ਕਿਸਾਨਾਂ ਆਗੂਆਂ ਨੇ ਵੋਟਰਾਂ ਨੂੰ ਭਾਜਪਾ ਖਿਲਾਫ਼ ਲਾਮਬੰਦ ਕਰਨ ਲਈ ਪੱਛਮੀ ਬੰਗਾਲ ਵਿਚ ਖੋਲ੍ਹਿਆ ਮੋਰਚਾ
ਗੁਜਰਾਤੀਆਂ ਦਾ ਦੇਸ਼ ਦੀ ਆਜ਼ਾਦੀ ਵਿਚ ਹਿੱਸਾ ਆਟੇ ਵਿਚ ਲੂਣ ਬਰਾਬਰ ਹੈ : ਰਾਜੇਵਾਲ
ਕੋਲਕਾਤਾ : ਦਿੱਲੀ ਬਾਰਡਰਾਂ 'ਤੇ ਸਰਕਾਰ ਨਾਲ 3 ਮਹੀਨਿਆਂ ਤੋਂ ਵੱਧ ਸਮੇਂ ਤਕ ਆਢਾ ਲਾਉਣ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਹੁਣ ਦਿੱਲੀ ਮੋਰਚੇ ਦੇ ਨਾਲ-ਨਾਲ ਚੋਣਾਂ ਵਾਲੇ ਪੰਜ ਸੂਬਿਆਂ ਵਿਚ ਵੀ ਸਰਕਾਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਇਸੇ ਤਹਿਤ ਅੱਜ ਕਿਸਾਨ ਆਗੂਆਂ ਨੇ ਪੱਛਮੀ ਬੰਗਾਲ ਪਹੁੰਚ ਕੇ ਸਰਕਾਰ ਖਿਲਾਫ ਲਾਮਬੰਦੀ ਸ਼ੁਰੂ ਕਰ ਦਿੱਤੀ ਹੈ। ਬੰਗਾਲ ਪਹੁੰਚੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਸਾਨੀ ਸੰਘਰਸ਼ ਦੀ ਤੁਲਨਾ ਅਜ਼ਾਦੀ ਸੰਗਰਾਮ ਨਾਲ ਕਰਦਿਆਂ ਕਿਹਾ ਕਿ ਦੇਸ਼ ਦੀ ਅਜ਼ਾਦੀ ਵਿਚ ਜਿੱਥੇ ਪੰਜਾਬੀਆਂ ਅਤੇ ਬੰਗਾਲੀਆਂ ਨੇ ਅਹਿਮ ਯੋਗਦਾਨ ਪਾਇਆ ਸੀ, ਉਥੇ ਹੀ ਦੇਸ਼ ਵੰਡ ਸਮੇਂ ਅਤੇ ਬਾਅਦ ਵਿਚ ਨੁਕਸਾਨ ਵੀ ਇਨ੍ਹਾਂ ਦੋਵਾਂ ਸੂਬਿਆਂ ਨੂੰ ਹੀ ਵਧੇਰੇ ਉਠਾਉਣਾ ਪਿਆ ਹੈ।
