4 ਹਜਾਰ ਫੁੱਟ ‘ਤੇ ਖੁੱਲ੍ਹਿਆ ਹੈਲੀਕਾਪਟਰ ਦਾ ਦਰਵਾਜਾ, ਵਾਲ-ਵਾਲ ਬਚੇ ਸਿੱਧੂ ਤੇ ਪਰਗਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੰਜਾਬ ਸਰਕਾਰ ਦੇ ਮੰਤਰੀ ਅਤੇ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਲੋਕ ਸਭਾ ਚੋਣਾਂ ਲਈ ਵੀਰਵਾਰ ਨੂੰ ਛੱਤੀਸਗੜ੍ਹ ਗਏ ਸਨ।

Navjot Singh Sidhu and Pargat Singh

ਨਵੀਂ ਦਿੱਲੀ: ਪੰਜਾਬ ਸਰਕਾਰ ਦੇ ਮੰਤਰੀ ਅਤੇ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਲੋਕ ਸਭਾ ਚੋਣਾਂ ਲਈ ਵੀਰਵਾਰ ਨੂੰ ਛੱਤੀਸਗੜ੍ਹ ਗਏ ਸਨ। ਇਸੇ ਦੌਰਾਨ ਉਹਨਾਂ ਨੂੰ ਭਾਰੀ ਖਤਰੇ ਦਾ ਸਾਹਮਣਾ ਵੀ ਕਰਨਾ ਪਿਆ। ਦਰਅਸਲ ਨਵਜੋਤ ਸਿੰਘ ਸਿੱਧੂ ਰਾਏਪੁਰ ਮੁੰਗੋਲੀ ਲਈ ਹੈਲੀਕਾਪਟਰ ਵਿਚ ਜਾ ਰਹੇ ਸਨ, ਇਸੇ ਦੌਰਾਨ ਅਸਮਾਨ ਵਿਚ ਕਰੀਬ 3-4 ਹਜ਼ਾਰ ਫੁੱਟ ਦੀ ਉਚਾਈ ‘ਤੇ ਜਾ ਕੇ ਹੈਲੀਕਾਪਟਰ ਦਾ ਦਰਵਾਜ਼ਾ ਅਚਾਨਕ ਖੁੱਲ ਗਿਆ।

ਉਸ ਸਮੇਂ ਨਵਜੋਤ ਸਿੰਘ ਸਿੱਧੂ ਦੇ ਨਾਲ ਪਰਗਟ ਸਿੰਘ ਵੀ ਸਨ। ਉਹਨਾਂ ਨਾਲ ਹੈਲੀਕਾਪਟਰ ਵਿਚ ਬ੍ਰਿਗੇਡੀਆਰ ਪ੍ਰਦੀਪ ਸਿੰਘ ਵੀ ਮੌਜੂਦ ਸਨ, ਉਹਨਾਂ ਨੇ ਹੈਲੀਕਾਟਰ ਦਾ ਦਰਵਾਜ਼ਾ ਬੰਦ ਕਰ ਦਿੱਤਾ। ਸੂਤਰਾਂ ਮੁਤਾਬਿਕ ਕ੍ਰਿਕੇਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਅਤੇ ਪੰਜਾਬ ਦੇ ਕਾਂਗਰਸ ਲੀਡਰ ਪਰਗਟ ਸਿੰਘ ਸਵੇਰੇ 11:30  ਵਜੇ ਰਾਏਪੁਰ ਪਹੁੰਚੇ ਸਨ। ਬਾਲਾਪੁਰ ਦੀ ਸਭਾ ਲਈ ਉਹਨਾਂ ਨੇ 11:30 ਵਜੇ ਪਹੁੰਚਣਾ ਸੀ, ਪਰ ਹੈਲੀਕਾਟਰ ਓਡੀਸ਼ਾ ਵਿਚ ਸੀ।

ਜਦੋਂ ਹੈਲੀਕਾਪਟਰ ਓਡੀਸ਼ਾ ਤੋਂ ਰਾਏਪੁਰ ਪਹੁੰਚਿਆ ਤਾਂ ਉਸ ਦੀ ਸਰਵਿਸ ਕੀਤੀ ਗਈ ਅਤੇ ਕਰੀਬ 1:30 ਵਜੇ ਉਹਨਾਂ ਨੇ ਬਾਲਾਪੁਰ ਲਈ ਉਡਾਣ ਭਰੀ। ਇਸ ਤੋਂ ਕਰੀਬ 10 ਮਿੰਟ ਬਾਅਦ ਹੀ ਹੈਲੀਕਾਪਟਰ ਦਾ ਨਵਜੋਤ ਸਿੱਧੂ ਦੇ ਪਾਸੇ ਵਾਲਾ ਗੇਟ ਖੁੱਲ ਗਿਆ ਅਤੇ ਸਾਰੇ ਲੋਕ ਘਬਰਾ ਗਏ। ਬਾਲਾਪੁਰ ਤੋਂ ਸਿੱਧੂ ਅਤੇ ਪਰਗਟ ਸਿੰਘ ਨੇ ਡੋਗਰਗਾਓਂ, ਬਿਲਾਈਗੜ੍ਹ ਅਤੇ ਸਰਾਯਾਪਾਲੀ ਜਾਣਾ ਸੀ, ਪਰ ਫਿਊਲ ਨਾ ਹੋਣ ਕਾਰਨ ਹੈਲੀਕਾਪਟਰ ਨੂੰ ਵਾਪਿਸ ਰਾਏਪੁਲ ਲਿਆਂਦਾ ਗਿਆ। ਕਰੀਬ 4 ਵਜੇ ਹੈਲੀਕਾਪਟਰ ਨੇ ਡੋਂਗਰਗਾਓਂ ਲਈ ਉਡਾਣ ਭਰੀ।