ਕੰਗਨਾ ਰਣੌਤ 'ਤੇ ਭੜਕੇ NCP ਆਗੂ ਨਵਾਬ ਮਲਿਕ, ਕਿਹਾ ਵਾਪਸ ਲਿਆ ਜਾਵੇ ਪਦਮ ਸ਼੍ਰੀ ਪੁਰਸਕਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਕਸਰ ਵਿਵਾਦਾਂ ਵਿਚ ਰਹਿਣ ਵਾਲੀ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਵੱਲੋਂ ਦੇਸ਼ ਦੀ ਆਜ਼ਾਦੀ ਨੂੰ ਲੈ ਕੇ ਦਿੱਤੇ ਗਏ ਬਿਆਨ ਨੂੰ ਲੈ ਕੇ ਵਿਵਾਦ ਵਧਦਾ ਜਾ ਰਿਹਾ ਹੈ।

Nawab Malik and Kangana Ranaut

ਮੁੰਬਈ: ਅਪਣੇ ਬਿਆਨਾਂ ਨੂੰ ਲੈ ਕੇ ਅਕਸਰ ਵਿਵਾਦਾਂ ਵਿਚ ਰਹਿਣ ਵਾਲੀ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਵੱਲੋਂ ਦੇਸ਼ ਦੀ ਆਜ਼ਾਦੀ ਨੂੰ ਲੈ ਕੇ ਦਿੱਤੇ ਗਏ ਬਿਆਨ ਨੂੰ ਲੈ ਕੇ ਵਿਵਾਦ ਵਧਦਾ ਜਾ ਰਿਹਾ ਹੈ। ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ) ਦੇ ਨੇਤਾ ਅਤੇ ਮਹਾਰਾਸ਼ਟਰ ਸਰਕਾਰ ਵਿਚ ਮੰਤਰੀ ਨਵਾਬ ਮਲਿਕ ਨੇ ਪ੍ਰੈਸ ਕਾਨਫਰੰਸ ਦੌਰਾਨ ਕੰਗਨਾ ਨੂੰ ਨਿਸ਼ਾਨੇ ’ਤੇ ਲਿਆ ਹੈ।

ਹੋਰ ਪੜ੍ਹੋ: ਦੂਜਿਆਂ ਦੀ ਜਾਨ ਬਚਾਉਂਦਾ ਹੋਇਆ ਫੌਜੀ ਜਵਾਨ ਹੋਇਆ ਸ਼ਹੀਦ

ਨਵਾਬ ਮਲਿਕ ਨੇ ਮੰਗ ਕੀਤੀ ਹੈ ਕਿ ਅਭਿਨੇਤਰੀ ਤੋਂ ਪਦਮ ਸ਼੍ਰੀ ਪੁਰਸਕਾਰ ਵਾਪਸ ਲਿਆ ਜਾਵੇ ਅਤੇ ਉਸ ਦੇ ਖਿਲਾਫ ਮਾਮਲਾ ਦਰਜ ਕੀਤਾ ਜਾਵੇ। ਮਲਿਕ ਨੇ ਕਿਹਾ ਕਿ ਕੰਗਨਾ ਨੇ ਦੇਸ਼ ਦੀ ਆਜ਼ਾਦੀ ਲਈ ਜਾਨਾਂ ਵਾਰਨ ਵਾਲੇ ਆਜ਼ਾਦੀ ਘੁਲਾਟੀਆਂ ਦਾ ਅਪਮਾਨ ਕੀਤਾ ਹੈ, ਉਸ ਨੂੰ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ। ਮਲਿਕ ਨੇ ਕਿਹਾ ਕਿ ਉਹਨਾਂ ਨੂੰ ਲੱਗਦਾ ਹੈ ਕਿ ਕੰਗਨਾ ਮਲਾਨਾ ਕਰੀਮ (ਹਿਮਾਚਲੀ ਡਰੱਗ) ਦੀ ਓਵਰਡੋਜ਼ ਲੈ ਕੇ ਬਿਆਨਬਾਜ਼ੀ ਕਰ ਰਹੀ ਹੈ।

ਹੋਰ ਪੜ੍ਹੋ: ਕੈਪਟਨ ਨੇ ਉਮੀਦ ਮੁਤਾਬਕ ਕੰਮ ਨਹੀਂ ਕੀਤਾ ਇਸੇ ਕਰ ਕੇ ਕੁਰਸੀ ਤੋਂ ਲਾਹਿਆ - ਬੀਬੀ ਭੱਠਲ

