ਲੋਕ ਸਭਾ ਚੋਣਾਂ ਦਾ ਪੰਜਵਾਂ ਗੇੜ : ਕਸ਼ਮੀਰ ਤੇ ਬੰਗਾਲ ਵਿਚ ਹਿੰਸਾ, 62.5 ਫ਼ੀ ਸਦੀ ਵੋਟਿੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਤ੍ਰਿਣਮੂਲ ਤੇ ਭਾਜਪਾ ਕਾਰਕੁਨ ਭਿੜੇ, ਕੇਂਦਰੀ ਬਲਾਂ ਵਲੋਂ ਲਾਠੀਚਾਰਜ

62.56% Total Voter Turnout Recorded For Phase 5 Of Elections

ਨਵੀਂ ਦਿੱਲੀ : ਲੋਕ ਸਭਾ ਚੋਣਾਂ ਦੇ ਪੰਜਵੇਂ ਗੇੜ ਦੇ ਮਤਦਾਨ ਦੌਰਾਨ ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿਚ ਮਤਦਾਨ ਕੇਂਦਰ 'ਤੇ ਗ੍ਰੇਨੇਡ ਨਾਲ ਹਮਲਾ ਹੋਇਆ ਤੇ ਪਛਮੀ ਬੰਗਾਲ ਵਿਚ ਵੀ ਕੁੱਝ ਥਾਈਂ ਹਿੰਸਾ ਦੀਆਂ ਘਟਨਾਵਾਂ ਵਾਪਰੀਆਂ। ਪੰਜਵੇਂ ਗੇੜ ਵਿਚ 62.5 ਫ਼ੀ ਸਦੀ ਵੋਟਿੰਗ ਹੋਈ। ਇਸ ਗੇੜ ਵਿਚ ਕਈ ਵੱਡੇ ਸਿਆਸੀ ਆਗੂ ਮੈਦਾਨ ਵਿਚ ਸਨ ਜਿਵੇਂ ਰਾਜਨਾਥ ਸਿੰਘ, ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਸਮ੍ਰਿਤੀ ਈਰਾਨੀ। ਯੂਪੀ ਦੀਆਂ 14 ਸੀਟਾਂ, ਰਾਜਸਥਾਨ ਦੀਆਂ 12, ਪਛਮੀ ਬੰਗਾਲ ਅਤੇ ਮੱਧ ਪ੍ਰਦੇਸ਼ ਦੀਆਂ ਸੱਤ-ਸੱਤ, ਬਿਹਾਰ ਦੀਆਂ ਪੰਜ ਅਤੇ ਝਾਰਖੰਡ ਦੀਆਂ ਚਾਰ ਸੀਟਾਂ 'ਤੇ ਮਤਦਾਨ ਹੋਇਆ।

ਪਛਮੀ ਬੰਗਾਲ ਦੀ ਬੈਰਕਪੁਰ ਸੀਟ ਤੋਂ ਭਾਜਪਾ ਉਮੀਦਵਾਰ ਅਰਜੁਨ ਸਿੰਘ ਅਤੇ ਕੇਂਦਰੀ ਬਲਾਂ ਵਿਚਾਲੇ ਧੱਕਾਮੁੱਕੀ ਹੋ ਗਈ ਜਦ ਅਰਜੁਨ ਸਿੰਘ ਨੇ ਇਨ੍ਹਾਂ ਦੋਸ਼ਾਂ ਮਗਰੋਂ ਮਤਦਾਨ ਕੇਂਦਰ ਵਿਚ ਵੜਨ ਦਾ ਯਤਨ ਕੀਤਾ ਕਿ ਵੋਟਰਾਂ ਨੂੰ ਵੋਟ ਨਹੀਂ ਪਾਉਣ ਦਿਤੀ ਜਾ ਰਹੀ। ਉਨ੍ਹਾਂ ਦੋਸ਼ ਲਾਇਆ, 'ਸਾਡੇ ਏਜੰਟਾਂ ਨੂੰ ਬੂਥ ਅੰਦਰ ਨਹੀਂ ਜਾਣ ਦਿਤਾ ਗਿਆ। ਲੋਕਾਂ ਨੂੰ ਸਹੀ ਤਰੀਕੇ ਨਾਲ ਵੋਟ ਨਹੀਂ ਪਾਉਣ ਦਿਤੀ ਗਈ। ਮੇਰੀ ਵੀ ਕੁੱਟਮਾਰ ਕੀਤੀ ਗਈ।' ਭਾਜਪਾ ਆਗੂਆਂ ਨੇ ਇਥੇ ਦੁਬਾਰਾ ਵੋਟਾਂ ਪੁਆਉਣ ਦੀ ਮੰਗ ਕੀਤੀ।

