ਨੂੰ ਕਾਇਮ ਰੱਖਦੀ ਹੈ ਜਾਂ ਫਿਰ ਵੋਟ ਬੈਂਕ ਦੀ ਰਾਜਨੀਤੀ ਖੇਡਦੀ ਹੈ?