ਦੇਸ਼ ਵੰਡ ਸਮੇਂ ਪੰਜਾਬ ਦੇ ਪੱਛਮੀ ਹਿੱਸੇ ਨੂੰ ਵੰਡ ਕੇ ਪਾਕਿਸਤਾਨ ਹਵਾਲੇ ਕਰ ਦਿੱਤਾ ਗਿਆ ਅਤੇ ਬੰਗਾਲ ਦਾ ਇਕ ਹਿੱਸਾ ਬੰਗਲਾਦੇਸ਼ ਵਿਚ ਚਲਾ ਗਿਆ। ਆਜ਼ਾਦੀ ਤੋਂ ਬਾਅਦ ਦੀਆਂ ਕੇਂਦਰ ਵਿਚ ਰਹੀਆਂ ਸਰਕਾਰਾਂ ਦਾ ਵਤੀਰਾ ਇਨ੍ਹਾਂ ਦੋਵਾਂ ਸੂਬਿਆਂ ਨਾਲ ਵਿਤਕਰੇ ਭਰਿਆ ਰਿਹਾ ਹੈ ਜੋ ਅੱਜ ਵੀ ਜਾਰੀ ਹੈ। ਚੱਲ ਰਹੇ ਖੇਤੀ ਕਾਨੂੰਨਾਂ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਇਹ ਕਾਨੂੰਨ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਲਈ ਬਣਾਏ ਹਨ। ਸਰਕਾਰ ਨੇ ਇਹ ਕਾਨੂੰਨ ਰਾਜ ਸਭਾ 'ਚ ਬਹੁਮਤ ਨਾ ਹੋਣ ਦੇ ਬਾਵਜੂਦ ਧੱਕੇ ਨਾਲ ਪਾਸ ਕਰਵਾਏ ਜਿਸ ਤੋਂ ਬਾਅਦ ਇਨ੍ਹਾਂ ਖਿਲਾਫ਼ ਲੰਬੇ ਸਮੇਂ ਤੱਕ ਪੰਜਾਬ 'ਚ ਸੰਘਰਸ਼ ਚੱਲਿਆਂ।
ਇਸ ਦੇ ਵਿਰੋਧ ਵਿਚ ਕਿਸਾਨਾਂ ਨੇ ਰੇਲ ਗੱਡੀਆਂ ਰੋਕੀਆਂ ਪਰ ਕੇਂਦਰ ਸਰਕਾਰ ਦੇ ਕੰਨ 'ਤੇ ਜੂੰ ਨਹੀਂ ਸਰਕੀ। ਇਸ ਤੋਂ ਬਾਅਦ ਕਿਸਾਨਾਂ ਨੇ ਮਜ਼ਬੂਰਨ ਦਿੱਲੀ ਵੱਲ ਕੂਚ ਕੀਤਾ ਜਿਸ ਦੇ ਤਹਿਤ 26 ਤੇ 27 ਨਵੰਬਰ ਨੂੰ ਦਿੱਲੀ ਦੇ ਰਾਮਲੀਲ੍ਹਾ ਮੈਦਾਨ ਵਿਚ ਕਿਸਾਨਾਂ ਨੇ ਰੈਲੀ ਕਰਨ ਦਾ ਪ੍ਰੋਗਰਾਮ ਬਣਾਇਆ ਪਰ ਕੇਂਦਰ ਸਰਕਾਰ ਨੇ ਇਸ ਦੀ ਵੀ ਇਜ਼ਾਜਤ ਨਹੀਂ ਦਿੱਤੀ। ਕਿਸਾਨਾਂ ਦੇ ਦਿੱਲੀ ਵੱਲ ਕੂਚ ਦੌਰਾਨ ਹਰਿਆਣਾ ਦੀ ਖੱਟਰ ਸਰਕਾਰ ਨੇ ਕਿਸਾਨਾਂ ਨੂੰ ਰੋਕਣ ਲਈ ਬੈਰੀਕੇਟਿੰਗ ਕੀਤੀ, ਸੜਕਾਂ ਖੋਦ ਦਿੱਤੀਆਂ ਪਰ ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਦੇ ਯਤਨਾਂ ਸਦਕਾ ਹਰਿਆਣਾ ਦੇ ਕਿਸਾਨਾਂ ਦਾ ਜਨ ਸੈਲਾਬ ਉਮੜ ਆਇਆ ਤੇ ਰੋਕਾਂ ਪਾਰ ਕਰਕੇ ਪੰਜਾਬ ਤੇ ਹਰਿਆਣਾ ਦੇ ਕਿਸਾਨ ਦਿੱਲੀ ਦੇ ਬਾਰਡਰਾਂ 'ਤੇ ਆ ਬੈਠੇ।
