ਕਸ਼ਮੀਰ ਵਿਚ ਅਤਿਵਾਦੀ ਹਮਲਾ, 5 ਜਵਾਨ ਸ਼ਹੀਦ, ਪੰਜ ਹੋਰ ਜ਼ਖ਼ਮੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੁਕਾਬਲੇ ਵਿਚ ਇਕ ਅਤਿਵਾਦੀ ਵੀ ਮਾਰਿਆ ਗਿਆ

Terrorists attack police party in Kashmir, five CRPF jawans killed

ਸ੍ਰੀਨਗਰ : ਦਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿਚ ਹੋਏ ਅਤਿਵਾਦੀ ਹਮਲੇ ਵਿਚ ਸੀਆਰਪੀਐਫ਼ ਦੇ ਪੰਜ ਜਵਾਨ ਸ਼ਹੀਦ ਹੋ ਗਏ ਜਦਕਿ ਸੂਬਾ ਪੁਲਿਸ ਦੇ ਇਕ ਇੰਸਪੈਕਟਰ ਸਮੇਤ ਪੰਜ ਹੋਰ ਜ਼ਖ਼ਮੀ ਹੋ ਗਏ। ਮੁਕਾਬਲੇ ਵਿਚ ਇਕ ਅਤਿਵਾਦੀ ਵੀ ਮਾਰਿਆ ਗਿਆ। ਅਧਿਕਾਰੀਆਂ ਨੇ ਦਸਿਆ ਕਿ ਘੱਟੋ ਘੱਟ ਦੋ ਅਤਿਵਾਦੀਆਂ ਨੇ ਅਨੰਤਨਾਗ ਦੇ ਰੁਝੇਵੇਂ ਭਰੇ ਕੇਪੀ ਰੋਡ 'ਤੇ ਸੀਆਰਪੀਐਫ਼ ਦੀ ਗਸ਼ਤੀ ਪਾਰਟੀ 'ਤੇ ਸਵੈਚਲਿਤ ਰਾਈਫ਼ਲਾਂ ਨਾਲ ਗੋਲੀਬਾਰੀ ਕੀਤੀ ਅਤੇ ਹੱਥਗੋਲੇ ਸੁੱਟੇ। ਉਨ੍ਹਾਂ ਦਸਿਆ ਕਿ ਹਮਲੇ ਵਿਚ ਸੀਆਰਪੀਐਫ਼ ਦੇ ਤਿੰਨ ਜਵਾਨ ਸ਼ਹੀਦ ਹੋ ਗਏ ਜਦਕਿ ਪੰਜ ਹੋਰ ਜ਼ਖ਼ਮੀ ਹੋ ਗਏ।

ਅਨੰਤਨਾਗ ਥਾਣੇ ਦਾ ਐਸਐਚਓ ਅਰਸ਼ਦ ਅਹਿਮਦ ਵੀ ਹਮਲੇ ਵਿਚ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ਸ੍ਰੀਨਗਰ ਦੇ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ। ਪੁਲਿਸ ਸੂਤਰਾਂ ਨੇ ਦਸਿਆ ਕਿ ਕਾਰ ਵਿਚ ਸਵਾਰ ਨਕਾਬ ਪਾਈ ਅਤਿਵਾਦੀਆਂ ਨੇ ਕੇ ਪੀ ਰੋਡ ਇਲਾਕੇ ਵਿਚ ਸਥਾਨਕ ਪੁਲਿਸ ਅਤੇ ਸੀਆਰਪੀਐਫ਼ ਦੀ ਸਾਂਝੀ ਗਸ਼ਤੀ ਟੀਮ 'ਤੇ ਹਮਲਾ ਕੀਤਾ। ਪੁਲਿਸ ਦੇ ਕੁੱਝ ਸੂਤਰਾਂ ਨੇ ਦਸਿਆ ਕਿ ਹਮਲੇ ਵਿਚ ਸੀਆਰਪੀਐਫ਼ ਦੇ ਤਿੰਨ ਜਵਾਨ ਸ਼ਹੀਦ ਹੋ ਗਏ ਹਨ ਜਦਕਿ ਇਕ ਨਾਗਰਿਕ ਵੀ ਜ਼ਖ਼ਮੀ ਹੋਇਆ ਹੈ ਪਰ ਇਸ ਖ਼ਬਰ ਦੀ ਫ਼ਿਲਹਾਲ ਪੁਸ਼ਟੀ ਨਹੀਂ ਹੋਈ।

ਪਾਕਿਸਤਾਨ ਨੇ ਕਈ ਵਾਰ ਗੋਲੀਬੰਦੀ ਦੀ ਉਲੰਘਣਾ ਕੀਤੀ ਹੈ। ਹੱਦ ਤਾਂ ਤਦ ਹੋ ਗਈ ਜਦ ਪਾਕਿਸਤਾਨ ਨੇ ਈਦ ਵਾਲੇ ਦਿਨ ਵੀ ਗੋਲੀਬੰਦੀ ਦੀ ਉਲੰਘਣਾ ਕੀਤੀ। ਈਦ ਵਾਲੇ ਦਿਨ ਕਸ਼ਮੀਰ ਘਾਟੀ ਵਿਚ ਸ਼ਾਂਤੀ ਰਹਿਣ ਦੀ ਉਮੀਦ ਸੀ ਪਰ ਅਜਿਹਾ ਨਹੀਂ ਹੋਇਆ। ਸੂਤਰਾਂ ਮੁਤਾਬਕ ਪਾਕਿਸਤਾਨ ਨੇ 6 ਜੂਨ ਤਕ 1170 ਵਾਰ ਗੋਲੀਬੰਦੀ ਦੀ ਉਲੰਘਦਾ ਕੀਤੀ ਹੈ।