ਮਹਿਲਾ ਕ੍ਰਿਕਟ ਟ੍ਰਾਈ ਸੀਰੀਜ਼ : ਆਸਟਰੇਲੀਆ ਨੇ ਫ਼ਾਈਨਲ 'ਚ ਭਾਰਤ ਨੂੰ ਹਰਾ ਕੇ ਜਿੱਤੀ ਲੜੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਿਮ੍ਰਤੀ ਮੰਧਾਨਾ ਦਾ ਅਰਧ ਸੈਂਕੜਾ ਵੀ ਦਿਵਾ ਨਾ ਸਕਿਆ ਜਿੱਤ

file photo

ਨਵੀਂ ਦਿੱਲੀ : ਭਾਰਤੀ ਮਹਿਲਾ ਟੀਮ ਦੀ ਸਟਾਰ ਸਿਮ੍ਰਤੀ ਮੰਧਾਨਾ ਦਾ ਅਰਧ ਸੈਂਕੜਾ ਬੇਕਾਰ ਗਿਆ ਅਤੇ ਭਾਰਤ ਨੂੰ ਟ੍ਰਾਈ ਸੀਰੀਜ਼ ਦੇ ਫਾਈਨਲ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਆਸਟਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੂੰ 155 ਦੌੜਾਂ ਦਾ ਟੀਚਾ ਦਿਤਾ। ਟੀਮ ਇੰਡੀਆ ਇਸ ਟੀਚੇ ਦੇ ਜਵਾਬ 'ਚ 20 ਓਵਰ 'ਚ 9 ਵਿਕਟਾਂ ਗੁਆ ਕੇ ਸਿਰਫ 144 ਦੌੜਾਂ ਹੀ ਬਣਾ ਸਕੀ ਅਤੇ ਮੁਕਾਬਲਾ 11 ਦੌੜਾਂ ਦੇ ਫਰਕ ਨਾਲ ਹਾਰ ਗਈ।

ਆਸਟਰੇਲਿਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ ਅਤੇ 20 ਓਵਰ 'ਚ 6 ਵਿਕਟਾਂ ਗੁਆ ਕੇ 155 ਦੌੜਾਂ ਬਣਾਈਆਂ। ਭਾਰਤ ਦੀ ਦੀਪਤੀ ਸ਼ਰਮਾ ਨੇ ਪਹਿਲੇ ਹੀ ਓਵਰ 'ਚ ਓਪਨਰ ਐਲਿਸਾ ਹੀਲੀ ਨੂੰ ਆਊਟ ਕਰਕੇ ਭਾਰਤ ਨੂੰ ਵੱਡੀ ਸਫਲਤਾ ਦਿਵਾਈ। ਹਾਲਾਂਕਿ ਇਸ ਤੋਂ ਬਾਅਦ ਬੇਥ ਮੂਨੀ ਅਤੇ ਐਸ਼ਲੇ ਗਾਰਡਨਰ ਨੇ ਅਰਧ ਸੈਂਕੜੇ ਵਾਲੀ ਸਾਂਝੇਦਾਰੀ ਕੀਤੀ।

ਇਸ ਸਾਂਝੇਦਾਰੀ ਨੂੰ ਅਰੁੰਧਤੀ ਰੇਡੀ ਨੇ ਗਾਰਡਨਰ ਨੂੰ ਆਊਟ ਕਰਕੇ ਤੋੜੀਆਂ ਜੋ 26 ਦੌੜਾਂ ਬਣਾ ਕੇ ਉਨ੍ਹਾਂ ਦੀ ਗੇਂਦ 'ਤੇ ਗਾਇਕਵਾੜ ਨੂੰ ਕੈਚ ਦੇ ਬੈਠੀ ਸੀ। ਇਸ ਤੋਂ ਬਾਅਦ ਕਪਤਾਨ ਮੇਦ ਲੇਨਿੰਗ ਅਤੇ ਬੇਥ ਮੂਨੀ ਨੇ ਤੀਜੀ ਵਿਕਟ ਲਈ 50 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਤੋਂ ਬਾਅਦ ਬੇਥ ਮੂਨੀ ਇਕ ਪਾਸੇ ਤੋਂ ਲੱਗੀ ਰਹੀ ਅਤੇ ਉਸ ਨੇ ਅਜੇਤੂ 71 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।

