ਲਦਾਖ਼ ਵਿਵਾਦ : ਭਾਰਤ ਅਤੇ ਚੀਨ ਗੱਲਬਾਤ ਜਾਰੀ ਰਖਣ ਲਈ ਸਹਿਮਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੋਹਾਂ ਧਿਰਾਂ ਨੇ ਸਰਹੱਦੀ ਖੇਤਰਾਂ ਵਿਚ ਸ਼ਾਂਤੀ ਯਕੀਨੀ ਕਰਨ ਦੀ ਗੱਲ ਆਖੀ

File

ਨਵੀਂ ਦਿੱਲੀ:  ਭਾਰਤ ਅਤੇ ਚੀਨ ਨੇ ਪੂਰਬੀ ਲਦਾਖ਼ ਵਿਵਾਦ ਦੇ ਛੇਤੀ ਹੱਲ ਲਈ ਫ਼ੌਜੀ ਅਤੇ ਕੂਟਨੀਤਕ ਪੱਧਰ 'ਤੇ ਗੱਲਬਾਤ ਜਾਰੀ ਰੱਖਣ 'ਤੇ ਸਹਿਮਤੀ ਪ੍ਰਗਟ ਕੀਤੀ ਹੈ। ਵਿਦੇਸ਼ ਮੰਤਰਾਲੇ ਨੇ ਇਹ ਜਾਣਕਾਰੀ ਦਿਤੀ।

ਮੰਤਰਾਲੇ ਦੇ ਬੁਲਾਰੇ ਅਨੁਰਾਗ ਸ੍ਰੀਵਾਸਤਵ ਨੇ ਹਫ਼ਤਾਵਾਰੀ ਪ੍ਰੈਸ ਕਾਨਫ਼ਰੰਸ ਵਿਚ ਦਸਿਆ ਕਿ ਦੋਹਾਂ ਧਿਰਾਂ ਨੇ ਮਸਲੇ ਦੇ ਸ਼ਾਂਤਮਈ ਹੱਲ ਲਈ ਫ਼ੌਜੀ ਅਤੇ ਸਫ਼ਾਰਤੀ ਪੱਧਰ'ਤੇ ਗੱਲਬਾਤ ਜਾਰੀ ਰੱਖਣ ਅਤੇ ਸਰਹੱਦੀ ਖੇਤਰਾਂ ਵਿਚ ਸ਼ਾਂਤੀ ਯਕੀਨੀ ਕਰਨ ਦੀ ਵੀ ਗੱਲ ਆਖੀ ਹੈ ਜੋ ਦੋਹਾਂ ਦੇਸ਼ਾਂ ਦੇ ਆਗੂਆਂ ਦੀ ਵਿਆਪਕ ਨਿਗਰਾਨੀ ਅਤੇ ਸੇਧ ਹੇਠ ਹੋਵੇ।

ਉਂਜ ਉਨ੍ਹਾਂ ਵਿਵਾਦਮਈ ਇਲਾਕੇ ਤੋਂ ਚੀਨੀ ਫ਼ੌਜਾਂ ਦੇ ਪਿੱਛੇ ਹਟਣ ਬਾਰੇ ਸਵਾਲ ਦਾ ਜਵਾਬ ਨਹੀਂ ਦਿਤਾ। ਬੁਲਾਰੇ ਨੇ ਕਿਹਾ ਕਿ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਛੇ ਜੂਨ 2020 ਨੂੰ ਭਾਰਤ ਅਤੇ ਚੀਨ ਦੇ ਕੋਰ ਕਮਾਂਡਰਾਂ ਵਿਚਾਲੇ ਬੈਠਕ ਹੋਈ ਸੀ।

ਇਹ ਬੈਠਕ ਸਰਹੱਦ 'ਤੇ ਪੈਦਾ ਤਣਾਅਪੂਰਨ ਹਾਲਾਤ ਨਾਲ ਸਿੱਝਣ ਅਤੇ ਮਾਹੌਲ ਸ਼ਾਂਤਮਈ ਬਣਾਉਣ ਦੇ ਮਕਸਦ ਨਾਲ ਹੋਈ ਸੀ। ਉਨ੍ਹਾਂ ਕਿਹਾ ਕਿ ਬੈਠਕ ਵਿਚ ਇਸ ਗੱਲ 'ਤੇ ਸਹਿਮਤੀ ਬਣੀ ਕਿ ਮਾਹੌਲ ਸੁਖਾਵਾਂ ਬਣੇ ਅਤੇ ਮਸਲੇ ਦਾ ਛੇਤੀ ਹੱਲ ਹੋਵੇ। ਇਸ ਲਈ ਦੋਹਾਂ ਧਿਰਾਂ ਨੇ ਫ਼ੌਜੀ ਅਤੇ ਰਾਜਨਾਇਕ ਪੱਧਰ 'ਤੇ ਗੱਲਬਾਤ ਜਾਰੀ ਰੱਖਣ ਅਤੇ ਸਰਹੱਦੀ ਖੇਤਰਾਂ ਵਿਚ ਸ਼ਾਂਤੀ ਯਕੀਨੀ ਕਰਨ ਦੀ ਗੱਲ ਕਹੀ ਹੈ।

ਉਨ੍ਹਾਂ ਕਿਹਾ, 'ਇਹ ਭਾਰਤ ਅਤੇ ਚੀਨ ਦੇ ਦੁਵੱਲੇ ਸਬੰਧਾਂ ਦੀ ਮਜ਼ਬੂਤੀ ਅਤੇ ਵਿਕਾਸ ਲਈ ਲਾਜ਼ਮੀ ਹੈ।' ਫ਼ੌਜੀ ਸੂਤਰਾਂ ਨੇ ਕਲ ਦਾਅਵਾ ਕੀਤਾ ਸੀ ਕਿ ਦੋਹਾਂ ਦੇਸ਼ਾਂ ਦੀਆਂ ਫ਼ੌਜਾਂ ਨੇ ਗਲਵਾਨ ਘਾਟੀ ਅਤੇ ਹਾਟ ਸਪਰਿੰਗ ਖੇਤਰ ਵਿਚ ਗਸ਼ਤੀ ਪੁਆਇੰਟ 14 ਅਤੇ 15 'ਤੇ ਪਿੱਛੇ ਹਟਣਾ ਸ਼ੁਰੂ ਕਰ ਦਿਤਾ ਹੈ ਅਤੇ ਚੀਨੀ ਧਿਰ ਦੋ ਖੇਤਰਾਂ ਵਿਚ 1.5 ਕਿਲੋਮੀਟਰ ਪਿੱਛੇ ਹਟ ਗਈ ਹੈ। ਭਾਰਤ ਅਤੇ ਚੀਨ ਦੀਆਂ ਫ਼ੌਜਾਂ 5 ਮਈ ਤੋਂ ਆਹਮੋ-ਸਾਹਮਣੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।