ਮੋਦੀ ਨੇ ਕੀਤੀ ਵਿਸ਼ਵ ਸਿਹਤ ਸੰਗਠਨ ਮੁਖੀ ਨਾਲ ਗੱਲਬਾਤ, ਕਰੋਨਾ ਨਾਲ ਨਜਿੱਠਣ ਸਬੰਧੀ ਹੋਈ ਚਰਚਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵਿਸ਼ਵ ਸਿਹਤ ਸੰਗਠਨ ਨੇ ਵੱਖ-ਵੱਖ ਕੋਸ਼ਿਸ਼ਾਂ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕੀਤਾ ਧਨਵਾਦ

Narendra Modi

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਟੀਏ ਗੈਬ੍ਰਾਏਜ਼ ਨਾਲ ਕੋਵਿਡ-19 ਮਹਾਂਮਾਰੀ ਨਾਲ ਨਜਿੱਠਣ ਲਈ ਗਲੋਬਲ ਪੱਧਰ 'ਤੇ ਜਾਰੀ ਭਾਈਵਾਲੀ ਦੇ ਸਬੰਧ ਵਿਚ ਬੁਧਵਾਰ ਨੂੰ ਚਰਚਾ ਕੀਤੀ। ਇਸ ਚਰਚਾ ਦੌਰਾਨ ਉਹ ਆਧੁਨਿਕ ਦਵਾਈ ਦੇ ਨਾਲ ਰਵਾਇਤੀ ਦਵਾਈ ਨੂੰ ਸ਼ਾਮਲ ਕਰਨ ਲਈ ਸਹਿਮਤ ਹੋਏ।

ਪ੍ਰਧਾਨ ਮੰਤਰੀ ਦਫ਼ਤਰ ਵਲੋਂ ਜਾਰੀ ਬਿਆਨ ਅਨੁਸਾਰ ਪ੍ਰਧਾਨ ਮੰਤਰੀ ਮੋਦੀ ਨੇ ਵਿਸ਼ਵ ਸਿਹਤ ਸੰਗਠਨ ਦੇ ਮੁਖੀ ਨਾਲ ਫ਼ੋਨ 'ਤੇ ਗੱਲ਼ਬਾਤ ਕੀਤੀ ਅਤੇ ਮਹਾਂਮਾਰੀ ਨਾਲ ਨਜਿੱਠਣ ਲਈ ਗਲੋਬਲ ਭਾਈਵਾਲੀ ਦੇ ਤਾਲਮੇਲ ਵਿਚ ਸੰਗਠਨ ਦੀ ਮਹੱਤਵਪੂਰਨ ਭੂਮਿਕਾ ਦੀ ਤਾਰੀਫ਼ ਕੀਤੀ। ਗੱਲਬਾਤ ਦੌਰਾਨ ਮੋਦੀ ਨੇ ਇਸ ਗੱਲ 'ਤੇ ਵੀ ਜ਼ੋਰ ਦਿਤਾ ਕਿ ਹੋਰ ਬੀਮਾਰੀਆਂ ਵਿਰੁਧ ਲੜਾਈ ਨਾਲ ਵੀ ਧਿਆਨ ਨਹੀਂ ਹਟਣਾ ਚਾਹੀਦਾ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਕਾਸਸ਼ੀਲ ਦੇਸ਼ਾਂ ਵਿਚ ਸਿਹਤ ਪ੍ਰਣਾਲੀ ਨੂੰ ਸੰਗਠਨ ਤੋਂ ਮਿਲਣ ਵਾਲੀ ਸਹਾਇਤਾ ਦੀ ਵੀ ਤਾਰੀਫ਼ ਕੀਤੀ।

ਪ੍ਰਧਾਨ ਮੰਤਰੀ ਨੇ ਗੱਲਬਾਤ ਦੌਰਾਨ ਸੰਗਠਨ ਮੁਖੀ ਨੂੰ ਦਸਿਆ ਕਿ 'ਕੋਵਿਡ-19 ਲਈ ਆਯੂਰਵੈਦ' ਥੀਮ ਦੇ ਆਧਾਰ 'ਤੇ 13 ਨਵੰਬਰ ਨੂੰ ਦੇਸ਼ ਵਿਚ ਆਯੂਰਵੈਦ ਦਿਵਸ ਮਨਾਇਆ ਜਾਣਾ ਹੈ। ਇਸ ਤੋਂ ਬਾਅਦ ਵਿਸ਼ਵ ਸਿਹਤ ਸੰਗਠਨ ਮੁਖੀ ਨੇ ਟਵੀਟ ਕਰ ਕੇ ਵੱਖ-ਵੱਖ ਕੋਸ਼ਿਸ਼ਾਂ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ।

ਡਬਲਯੂਐਚਓ ਮੁਖੀ ਟੀਏ ਗੈਬ੍ਰਾਏਜ਼ ਨੇ ਕਿਹਾ ਕਿ ਸਾਡੇ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਵਿਸ਼ਵ ਪੱਧਰ 'ਤੇ ਰਵਾਇਤੀ ਦਵਾਈ ਦੀ ਗਿਆਨ, ਖੋਜ ਅਤੇ ਸਿਖਲਾਈ ਤਕ ਪਹੁੰਚ ਵਧਾਉਣ ਲਈ ਸਕਾਰਾਤਮਕ ਗੱਲਬਾਤ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ। ਵਿਸ਼ਵ ਸਿਹਤ ਸੰਗਠਨ ਸਿਹਤ ਅਤੇ ਵਿਸ਼ਵਵਿਆਪੀ ਸਿਹਤ ਕਵਰੇਜ ਵਿਚ ਭਾਰਤ ਦੀ ਪ੍ਰਮੁੱਖ ਭੂਮਿਕਾ ਦਾ ਸਵਾਗਤ ਕਰਦਾ ਹੈ।