ਭਾਜਪਾ ਵਿਧਾਇਕ ਦਾ ਦਾਅਵਾ, ਹਨੂੰਮਾਨ ਨੂੰ ਦਸਿਆ ਵਿਸ਼ਵ ਦੇ ਪਹਿਲੇ ਆਦਿਵਾਸੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਜਸਥਾਨ ਕੇ ਅਲਵਰ ਤੋਂ ਭਾਜਪਾ ਵਿਧਾਇਕ ਗਿਆਨ ਦੇਵ ਅਹੂਜਾ ਨੇ ਅਜ਼ੀਬੋ ਗਰ਼ੀਬ ਬਿਆਨ ਦਿੰਦੇ ਹੋਏ ਦਾਅਵਾ ਕੀਤਾ ਹੈ ਕਿ ਭਗਵਾਨ ਹਨੂੰਮਾਨ...

BJP MLA Gyan Dev Ahuja

ਜੈਪੁਰ : ਰਾਜਸਥਾਨ ਅਲਵਰ ਤੋਂ ਭਾਜਪਾ ਵਿਧਾਇਕ ਗਿਆਨ ਦੇਵ ਅਹੂਜਾ ਨੇ ਅਜ਼ੀਬੋ ਗਰ਼ੀਬ ਬਿਆਨ ਦਿੰਦੇ ਹੋਏ ਦਾਅਵਾ ਕੀਤਾ ਹੈ ਕਿ ਭਗਵਾਨ ਹਨੂੰਮਾਨ ਦੁਨੀਆ ਦੇ ਪਹਿਲੇ ਆਦਿਵਾਸੀ ਸਨ। ਅਹੂਜਾ ਨੂੰ ਵਿਸ਼ਵਾਸ ਹੈ ਕਿ ਹਨੂੰਮਾਨ ਆਦਿਵਾਸੀਆਂ ਦੇ ਵਿਚਕਾਰ ਪਰਮ ਪੂਜਣਯੋਗ ਹਨ ਕਿਉਂਕਿ ਉਨ੍ਹਾਂ ਨੇ ਆਦਿਵਾਸੀਆਂ ਨੂੰ ਇਕੱਠੇ ਕਰ ਕੇ ਇਕ ਫ਼ੌਜ ਬਣਾਈ ਸੀ, ਜਿਨ੍ਹਾਂ ਨੂੰ ਭਗਵਾਨ ਰਾਮ ਨੇ ਖ਼ੁਦ ਸਿਖ਼ਲਾਈ ਦਿਤੀ ਸੀ। 

ਵਿਧਾਇਕ ਨੇ ਕਿਹਾ ਕਿ 2 ਅਪ੍ਰੈਲ ਨੂੰ ਦਲਿਤ ਸੰਗਠਨ ਦੁਆਰਾ ਭਾਰਤ ਬੰਦ ਅੰਦੋਲਨ ਦੌਰਾਨ ਹਨੂੰਮਾਨ ਦੀ ਇਕ ਤਸਵੀਰ ਦਾ ਅਪਮਾਨ ਕੀਤੇ ਜਾਣ ਦਾ ਵੀਡੀਓ ਦੇਖ ਕੇ ਉਨ੍ਹਾਂ ਨੂੰ ਬੇਹੱਦ ਦੁੱਖ ਹੋਇਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਹੂਜਾ ਨੇ ਕਿਹਾ ਕਿ ਉਨ੍ਹਾਂ ਨੇ ਭਾਜਪਾ ਸਾਂਸਦ ਕਿਰੋੜੀ ਲਾਲ ਮੀਣਾ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਕਿਹਾ ਕਿ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਤੁਸੀਂ ਖ਼ੁਦ ਨੂੰ ਆਦਿਵਾਸੀ ਕਹਿੰਦੇ ਹੋ ਅਤੇ ਫਿਰ ਵੀ ਹਨੂੰਮਾਨ ਜੀ ਦਾ ਸਨਮਾਨ ਨਹੀਂ ਕਰਦੇ।

ਉਨ੍ਹਾਂ ਕਿਹਾ ਕਿ ਹਨੂੰਮਾਨ ਆਦਿਵਾਸੀਆਂ ਦੇ ਵਿਚਕਾਰ ਪਹਿਲੇ ਭਗਵਾਨ ਮੰਨੇ ਜਾਂਦੇ ਹਨ। ਮੈਨੂੰ ਨਹੀਂ ਪਤਾ ਕਿ ਹਨੂੰਮਾਨ ਦੀ ਤਸਵੀਰ ਦਾ ਅਪਮਾਨ ਕਿਉਂ ਕੀਤਾ ਗਿਆ, ਇਹ ਮੰਦਭਾਗਾ ਹੈ। ਵੈਸੇ ਭਾਜਪਾ ਦੇ ਇਹ ਵਿਧਾਇਕ ਪਹਿਲੀ ਵਾਰ ਅਜਿਹਾ ਬਿਆਨ ਨਹੀਂ ਦੇ ਰਹੇ, ਬਲਕਿ ਪਹਿਲਾਂ ਵੀ ਉਨ੍ਹਾਂ ਦੇ ਕੁੱਝ ਬਿਆਨਾਂ 'ਤੇ ਵਿਵਾਦ ਹੋ ਚੁੱਕਿਆ ਹੈ। 

ਫ਼ਰਵਰੀ 2016 ਵਿਚ ਉਨ੍ਹਾਂ ਦਾਅਵਾ ਕੀਤਾ ਸੀ ਕਿ ਜੇਐਨਯੂ ਕੈਂਪਸ ਵਿਚ ਹਰ ਦਿਨ 3 ਹਜ਼ਾਰ ਕੰਡੋਮ ਅਤੇ 2 ਹਜ਼ਾਰ ਸ਼ਰਾਬ ਦੀਆਂ ਬੋਤਲਾਂ ਪਾਈਆਂ ਜਾਂਦੀਆਂ ਹਨ। ਉਥੇ ਪਿਛਲੇ ਸਾਲ ਦਸੰਬਰ ਵਿਚ ਉਨ੍ਹਾਂ ਨੇ ਕਿਹਾ ਕਿ ਜੋ ਲੋਕ ਗਊ ਹੱਤਿਆ ਅਤੇ ਗਊ ਤਸਕਰੀ ਵਿਚ ਸ਼ਾਮਲ ਹੁੰਦੇ ਹਨ, ਉਨ੍ਹਾਂ ਨੂੰ ਵੀ ਇਸੇ ਤਰ੍ਹਾਂ ਮਾਰ ਦੇਣਾ ਚਾਹੀਦਾ ਹੈ।