ਸੀਆਰਪੀਐਫ਼ ਦੇ ਜਵਾਨ ਸਿਖ ਰਹੇ ਹਨ ਆਦਿਵਾਸੀਆਂ ਦੀ ਭਾਸ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੀਆਰਪੀਐਫ਼ ਨੇ ਝਾਰਖੰਡ ਦੇ ਆਦਿਵਾਸੀਆਂ ਅਤੇ ਸਥਾਨਕ ਲੋਕਾਂ ਦੀਆਂ ਭਾਸ਼ਾਵਾਂ, ਰੀਤੀ ਰਿਵਾਜ ਅਤੇ ਰਵਾਇਤਾਂ ਬਾਰੇ ਅਪਣੇ ਜਵਾਨਾਂ ਨੂੰ ਸਿਖਲਾਈ ਦੇਣੀ ਸ਼ੁਰੂ ਕੀਤੀ.......

CRPF Soldier

ਬੰਗਲੌਰ  : ਸੀਆਰਪੀਐਫ਼ ਨੇ ਝਾਰਖੰਡ ਦੇ ਆਦਿਵਾਸੀਆਂ ਅਤੇ ਸਥਾਨਕ ਲੋਕਾਂ ਦੀਆਂ ਭਾਸ਼ਾਵਾਂ, ਰੀਤੀ ਰਿਵਾਜ ਅਤੇ ਰਵਾਇਤਾਂ ਬਾਰੇ ਅਪਣੇ ਜਵਾਨਾਂ ਨੂੰ ਸਿਖਲਾਈ ਦੇਣੀ ਸ਼ੁਰੂ ਕੀਤੀ ਹੈ। ਇਸ ਕਦਮ ਦਾ ਮਕਸਦ ਨਕਸਲੀਆਂ ਵਿਰੁਧ ਅਹਿਮ ਖ਼ੁਫ਼ੀਆ ਸੂਚਨਾ ਇਕੱਠੀ ਕਰਨਾ ਅਤੇ ਸਥਾਨਕ ਲੋਕਾਂ ਨਾਲ ਮੇਲਜੇਲ ਵਧਾਉਣਾ ਹੈ। ਕੇਂਦਰੀ ਰਿਜ਼ਰਵ ਪੁਲਿਸ ਬਲ ਦੇਸ਼ ਵਿਚ ਨਕਸਲ ਵਿਰੋਧੀ ਮੁਹਿੰਮ ਚਲਾਉਣ ਵਾਲਾ ਅਹਿਮ ਬਲ ਹੈ। ਇਸ ਨੇ ਆਦਿਵਾਸੀ ਬਹੁਗਿਣਤੀ ਰਾਜ ਵਿਚ ਮਾਉਵਾਦੀਆਂ ਵਿਰੁਧ ਮੁਹਿੰਮ ਚਲਾਉਣ ਵਾਸਤੇ 20 ਬਟਾਲੀਅਨਾਂ ਯਾਨੀ ਕਰੀਬ 20 ਹਜ਼ਾਰ ਜਵਾਨ ਤੈਨਾਤ ਕੀਤੇ ਹੋਏ ਹਨ।

ਇਸ ਪ੍ਰੋਗਰਾਮ ਤਹਿਤ ਘੱਟੋ ਘੱਟ 1200 ਜਵਾਨਾਂ ਨੂੰ 'ਕੈਪਸੂਲ ਕੋਰਸ' ਤਹਿਤ ਆਦਿਵਾਸੀਆਂ ਦੀ ਜੀਵਨਸ਼ੈਲੀ ਬਾਰੇ ਬੁਨਿਆਦੀ ਜਾਣਕਾਰੀ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਨੂੰ ਇਸ ਪਾਠਕ੍ਰਮ ਤਹਿਤ ਸਥਾਨਕ ਇਲਾਕੇ ਵਿਚ ਹਫ਼ਤਾਵਾਰੀ ਹਾਟਾਂ ਅਤੇ ਸਭਿਆਚਾਰਕ ਪ੍ਰੋਗਰਾਮਾਂ ਦਾ ਵੀ ਗਿਆਨ ਕਰਾਇਆ ਜਾਵੇਗਾ। 
ਝਾਰਖੰਡ ਵਿਚ ਸੀਆਰਪੀਐਫ਼ ਦੇ ਡੀਜੀਪੀ ਸੰਜੇ ਏ ਲਠਕਰ ਨੇ ਦਸਿਆ, 'ਅਸੀਂ ਸੂਬੇ ਦੇ ਦੂਰ ਦੁਰਾਡੇ ਦੇ ਇਲਾਕਿਆਂ 'ਚ ਤੈਨਾਤ ਹਾਂ ਜਿਥੇ ਜਵਾਨ ਜਾਂ ਅਧਿਕਾਰੀ ਨੂੰ ਇਲਾਕੇ ਦੇ ਆਦਿਵਾਸੀਆਂ ਅਤੇ ਸਥਾਨਕ ਲੋਕਾਂ ਨਾਲ ਗੱਲਬਾਤ ਕਰਨੀ ਪੈਂਦੀ ਹੈ।

ਸਥਾਨਕ ਭਾਸ਼ਾ ਦੀ ਜਾਣਕਾਰੀ ਦੀ ਕਮੀ ਕਾਰਨ ਸੂਚਨਾ ਇਕੱਠੀ ਕਰਨਾ ਮੁਸ਼ਕਲ ਹੁੰਦਾ ਹੈ। ਇਸ ਤੋਂ ਇਲਾਵਾ ਸਥਾਨਕ ਲੋਕਾਂ ਦੀ ਭਲਾਈ ਲਈ ਕੰਮ ਕਰਨਾ ਵੀ ਮੁਸ਼ਕਲ ਹੁੰਦਾ ਹੈ।' ਉਨ੍ਹਾਂ ਦਸਿਆ ਕਿ ਸ਼ੁਰੂਆਤ ਵਿਚ ਹਰ ਬਟਾਲੀਅਨ ਦੇ ਕਰੀਬ 60 ਮੁਲਾਜ਼ਮਾਂ ਨੂੰ ਕੁੱਝ ਭਾਸ਼ਾਵਾਂ ਅਤੇ ਆਦਿਵਾਸੀਆਂ ਦੇ ਰੀਤੀ ਰਿਵਾਜ ਅਤੇ ਰਵਾਇਤਾਂ ਦੀ ਸਿਖਲਾਈ ਦੇਣ ਦੀ ਤਜਵੀਜ਼ ਹੈ। ਉਨ੍ਹਾਂ ਦਸਿਆ ਕਿ ਇਹ ਮੁਲਾਜ਼ਮ ਅਪਣੀਆਂ ਇਕਾਈਆਂ ਵਿਚ ਹੋਰ ਵੀ ਜਵਾਨਾਂ ਨੂੰ ਸਿਖਲਾਈ ਦੇਣਗੇ। ਸੁਰੱਖਿਆ ਬਲਾਂ ਦਾ ਮੰਨਣਾ ਹੈ ਕਿ ਮਾਉਵਾਦ ਵਿਰੋਧੀ ਮੁਹਿੰਮ ਵਿਚ ਸਫ਼ਲਤਾ ਹਾਸਲ ਕਰਨ ਲਈ ਇਲਾਕੇ ਦੀ ਜਾਣਕਾਰੀ ਅਤੇ ਲੋਕਾਂ ਨਾਲੀ ਰਾਬਤਾ ਬਹੁਤ ਜ਼ਰੂਰੀ ਹੈ।  (ਏਜੰਸੀ)