ਭਾਜਪਾ 'ਚ ਸ਼ਾਮਲ ਹੋਏ ਮਹਾਵੀਰ ਫ਼ੋਗਾਟ ਅਤੇ ਬਬੀਤਾ ਫ਼ੋਗਾਟ

ਏਜੰਸੀ

ਖ਼ਬਰਾਂ, ਰਾਸ਼ਟਰੀ

ਮਹਾਵੀਰ ਜਾਂ ਬਬੀਤਾ ਫ਼ੋਗਾਟ ਨੂੰ ਚੋਣ ਮੈਦਾਨ 'ਚ ਵੀ ਉਤਾਰ ਸਕਦੀ ਹੈ ਭਾਜਪਾ

Wrestler Babita Phogat, father Mahavir join BJP

ਨਵੀਂ ਦਿੱਲੀ : ਹਰਿਆਣਾ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦੁਸ਼ਯੰਤ ਚੌਟਾਲੀ ਦੀ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਨੂੰ ਝਟਕਾ ਲੱਗਾ ਹੈ। ਜੇਜੇਪੀ ਦਾ ਸਾਥ ਛੱਡ ਕੇ ਮਹਾਵੀਰ ਫ਼ੋਗਾਟ ਅਤੇ ਉਨ੍ਹਾਂ ਦੀ ਪਹਿਲਵਾਨ ਬੇਟੀ ਬਬੀਤਾ ਫ਼ੋਗਾਟ ਸੋਮਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) 'ਚ ਸ਼ਾਮਲ ਹੋ ਗਈ। ਬਬੀਤਾ ਅਤੇ ਮਹਾਵੀਰ ਫ਼ੋਗਾਟ ਨੇ ਕੇਂਦਰੀ ਮੰਤਰੀ ਕਿਰਣ ਰਿਜੀਜੂ ਦੀ ਮੌਜੂਦਗੀ 'ਚ ਭਾਜਪਾ ਦਾ ਪੱਲਾ ਫੜਿਆ। ਇਸ ਦੌਰਾਨ ਭਾਜਪਾ ਆਗੂ ਅਨਿਲ ਜੈਨ, ਰਾਮਵਿਲਾਸ ਸ਼ਰਮਾ ਅਤੇ ਅਨਿਲ ਬਲੂਨੀ ਵੀ ਮੌਜੂਦ ਸਨ। ਦੱਸਿਆ ਜਾ ਰਿਹਾ ਹੈ ਕਿ ਮਹਾਵੀਰ ਜਾਂ ਬਬੀਤਾ ਫ਼ੋਗਾਟ ਨੂੰ ਭਾਜਪਾ ਵਿਧਾਨ ਸਭਾ ਦੀ ਟਿਕਟ ਵੀ ਦੇ ਸਕਦੀ ਹੈ।

ਬਬੀਤਾ ਫ਼ੋਗਾਟ ਨੇ ਜੰਮੂ-ਕਸ਼ਮੀਰ ਤੋਂ ਧਾਰਾ-370 ਹਟਾਏ ਜਾਣ ਤੋਂ ਬਾਅਦ ਭਾਜਪਾ ਸਰਕਾਰ ਦੀ ਸ਼ਲਾਘਾ ਕੀਤੀ ਸੀ। ਉਨ੍ਹਾਂ ਨੇ ਭਾਜਪਾ ਦੇ ਕੌਮੀ ਪ੍ਰਧਾਨ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਇਕ ਭਾਸ਼ਣ ਨੂੰ ਵੀ ਰੀਟਵੀਟ ਕੀਤਾ ਸੀ, ਜਿਸ 'ਚ ਉਨ੍ਹਾਂ ਕਿਹਾ ਸੀ ਕਿ ਮੇਰੇ ਮਨ 'ਚ ਥੋੜੀ ਜਿਹੀ ਵੀ ਕਨਫਿਊਜ਼ਨ ਨਹੀਂ ਸੀ ਕਿ ਧਾਰਾ 370 ਹਟਾਈ ਜਾਣੀ ਚਾਹੀਦੀ ਹੈ ਜਾਂ ਨਹੀਂ। ਮੈਂ ਮੰਨਦਾ ਹਾਂ ਕਿ ਧਾਰਾ 370 ਨਾਲ ਦੇਸ਼ ਅਤੇ ਕਸ਼ਮੀਰ ਦਾ ਭਲਾ ਨਹੀਂ ਹੋਇਆ। ਇਹ ਬਹੁਤ ਪਹਿਲਾਂ ਹੀ ਖ਼ਤਮ ਹੋ ਜਾਣੀ ਚਾਹੀਦੀ ਸੀ। ਧਾਰਾ 370 ਹਟਾਏ ਤੋਂ ਬਾਅਦ ਕਸ਼ਮੀਰ 'ਚ ਅਤਿਵਾਦ ਖ਼ਤਮ ਹੋਵੇਗਾ ਅਤੇ ਕਸ਼ਮੀਰ ਵਿਕਾਸ ਦੇ ਰਸਤੇ 'ਤੇ ਅੱਗੇ ਵਧੇਗਾ।

