6 ਹਥਿਆਰਬੰਦ ਹਮਲਾਵਰਾਂ ਵੱਲੋਂ ਆਸ਼ਰਮ ਦੇ ਮਹੰਤ ’ਤੇ ਹਮਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲੁੱਟ ਦਾ ਵਿਰੋਧ ਕਰਨ ’ਤੇ ਕੁੱਟ-ਕੁੱਟ ਕੀਤਾ ਗੰਭੀਰ ਜ਼ਖ਼ਮੀ

6 ਹਥਿਆਰਬੰਦ ਹਮਲਾਵਰਾਂ ਵੱਲੋਂ ਆਸ਼ਰਮ ਦੇ ਮਹੰਤ ’ਤੇ ਹਮਲਾ

ਨਵੀਂ ਦਿੱਲੀ- ਯੋਗੀ ਸਰਕਾਰ ਵੱਲੋਂ ਸੂਬੇ ਵਿਚ ਅਮਨ ਸ਼ਾਂਤੀ ਹੋਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਮੁੱਜਫ਼ਰਨਗਰ ਵਿਚ ਹੋਈ ਇਕ ਵਾਰਦਾਤ ਨੇ ਯੋਗੀ ਸਰਕਾਰ ਦੇ ਇਨ੍ਹਾਂ ਦਾਅਵਿਆਂ ਦੀ ਫੂਕ ਕੱਢ ਕੇ ਰੱਖ ਦਿੱਤੀ ਹੈ। ਘਟਨਾ ਮੁਜ਼ੱਫ਼ਰਨਗਰ ਸਥਿਤ ਤਪੋਵਣ ਧਾਮ ਦੇ ਮਹੰਤ ਸਵਾਮੀ ਭਜਨਾਨੰਦ ਦੇ ਆਸ਼ਰਮ ਦੀ ਹੈ। ਜਿੱਥੇ ਛੇ ਅਣਪਛਾਤੇ ਹਥਿਆਰਬੰਦ ਹਮਲਾਵਰਾਂ ਨੇ ਲੁੱਟ-ਖੋਹ ਦੀ ਨੀਅਤ ਨਾਲ ਉਨ੍ਹਾਂ ’ਤੇ ਰਾਤ ਵੇਲੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰਕੇ ਫ਼ਰਾਰ ਹੋ ਗਏ।

ਭੋਪਾ ਥਾਣੇ ਵਿਚ ਪੁਲਿਸ ਕੋਲ ਘਟਨਾ ਦੀ ਸ਼ਿਕਾਇਤ ਕਰਦਿਆਂ ਭਜਨਾਨੰਦ ਦੇ ਭਤੀਜੇ ਸਹਿਦੇਵ ਸਿੰਘ ਨੇ ਦੱਸਿਆ ਕਿ ਤੜਕੇ ਕਰੀਬ ਢਾਈ-ਤਿੰਨ ਵਜੇ  ਕੁੱਝ ਬਦਮਾਸ਼ ਆਸ਼ਰਮ ਦੀ ਕੰਧ ’ਤੇ ਲਗਾਈ ਕੰਡਾਤਾਰ ਨੂੰ ਕੱਟ ਕੇ ਆਸ਼ਰਮ ਦੇ ਅੰਦਰ ਦਾਖ਼ਲ ਹੋ ਕੇ ਆਸ਼ਰਮ ਦੀ ਬਿਜਲੀ ਕੱਟ ਦਿੱਤੀ ਅਤੇ ਸਵਾਮੀ ਭਜਨਾਨੰਦ ਕੋਲੋਂ ਪੈਸਿਆਂ ਦੀ ਮੰਗ ਕਰਨ ਲੱਗੇ। ਵਿਰੋਧ ਕਰਨ ’ਤੇ ਉਨ੍ਹਾਂ ਨੇ ਸਵਾਮੀ ਦੀ ਕੁੱਟਮਾਰ ਕੀਤੀ। ਇਸ ਦੌਰਾਨ ਸਵਾਮੀ ਨੇ ਇਕ ਹਮਲਾਵਰ ਦੀ ਉਂਗਲੀ ’ਤੇ ਦੰਦੀ ਵੱਢ ਦਿੱਤੀ। ਜਿਸ ਤੋਂ ਬਾਅਦ ਹੋਰ ਭੜਕੇ ਹਮਲਾਵਰਾਂ ਨੇ ਉਨ੍ਹਾਂ ਨੂੰ ਕੁੱਟ-ਕੁੱਟ ਕੇ ਅਧਮਰਿਆ ਕਰ ਦਿੱਤਾ।

ਆਸ਼ਰਮ ਨਾਲ ਜੁੜੇ ਹੋਰ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੂੰ ਰੌਲੇ ਦੀ ਆਵਾਜ਼ ਸੁਣੀ ਤਾਂ ਉਹ ਭੱਜ ਕੇ ਆਸ਼ਰਮ ਵੱਲ ਗਏ। ਜਿੱਥੇ ਸਵਾਮੀ ਭਜਨਾਨੰਦ ਜ਼ਖ਼ਮੀ ਹਾਲਤ ਵਿਚ ਪਏ ਸਨ ਅਤੇ ਹਮਲਾਵਰ ਫ਼ਰਾਰ ਹੋ ਚੁੱਕੇ ਸਨ। ਜਾਣਕਾਰੀ ਮਿਲਣ ’ਤੇ ਪੁਲਿਸ ਵੀ ਮੌਕੇ ’ਤੇ ਪੁੱਜ ਗਈ। ਦਰਅਸਲ 70 ਸਾਲਾ ਸਵਾਮੀ ਭਜਨਾਨੰਦ ਇਕ ਸਾਬਕਾ ਫ਼ੌਜੀ ਹਨ। ਫ਼ੌਜ ਤੋਂ ਸੇਵਾਮੁਕਤ ਹੋਣ ਮਗਰੋਂ ਉਨ੍ਹਾਂ ਨੇ ਕਰੀਬ 20 ਸਾਲ ਪਹਿਲਾਂ ਸ਼ੁਕਰਤਾਲ-ਫਿਰੋਜ਼ਪੁਰ ਮਾਰਗ ’ਤੇ ਤਪੋਵਣ ਯੋਗ ਆਸ਼ਰਮ ਸਥਾਪਿਤ ਕਰ ਲਿਆ ਸੀ। ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਅਤੇ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ।