ਮੰਦਰ ਤੋਂ ਪਰਤ ਰਹੇ ਆਪ ਵਿਧਾਇਕ ਨਾਲ ਵਾਪਰਿਆ ਭਿਆਨਕ ਹਾਦਸਾ, ਇਕ ਵਰਕਰ ਦੀ ਮੌਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਆਪ ਵਿਧਾਇਕ ਚੋਣ ਨਤੀਜਿਆਂ ਦੇ ਐਲਾਨ ਤੋਂ ਬਾਅਦ ਮੰਦਰ ਤੋਂ ਅਪਣੇ ਘਰ ਪਰਤ ਰਹੇ ਸਨ।

Photo

ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੀ ਮਹਿਰੌਲੀ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਨਵੇਂ ਚੁਣੇ ਗਏ ਵਿਧਾਇਕ ਨਰੇਸ਼ ਯਾਦਵ ‘ਤੇ ਮੰਗਲਵਾਰ ਨੂੰ ਦੇਰ ਰਾਤ ਅਣਪਛਾਤੇ ਲੋਕਾਂ ਵੱਲੋਂ ਗੋਲੀਬਾਰੀ ਕੀਤੀ ਗਈ। ਇਸ ਘਟਨਾ ਵਿਚ ਇਕ ਹੋਰ ਵਰਕਰ ਜ਼ਖਮੀ ਹੋ ਗਿਆ, ਜਿਸ ਨੂੰ ਨਜ਼ਦੀਕੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।

ਦਿੱਲੀ ਦੇ ਕਿਸ਼ਨਗੜ੍ਹ ਵਿਚ ਵਿਧਾਇਕ ਅਤੇ ਉਹਨਾਂ ਦੇ ਵਰਕਤਾਂ ‘ਤੇ ਇਹ ਗੋਲੀਬਾਰੀ ਹੋਈ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਵਿਧਾਇਕ ਚੋਣ ਨਤੀਜਿਆਂ ਦੇ ਐਲਾਨ ਤੋਂ ਬਾਅਦ ਮੰਦਰ ਤੋਂ ਅਪਣੇ ਘਰ ਪਰਤ ਰਹੇ ਸਨ। ਇਸ ਖ਼ਬਰ ਦੀ ਪੁਸ਼ਟੀ ਆਮ ਆਦਮੀ ਪਾਰਟੀ ਨੇ ਅਪਣੇ ਟਵਿਟਰ ਅਕਾਊਂਟ ‘ਤੇ ਕੀਤੀ ਹੈ।

ਪਾਰਟੀ ਵੱਲੋਂ ਟਵਿਟਰ ‘ਤੇ ਲਿਖਿਆ ਗਿਆ ਹੈ, ‘ਮੰਦਰ ਤੋਂ ਵਾਪਸ ਪਰਤਦੇ ਸਮੇਂ ਆਮ ਵਿਧਾਇਕ ਨਰੇਸ਼ ਯਾਦਵ ਅਤੇ ਉਹਨਾਂ ਦੇ ਸਾਥੀਆਂ ‘ਤੇ ਗੋਲੀਬਾਰੀ ਕੀਤੀ ਗਈ। ਗੋਲੀ ਲੱਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਇਕ ਜ਼ਖਮੀ ਹੋ ਗਿਆ ਹੈ’।

ਪਾਰਟੀ ਆਗੂ ਜੇ ਸਿੰਘ ਨੇ ਵੀ ਟਵਿਟਰ ‘ਤੇ ਲਿਖਿਆ,  ‘ਮਹਿਰੌਲੀ ਵਿਧਾਇਕ ਨਰੇਸ਼ ਯਾਦਵ ਦੇ ਕਾਫ਼ਲੇ ‘ਤੇ ਹਮਲਾ ਅਸ਼ੋਕ ਮਾਨ ਦੀ ਸ਼ਰੇਆਮ ਹੱਤਿਆ। ਇਹ ਹੈ ਦਿੱਲੀ ਵਿਚ ਕਾਨੂੰਨ ਦਾ ਰਾਜ, ਮੰਦਰ ਤੋਂ ਦਰਸ਼ਨ ਕਰਕੇ ਪਰਤ ਰਹੇ ਸੀ ਨਰੇਸ਼ ਯਾਦਵ’।

ਵਿਧਾਇਕ ਨਰੇਸ਼ ਯਾਦਵ ਨੇ ਰਾਜਧਾਨੀ ਵਿਚ 8 ਫਰਵਰੀ ਨੂੰ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਦੱਖਣੀ ਦਿੱਲੀ ਦੀ ਮਹਿਰੌਲੀ ਵਿਧਾਨ ਸਭਾ ਸੀਟ ‘ਤੇ ਭਾਜਪਾ ਦੀ ਕੁਸਮ ਖੱਤਰੀ ਨੂੰ 18161 ਵੋਟਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ।

ਪੁਲਿਸ ਨੇ ਇਕ ਆਰੋਪੀ ਕਾਲੁ ਨੂੰ ਹਿਰਾਸਤ ਵਿਚ ਲੈ ਲਿਆ ਹੈ | ਪੁਲਿਸ ਮੁਤਾਬਿਕ ਆਰੋਪੀਆਂ ਦਾ ਕਹਿਣਾ ਹੈ ਕਿ ਉਹ ਆਪ ਵਿਧਾਇਕ ਤੇ ਹਮਲਾ ਕਰਨ ਨਹੀਂ ਆਏ ਸੀ ਸਗੋਂ ਅਸ਼ੋਕ ਮਾਨ ਤੇ ਉਸਦੇ ਭਤੀਜੇ ਹਰਿੰਦਰ ਨੂੰ ਮਾਰਨ ਆਏ ਸਨ | 

ਨਰੇਸ਼ ਯਾਦਵ ਨੂੰ ਇਸ ਸਾਲ 62417 ਵੋਟਾਂ ਹਾਸਲ ਹੋਈਆਂ ਹਨ। ਉਹਨਾਂ ਤੋਂ ਬਾਅਦ 44256 ਵੋਟਾਂ ਨਾਲ ਭਾਜਪਾ ਉਮੀਦਵਾਰ ਕੁਸੁਮ ਖੱਤਰੀ ਦੂਜੇ ਨੰਬਰ ‘ਤੇ ਹੈ। ਇਹਨਾਂ ਦੇ ਮੁਕਾਬਲੇ ਕਾਂਗਰਸ ਉਮੀਦਵਾਰ ਨੂੰ ਸਿਰਫ 6952 ਵੋਟਾਂ ਹੀ ਮਿਲੀਆਂ ਹਨ। ਦੱਸ ਦਈਏ ਕਿ ਨਰੇਸ਼ ਯਾਦਵ ਨੇ 2015 ਦੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਜਿੱਤ ਪ੍ਰਾਪਤ ਕੀਤੀ ਸੀ।