ਚੇਨਈ ਨੂੰ ਪਾਣੀ ਦੀ ਸਮੱਸਿਆ ਤੋਂ ਰਾਹਤ ਦੇਣ ਲਈ 50 ਵੈਗਨ ਟਰੇਨਾਂ ਰਵਾਨਾ
ਪਾਣੀ ਦੀ ਕਮੀਂ ਨਾਲ ਜੂਝ ਰਹੇ ਚੇਨਈ ਨੂੰ ਅੱਜ ਪਾਣੀ ਦੀ ਸਮੱਸਿਆ ਤੋਂ ਰਾਹਤ ਮਿਲ ਜਾਵੇਗੀ।
ਨਵੀਂ ਦਿੱਲੀ: ਪਾਣੀ ਦੀ ਕਮੀਂ ਨਾਲ ਜੂਝ ਰਹੇ ਚੇਨਈ ਨੂੰ ਅੱਜ ਪਾਣੀ ਦੀ ਸਮੱਸਿਆ ਤੋਂ ਰਾਹਤ ਮਿਲ ਜਾਵੇਗੀ। ਅਜਿਹੇ ਵਿਚ ਪਾਣੀ ਨਾਲ ਭਰੀਆਂ 50 ਵੈਗਨ ਟਰੇਨਾਂ ਜੋਲਰਪੇਟ ਰੇਲਵੇ ਸਟੇਸ਼ਨ ਤੋਂ ਚੇਨਈ ਲਈ ਰਵਾਨਾ ਹੋ ਗਈਆਂ ਹਨ। ਇਹਨਾਂ ਵਿਚ ਕੁੱਲ 2.5 ਮਿਲੀਅਨ ਲੀਟਰ ਪਾਣੀ ਹੈ। ਚੇਨਈ ਮੈਟਰੋ ਵਾਟਰ ਨੇ ਹਰ ਦਿਨ 10 ਮਿਲੀਅਨ ਲੀਟਰ ਦਾ ਟੀਚਾ ਤੈਅ ਕੀਤਾ ਹੈ। ਸਥਾਨਕ ਪ੍ਰਸ਼ਾਸਨ ਮੰਤਰੀ ਐਸਪੀ ਵੇਲਮਨ ਨੇ ਕਿਹਾ ਕਿ ਪਹਿਲੀ ਵਾਟਰ ਟਰੇਨ ਮਿਲਣ ‘ਤੇ ਵਿਲੀਵਕਮ ਰੇਲਵੇ ਸਟੇਸ਼ਨ ‘ਤੇ ਪ੍ਰੋਗਰਾਮ ਦੀ ਯੋਜਨਾ ਬਣਾਈ ਗਈ ਸੀ। ਦੱਖਣੀ ਰੇਲਵੇ ਚੇਨਈ ਮੈਟਰੋ ਵਾਟਰ ਤੋਂ ਹਰ ਟਰਿੱਪ ‘ਤੇ 7.5 ਲੱਖ ਰੁਪਏ ਲਵੇਗਾ।
ਤਮਿਲਨਾਡੂ ਸਰਕਾਰ ਨੇ ਇਸ ਪ੍ਰਾਜੈਕਟ ਲਈ 65 ਕਰੋੜ ਰੁਪਏ ਦਾ ਫੰਜ ਜਾਰੀ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਟਰੇਨ ਨੂੰ ਚੇਨਈ ਦੇ ਵਿਲੀਵਕਮ ਪਹੁੰਚਣ ਵਿਚ ਪੰਜ ਘੰਟੇ ਲੱਗਣਗੇ। ਹਾਲਾਂਕਿ ਪਾਣੀ ਦੀ ਇਸ ਸਪਲਾਈ ਨਾਲ ਚੇਨਈ ਦੀ ਸਪਲਾਈ ਨਹੀਂ ਵਧੇਗੀ। ਇਹ ਸਿਰਫ਼ ਸੂਬਾ ਸਰਕਾਰ ਦਾ ਦਬਾਅ ਘੱਟ ਕਰਨ ਲਈ ਕੀਤਾ ਗਿਆ ਹੈ, ਜਿਸ ਨਾਲ ਇੱਥੋਂ ਦੇ ਲੋਕਾਂ ਨੂੰ ਘੱਟੋ ਘੱਟ 525 ਮਿਲੀਅਨ ਲੀਟਰ ਪਾਣੀ ਮਿਲ ਸਕੇ ਜਦਕਿ ਉਹਨਾਂ ਦੀ ਜ਼ਰੂਰਤ 830 ਮਿਲੀਅਨ ਲੀਟਰ ਪ੍ਰਤੀ ਦਿਨ ਹੈ।
ਚੇਨਈ ਮੈਟਰੋ ਵਾਟਰ ਨੇ ਸਥਾਨਕ ਪੱਧਰ ‘ਤੇ ਪਾਣੀ ਸਪਲਾਈ ਕਰਨ ਲਈ 900 ਟੈਂਕਰਾਂ ਦੀ ਤੈਨਾਤੀ ਕੀਤੀ ਹੈ। ਕਈ ਪਰਵਾਰਾਂ ਨੇ ਦੱਸਿਆ ਕਿ ਉਹਨਾਂ ਨੂੰ ਟੈਂਕਰ ਨਾਲ ਹਰ ਦਿਨ ਪਾਣੀ ਲੈਣ ਲਈ 5 ਡੱਬੇ ਦਿੱਤੇ ਗਏ ਹਨ। ਪ੍ਰਾਈਵੇਟ ਵਾਟਰ ਟੈਂਕਰਜ਼ ਨੇ ਅਪ੍ਰੈਲ ਤੋਂ ਅਪਣੀ ਕੀਮਤ ਦੁੱਗਣੀ ਕਰ ਦਿੱਤੀ ਹੈ। ਮਦਰਾਸ ਹਾਈਕੋਰਟ ਨੇ ਇਸ ਮਾਮਲੇ ਵਿਚ ਤਮਿਲਨਾਡੂ ਸਰਕਾਰ ਦੀ ਅਲੋਚਨਾ ਕੀਤੀ ਸੀ। ਚੇਨਈ ਭਾਰਤ ਦੇ ਉਹਨਾਂ 21 ਸ਼ਹਿਰਾਂ ਵਿਚੋਂ ਇਕ ਹੈ, ਜਿਨ੍ਹਾਂ ਬਾਰੇ ਯੋਜਨਾ ਕਮਿਸ਼ਨ ਨੇ ਕਿਹਾ ਸੀ ਕਿ ਇੱਥੇ 2021 ਤੱਕ ਪਾਣੀ ਖਤਮ ਹੋ ਜਾਵੇਗਾ।