ਬਾਅਦ ਵਿਚ ਯੂਪੀ, ਉਤਰਾਖੰਡ ਤੇ ਰਾਜਸਥਾਨ ਦੇ ਕਿਸਾਨ ਵੀ ਮੋਰਚੇ ਵਿਚ ਸ਼ਾਮਲ ਹੋ ਗਏ ਅਤੇ ਅੱਜ ਅਨੇਕਾਂ ਪੜਾਵਾਂ ਵਿਚ ਲੰਘਦਾ ਹੋਇਆ ਇਹ ਸੰਘਰਸ਼ ਦੇਸ਼-ਵਿਆਪੀ ਰੂਪ ਧਾਰਨ ਕਰ ਚੁੱਕਾ ਹੈ। ਇਸ ਦੇ ਬਾਵਜੂਦ ਵੀ ਸਰਕਾਰ ਅੰਦੋਲਨ ਨੂੰ ਅਣਗੌਲਿਆ ਕਰ ਪੰਜ ਰਾਜਾਂ ਦੀਆਂ ਚੋਣਾਂ ਜਿੱਤਣ ਦੇ ਖਵਾਬ ਪਾਲੀ ਬੈਠੀ ਹੈ। ਇਸ ਲਈ ਸਾਡੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਬੰਗਾਲ ਦੇ ਵੋਟਰਾਂ ਨੂੰ ਇਹੋ ਅਪੀਲ ਹੈ ਕਿ ਮੋਦੀ ਦੀ ਭਾਰਤੀ ਜਨਤਾ ਪਾਰਟੀ ਨੂੰ ਹਰਾ ਕੇ ਭੇਜਿਆ ਜਾਵੇ।
ਬਲਬੀਰ ਸਿੰਘ ਰਾਜੇਵਾਲ ਨੇ ਪੰਜਾਬੀਆਂ ਤੇ ਬੰਗਾਲੀਆਂ ਦੀਆਂ ਦੇਸ਼ ਦੀ ਆਜ਼ਾਦੀ ਵਿਚ ਦਿੱਤੀਆਂ ਕੁਰਬਾਨੀਆਂ ਦੀ ਜ਼ਿਕਰ ਕਰਦਿਆਂ ਕਿਹਾ ਕਿ ਗਾਂਧੀ ਜੀ ਤੋਂ ਬਿਨਾਂ ਕਿਸੇ ਵੀ ਗੁਜਰਾਤੀ ਨੇ ਦੇਸ਼ ਦੀ ਆਜ਼ਾਦੀ ਵਿਚ ਹਿੱਸਾ ਨਹੀਂ ਪਾਇਆ। ਗੁਜਰਾਤੀਆਂ ਨੂੰ ਵਪਾਰੀਆਂ ਦੀ ਕੌਮ ਦਸਦਿਆਂ ਉਨ੍ਹਾਂ ਕਿਹਾ ਕਿ ਬੈਂਕਾਂ ਦਾ ਮੋਟਾ ਪੈਸਾ ਲੈ ਕੇ ਦੌੜਨ ਵਾਲੇ ਸਾਰੇ ਗੁਜਰਾਤੀ ਹਨ ਅਤੇ ਦੇਸ਼ ਦੇ ਸਰਮਾਏ ਅਤੇ ਲੋਕਾਂ ਦੇ ਹੱਕਾਂ 'ਤੇ ਡਾਕੇ ਮਾਰਨ ਵਾਲੇ ਵੀ ਗੁਜਰਾਤੀ ਹੀ ਹਨ। ਇਸ ਲਈ ਇਨ੍ਹਾਂ ਨੂੰ ਚੋਣਾਂ ਵਿਚ ਕਰਾਰੀ ਹਾਰ ਦੇ ਕੇ ਸਬਕ ਸਿਖਾਉਣਾ ਸਮੇਂ ਦੀ ਮੰਗ ਹੈ।