ਜ਼ਿਕਰਯੋਗ ਹੈ ਕਿ 30 ਸਾਲਾ ਬਬੀਤਾ ਨੇ ਸਾਲ 2014 ਅਤੇ 2018 ਦੀਆਂ ਕਾਮਨਵੈਲਥ ਖੇਡਾਂ 'ਚ ਸੋਨ ਤਮਗ਼ੇ ਜਿੱਤੇ ਸਨ। ਸਾਲ 2010 ਦੀ ਕਾਮਨਵੈਲਥ ਗੇਮਜ਼ 'ਚ ਉਸ ਨੇ ਚਾਂਦੀ ਦਾ ਤਮਗ਼ਾ ਜਿੱਤਿਆ ਸੀ। 2012 'ਚ ਆਯੋਜਿਤ ਵਿਸ਼ਵ ਰੈਸਲਿੰਗ ਚੈਂਪੀਅਨਸ਼ਿਪ 'ਚ ਬਬੀਤਾ ਨੇ ਕਾਂਸੀ ਦਾ ਤਮਗ਼ਾ ਜਿੱਤਿਆ ਸੀ। 2013 ਦੀ ਏਸ਼ੀਅਨ ਰੈਸਲਿੰਗ ਚੈਂਪੀਅਨਸ਼ਿਪ 'ਚ ਵੀ ਉਸ ਨੇ ਕਾਂਸੀ ਦਾ ਤਮਗ਼ਾ ਜਿੱਤਿਆ ਸੀ।

ਬਬੀਤਾ ਦਾ ਭਾਜਪਾ 'ਚ ਸ਼ਾਮਲ ਹੋਣਾ ਪਾਰਟੀ ਲਈ ਚੋਣਾਂ 'ਚ ਵੱਡੀ ਪ੍ਰਾਪਤੀ ਸਾਬਤ ਹੋ ਸਕਦੀ ਹੈ। ਬਬੀਤਾ ਅਤੇ ਉਨ੍ਹਾਂ ਦੀ ਭੈਣ ਗੀਤਾ ਦੀ ਜ਼ਿੰਦਗੀ 'ਤੇ 'ਦੰਗਲ' ਫ਼ਿਲਮ ਬਣ ਚੁੱਕੀ ਹੈ, ਜਿਸ 'ਚ ਮਹਾਵੀਰ ਫ਼ੋਗਾਟ ਦੀ ਭੂਮਿਕਾ ਆਮਿਰ ਖ਼ਾਨ ਨੇ ਨਿਭਾਈ ਸੀ। ਇਸ ਫ਼ਿਲਮ ਨੂੰ ਦੇਸ਼-ਵਿਦੇਸ਼ 'ਚ ਕਾਫ਼ੀ ਪਸੰਦ ਕੀਤਾ ਗਿਆ ਸੀ।