ਕੁੱਝ ਥਾਈਂ ਤ੍ਰਿਣਮੂਲ ਤੇ ਭਾਜਪਾ ਕਾਰਕੁਨਾਂ ਵਿਚਾਲੇ ਝੜਪਾਂ ਹੋਈਆਂ ਅਤੇ ਕੇਂਦਰੀ ਬਲਾਂ ਨੇ ਲਾਠੀਚਾਰਜ ਕੀਤਾ। ਇਕ ਉਮੀਦਵਾਰ ਜ਼ਖ਼ਮੀ ਹੋ ਗਿਆ। ਯੂਪੀ ਵਿਚ ਵੋਟਿੰਗ ਮਸ਼ੀਨ ਵਿਚ ਗੜਬੜ ਦੀਆਂ ਕੁੱਝ ਸ਼ਿਕਾਇਤਾਂ ਆਈਆਂ। ਮੱਧ ਪ੍ਰਦੇਸ਼ ਵਿਚ ਦੁਪਹਿਰ ਤਕ ਔਸਤਨ 29.76 ਫ਼ੀ ਸਦੀ ਮਤਦਾਨ ਦਰਜ ਕੀਤਾ ਗਿਆ। ਇਕ ਬੂਥ 'ਤੇ ਨਵੀਂ ਈਵੀਐਮ ਲਾਈ ਗਈ। ਮੁਜ਼ੱਫ਼ਰਪੁਰ ਦੇ ਡੁਮਰੀ ਪਿੰਡ ਵਿਚ ਕੁੱਝ ਲੋਕਾਂ ਨੇ ਇਲਾਕੇ ਵਿਚ ਵਿਕਾਸ ਕਾਰਜ ਨਾ ਹੋਣ ਦਾ ਕਾਰਨ ਦਸਦਿਆਂ ਵੋਟਾਂ ਦਾ ਬਾਈਕਾਟ ਕੀਤਾ।

ਪੁਲਵਾਮਾ 'ਚ ਚੋਣ ਕੇਂਦਰ 'ਤੇ ਗ੍ਰੇਨੇਡ ਹਮਲਾ : ਜੰਮੂ-ਕਸ਼ਮੀਰ ਦੀ ਅੰਨਤਨਾਗ ਲੋਕ ਸਭਾ ਸੀਟ ਲਈ ਪੈ ਰਹੀਆਂ ਵੋਟਾਂ ਦਰਮਿਆਨ ਅਤਿਵਾਦੀਆਂ ਨੇ ਪੁਲਵਾਮਾ ਜ਼ਿਲ੍ਹੇ ਵਿਚ ਇਕ ਚੋਣ ਕੇਂਦਰ ਨੂੰ ਨਿਸ਼ਾਨਾ ਬਣਾ ਕੇ ਗ੍ਰੇਨੇਡ ਹਮਲਾ ਕੀਤਾ। ਹਾਲਾਂਕਿ ਇਸ ਹਮਲੇ ਦੇ ਕਿਸੇ ਵੀ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਪੁਲਿਸ ਅਧਿਕਾਰੀ ਨੇ ਦਸਿਆ ਕਿ ਪੁਲਵਾਮਾ ਵਿਚ ਰੋਹਮੂ ਚੋਣ ਕੇਂਦਰ 'ਤੇ ਗ੍ਰੇਨੇਡ ਸੁੱਟਿਆ ਗਿਆ ਪਰ ਉਸ ਨਾਲ ਹੋਏ ਧਮਾਕੇ ਵਿਚ ਕਿਸੇ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ। ਉਨ੍ਹਾਂ ਦਸਿਆ ਕਿ ਸੁਰੱਖਿਆ ਬਲਾਂ ਨੇ ਇਲਾਕੇ ਦੀ ਘੇਰਾਬੰਦੀ ਕਰ ਲਈ ਹੈ। ਜੰਮੂ-ਕਸ਼ਮੀਰ ਵਿਚ ਇਸ ਲੋਕ ਸਭਾ ਚੋਣਾਂ ਦੌਰਾਨ ਕਿਸੇ ਚੋਣ ਕੇਂਦਰ 'ਤੇ ਅਤਿਵਾਦੀ ਹਮਲੇ ਦੀ ਇਹ ਪਹਿਲੀ ਘਟਨਾ ਹੈ। 

