ਹੁਣ ਝਾਰਖੰਡ ਵਿਚ ਵੀ ਐਨਡੀਏ ਦੋਫਾੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਐਲਜੀਪੀ 50 ਸੀਟਾਂ 'ਤੇ ਇਕੱਲਿਆਂ ਲੜੇਗੀ

Now, BJP alliance trouble in Jharkhand

ਰਾਂਚੀ : ਲੋਕ ਜਨਸ਼ਕਤੀ ਪਾਰਟੀ ਨੇ ਝਾਰਖੰਡ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਤੋਂ ਵੱਖ ਹੋ ਕੇ ਚੋਣਾਂ ਲੜਨੀ ਦਾ ਐਲਾਨ ਕੀਤਾ ਹੈ। ਪਾਰਟੀ 81 ਵਿਚੋਂ 50 ਸੀਟਾਂ 'ਤੇ ਚੋਣ ਲੜੇਗੀ। ਪਾਰਟੀ ਦੇ ਕੌਮੀ ਪ੍ਰਧਾਨ ਚਿਰਾਗ ਪਾਸਵਾਨ ਨੇ ਇਹ ਜਾਣਕਾਰੀ ਦਿਤੀ। ਝਾਰਖੰਡ ਵਿਚ 30 ਨਵੰਬਰ ਤੋਂ ਪੰਜ ਗੇੜਾਂ ਵਿਚ ਵੋਟਾਂ ਪੈਣਗੀਆਂ। ਨਤੀਜੇ 23 ਦਸੰਬਰ ਨੂੰ ਆਉਣਗੇ।

ਇਸ ਤੋਂ ਪਹਿਲਾਂ ਲੋਜਪਾ ਨੇ ਭਾਜਪਾ ਨਾਲ ਸੰਪਰਕ ਕੀਤਾ ਸੀ ਅਤੇ ਝਾਰਖੰਡ ਵਿਧਾਨ ਸਭਾ ਚੋਣਾਂ ਵਿਚ ਗਠਜੋੜ ਤਹਿਤ ਚੋਣਾਂ ਲੜਨ ਦੀ ਪੇਸ਼ਕਸ਼ ਕੀਤੀ ਸੀ। ਲੋਜਪਾ ਨੇ ਭਾਜਪਾ ਕੋਲੋਂ ਛੇ ਸੀਟਾਂ ਮੰਗੀਆਂ ਸਨ ਪਰ ਭਾਜਪਾ ਨੇ ਇਨ੍ਹਾਂ ਸੀਟਾਂ 'ਤੇ ਅਪਣੇ ਉਮੀਦਵਾਰਾਂ ਦਾ ਐਲਾਨ ਕਰ ਦਿਤਾ। ਸੋਮਵਾਰ ਨੂੰ ਹੀ ਪਾਰਟੀ ਨੇ ਇਕੱਲਿਆਂ ਚੋਣ ਲੜਨ ਦਾ ਮਨ ਬਣਾ ਲਿਆ ਸੀ ਤੇ ਚਿਰਾਗ ਪਾਸਵਾਨ ਨੇ ਮੰਗਲਵਾਰ ਨੂੰ ਐਲਾਨ ਵੀ ਕਰ ਦਿਤਾ।

ਉਧਰ, ਸਰਕਾਰ ਵਿਚ ਭਾਈਵਾਲ ਆਜਸੂ ਨੇ ਵੀ ਭਾਜਪਾ ਵਿਰੁਧ ਉਮੀਦਵਾਰ ਐਲਾਨ ਦਿਤੇ ਹਨ। ਭਾਜਪਾ ਦੇ ਸੂਬਾ ਪ੍ਰਧਾਨ ਲਕਸ਼ਮਣ ਦੀ ਸੀਟ ਤੋਂ ਵੀ ਇਸ ਪਾਰਟੀ ਨੇ ਉਮੀਦਵਾਰ ਐਲਾਨ ਦਿਤਾ ਹੈ। ਪਾਰਟੀ ਆਗੂ ਸਦੇਸ਼ ਮਹਿਤੋ ਨੇ ਕਿਹਾ ਕਿ ਹਾਲੇ ਸੰਭਾਵਨਾਵਾਂ ਖ਼ਤਮ ਨਹੀਂ ਹੋਈਆਂ। ਭਾਜਪਾ ਹਾਈ ਕਮਾਨ ਦੇ ਜਵਾਬ ਦੀ ਉਡੀਕ ਕੀਤੀ ਜਾ ਰਹੀ ਹੈ।