ਇਸ ਤੋਂ ਇਲਾਵਾ ਕੋਈ ਹੋਰ ਬੱਲੇਬਾਜ਼ ਉਨ੍ਹਾਂ ਦਾ ਸਾਥ ਨਹੀਂ ਦੇ ਸਕਿਆ। ਐਲਿਸ ਪੇਰੀ (1), ਐਨਾਬੇਲ ਸਦਰਲੈਂਡ (7) ਅਤੇ ਰੇਚਲ ਹਾਇਨੇਸ (18) ਦੌੜਾਂ ਬਣਾ ਕੇ ਆਊਟ ਹੋ ਗਈ। ਭਾਰਤੀ ਮਹਿਲਾ ਟੀਮ ਵਲੋਂ ਦੀਪਤੀ ਸ਼ਰਮਾ ਅਤੇ ਗਾਇਕਵਾੜ ਨੇ 2-2 ਵਿਕਟਾਂ ਹਾਸਲ ਕੀਤੀਆਂ।

156 ਦੌੜਾਂ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਲਈ ਇਕ ਸਿਰਫ ਸਿਮਰਤੀ ਮੰਧਾਨਾ ਨੇ ਵੱਡੀ ਪਾਰੀ ਖੇਡੀ। ਉਨ੍ਹਾਂ ਨੇ 37 ਗੇਂਦਾਂ 'ਤੇ 66 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਮੰਧਾਨਾ ਨੇ 12 ਚੌਕੇ ਲਾਉਂਦੇ ਹੋਏ ਅਰਧ ਸੈਂਕੜੇ ਵਾਲੀ ਪਾਰੀ ਖੇਡੀ ਅਤੇ ਭਾਰਤ ਦੇ ਸਕੋਰ ਨੂੰ 115 ਦੌਡਾਂ ਤਕ ਪਹੁੰਚਾਇਆ। ਇਸ ਸਕੋਰ 'ਤੇ ਉਸ ਦੀ ਵਿਕਟ ਡਿੱਗੀ ਅਤੇ ਫਿਰ ਇਸ ਤੋਂ ਬਾਅਦ ਪੂਰੀ ਟੀਮ ਇਕਦਮ ਹੀ ਢਹਿ ਢੇਰੀ ਹੋ ਗਈ।

ਕਪਤਾਨ ਹਰਮਨਪ੍ਰੀਤ ਕੌਰ ਸਿਰਫ਼ 14 ਦੌਡਾਂ ਹੀ ਬਣਾ ਸਕੀ। ਆਸਟਰੇਲੀਆ ਦੀ ਜੇਸ ਜੋਨੇਸੇਨ ਨੇ ਕਲੁ 5 ਵਿਕਟਾਂ ਹਾਸਲ ਕੀਤੀਆਂ। 4 ਓਵਰਾਂ 'ਚ ਸਿਰਫ਼ 12 ਦੌੜਾਂ ਖਰਚ ਕਰਦੇ ਹੋਏ ਉਨ੍ਹਾਂ ਨੇ 5 ਭਾਰਤੀ ਬੱਲੇਬਾਜ਼ਾਂ ਨੂੰ ਆਊਟ ਕੀਤਾ। ਜੋਨੇਸੇਨ ਦੀ ਸ਼ਾਨਦਾਰ ਗੇਂਦਬਾਜ਼ ਲਈ ਉਨ੍ਹਾਂ ਨੂੰ ਪਲੇਅਰ ਆਫ਼ ਦਿ ਮੈਚ ਚੁਣਿਆ ਗਿਆ।