ਜ਼ਿਕਰਯੋਗ ਹੈ ਕਿ ਅਨੰਤਨਾਗ ਲੋਕ ਸਭਾ ਖੇਤਰ ਤਹਿਤ ਆਉਣ ਵਾਲੇ ਪੁਲਵਾਮਾ ਅਤੇ ਸ਼ੋਪੀਆਂ ਜ਼ਿਲਿਆਂ ਤੇ ਲੱਦਾਖ ਸੰਸਦੀ ਸੀਟ 'ਤੇ ਵਿਚ ਵੋਟਾਂ ਪੈ ਰਹੀਆਂ ਹਨ।ਅਧਿਕਾਰੀਆਂ ਨੇ ਦਸਿਆ ਕਿ ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਈ ਹੈ। ਲੱਦਾਖ ਸੰਸਦੀ ਸੀਟ 'ਤੇ ਵੋਟਾਂ ਸ਼ਾਮ 6 ਵਜੇ ਤਕ ਪੈਣਗੀਆਂ, ਜਦਕਿ ਸ਼ੋਪੀਆਂ ਅਤੇ ਪੁਲਵਾਮਾ ਵਿਚ ਸ਼ਾਮ 4 ਵਜੇ ਤਕ ਹੀ ਵੋਟਾਂ ਪੈਣਗੀਆਂ ਕਿਉਂਕਿ ਚੋਣ ਕਮਿਸ਼ਨ ਨੇ ਸੂਬਾਈ ਪੁਲਿਸ ਦੇ ਬੇਨਤੀ 'ਤੇ ਅਨੰਤਨਾਗ ਲੋਕ ਸਭਾ ਸੀਟ ਲਈ ਵੋਟਾਂ ਦਾ ਸਮਾਂ ਦੋ ਘੰਟੇ ਘਟਾ ਦਿਤਾ ਹੈ। 

ਜੰਮੂ-ਕਸ਼ਮੀਰ ਵਿਚ ਇਨ੍ਹਾਂ ਦੋ ਲੋਕ ਸਭਾ ਸੀਟਾਂ 'ਤੇ ਚੋਣਾਂ ਦਾ ਅੱਜ ਆਖਰੀ ਗੇੜ ਹੈ ਅਤੇ ਸ਼ਾਂਤੀਪੂਰਨ ਢੰਗ ਨਾਲ ਕਰਾਉਣ ਲਈ ਹਰ ਤਰ੍ਹਾਂ ਦੀ ਵਿਵਸਥਾ ਕੀਤੀ ਗਈ ਹੈ। ਅਨੰਤਨਾਗ ਸੀਟ ਤੋਂ 18 ਉਮੀਦਵਾਰ ਚੋਣ ਮੈਦਾਨ ਵਿਚ ਹਨ, ਜਿਸ ਵਿਚ ਪੀ. ਡੀ. ਪੀ. ਪ੍ਰਧਾਨ ਮਹਿਬੂਬਾ ਮੁਫ਼ਤੀ, ਪ੍ਰਦੇਸ਼ ਪ੍ਰਧਾਨ ਗੁਲਾਮ ਅਹਿਮਦ ਮੀਰ, ਨੈਸ਼ਨਲ ਕਾਨਫ਼ਰੰਸ ਦੇ ਉਮੀਦਵਾਰ ਹਸਨੈਨ ਮਸੂਦ, ਭਾਜਪਾ ਦੇ ਸੋਫ਼ੀ ਯੂਸੁਫ਼ ਅਤੇ ਪੀਪਲਜ਼ ਕਾਨਫ਼ਰੰਸ ਦੇ ਜ਼ਾਫ਼ਰ ਅਲੀ ਮੁੱਖ ਚਿਹਰੇ ਹਨ। 

ਰਾਹੁਲ  ਨੇ ਅਮੇਠੀ 'ਚ ਚੋਣ ਬੂਥਾਂ 'ਤੇ ਕਬਜ਼ਾ ਕਰਵਾਇਆ : ਸਮ੍ਰਿਤੀ
ਨਵੀਂ ਦਿੱਲੀ, 6 ਮਈ : ਉੱਤਰ ਪ੍ਰਦੇਸ਼ ਦੀ ਅਮੇਠੀ ਲੋਕ ਸਭਾ ਸੀਟ ਲਈ 5ਵੇਂ ਗੇੜ ਦੀ ਵੋਟਿੰਗ ਤਹਿਤ ਵੋਟਾਂ ਪੈ ਰਹੀਆਂ ਹਨ। ਇਸ ਸੀਟ 'ਤੇ ਮੁਕਾਬਲਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਭਾਜਪਾ ਦੀ ਉਮੀਦਵਾਰ ਅਤੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਵਿਚਾਲੇ ਹੈ। ਵੋਟਾਂ ਦਰਮਿਆਨ ਹੀ ਸਮ੍ਰਿਤੀ ਇਰਾਨੀ ਨੇ ਰਾਹੁਲ ਗਾਂਧੀ 'ਤੇ ਵੱਡਾ ਦੋਸ਼ ਲਾਇਆ ਹੈ। ਉਨ੍ਹਾਂ ਨੇ ਕਿਹਾ ਕਿ ਰਾਹੁਲ ਗਾਂਧੀ ਬੂਥਾਂ 'ਤੇ ਕਬਜ਼ਾ ਕਰਵਾਉਣ ਲਈ ਅਮੇਠੀ ਆਏ ਹਨ। ਇਸ ਨੂੰ ਲੈ ਕੇ ਸਮ੍ਰਿਤੀ ਨੇ ਚੋਣ ਕਮਿਸ਼ਨ ਨੂੰ ਬਕਾਇਦਾ ਟਵੀਟ ਵੀ ਕੀਤਾ ਹੈ।  ਉਨ੍ਹਾਂ ਟਵੀਟ ਨੂੰ ਟੈਗ ਕੀਤਾ ਜਿਸ ਵਿਚ ਇਕ ਵੀਡੀਉ 'ਚ ਇਕ ਬਜ਼ੁਰਗ ਔਰਤ ਜ਼ਬਰਦਸਤੀ ਕਾਂਗਰਸ ਦੇ ਹੱਕ ਵਿਚ ਚੋਣ ਕਰਵਾਉਣ ਦਾ ਦੋਸ਼ ਲਗਾ ਰਹੀ ਹੈ। ਸਮ੍ਰਿਤੀ ਨੇ ਲਿਖਿਆ ਕਿ ਉਮੀਦ ਹੈ ਕਿ ਕੁਝ ਐਕਸ਼ਨ ਲਿਆ ਜਾਵੇਗਾ। ਦੇਸ਼ ਦੀ ਜਨਤਾ ਨੂੰ ਰਾਹੁਲ ਗਾਂਧੀ ਦੀ ਇਸ ਤਰ੍ਹਾਂ ਦੀ ਰਾਜਨੀਤੀ ਬਾਰੇ ਫ਼ੈਸਲਾ ਕਰਨਾ ਹੈ।