ਇਸ ਤੋਂ ਪਹਿਲਾਂ ਕਾਂਗਰਸ ਦੇ ਸੀਨੀਅਰ ਨੇਤਾ ਆਨੰਦ ਸ਼ਰਮਾ ਨੇ ਕਿਹਾ ਸੀ, 'ਕੰਗਨਾ ਰਣੌਤ ਦਾ ਬਿਆਨ ਸਿਰਫ ਮਹਾਤਮਾ ਗਾਂਧੀ, ਪੰਡਿਤ ਨਹਿਰੂ ਅਤੇ ਸਰਦਾਰ ਪਟੇਲ ਵਰਗੇ ਆਜ਼ਾਦੀ ਘੁਲਾਟੀਆਂ ਦਾ ਹੀ ਨਹੀਂ ਸਗੋਂ ਸਰਦਾਰ ਭਗਤ ਸਿੰਘ, ਚੰਦਰਸ਼ੇਖਰ ਆਜ਼ਾਦ ਵਰਗੇ ਕ੍ਰਾਂਤੀਕਾਰੀਆਂ ਦੀਆਂ ਕੁਰਬਾਨੀਆਂ ਦਾ ਵੀ ਅਪਮਾਨ ਹੈ।' ਉਹਨਾਂ ਇਹ ਵੀ ਕਿਹਾ, 'ਪ੍ਰਧਾਨ ਮੰਤਰੀ ਨੂੰ ਆਪਣੀ ਚੁੱਪ ਤੋੜਨੀ ਚਾਹੀਦੀ ਹੈ ਅਤੇ ਦੇਸ਼ ਨੂੰ ਦੱਸਣਾ ਚਾਹੀਦਾ ਹੈ ਕਿ ਕੀ ਉਹ ਕੰਗਨਾ ਰਣੌਤ ਦੀ ਰਾਏ ਦਾ ਸਮਰਥਨ ਕਰਦੇ ਹਨ। ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਸਰਕਾਰ ਨੂੰ ਅਜਿਹੇ ਲੋਕਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ।

ਹੋਰ ਪੜ੍ਹੋ: Fact Check: ਕੀ ਆਸਟ੍ਰੇਲੀਆ ਤੋਂ ਮਿਲੀ ਹਾਰ ਤੋਂ ਬਾਅਦ ਪਾਕਿਸਤਾਨ ਸਮਰਥਕਾਂ ਨੇ ਤੋੜੇ ਟੀਵੀ? 

ਦੱਸ ਦੇਈਏ ਕਿ ਕੰਗਨਾ ਨੇ ਇਹ ਕਹਿ ਕੇ ਵਿਵਾਦ ਪੈਦਾ ਕਰ ਦਿੱਤਾ ਕਿ ਭਾਰਤ ਨੂੰ ਅਸਲ ਆਜ਼ਾਦੀ 2014 ਵਿਚ ਮਿਲੀ, ਜਦਕਿ 1947 ਵਿਚ ਮਿਲੀ ਆਜ਼ਾਦੀ ਨਹੀਂ ਸੀ ਬਲਕਿ ਇਕ ਭੀਖ ਸੀ। ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਵਰੁਣ ਗਾਂਧੀ ਨੇ ਅਭਿਨੇਤਰੀ ਕੰਗਨਾ ਰਣੌਤ ਦੀ ਇਸ ਕਥਿਤ ਟਿਪਣੀ ’ਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਸੀ। ਵਰੁਣ ਗਾਂਧੀ ਨੇ ਅਭਿਨੇਤਰੀ ਦੀ ਇਕ ਵੀਡੀਉ ਕਲਿਪ ਵੀ ਸਾਂਝੀ ਕੀਤੀ ਜਿਸ ਵਿਚ ਇਕ ਨਿਊਜ਼ ਚੈਨਲ ਦੇ ਪ੍ਰੋਗਰਾਮ ਦੌਰਾਨ ਕੰਗਨਾ ਰਣੌਤ ਨੂੰ ਇਹ ਕਹਿੰਦਿਆਂ ਸੁਣਿਆ ਜਾ ਸਕਦਾ ਹੈ, ‘‘ਵੋਹ ਆਜ਼ਾਦੀ ਨਹੀਂ ਬਲਕਿ ਭੀਖ ਸੀ ਅਤੇ ਜੋ ਆਜ਼ਾਦੀ ਮਿਲੀ ਹੈ, ਉਹ 2014 ਵਿਚ ਮਿਲੀ।’’ ਹਾਲ ਹੀ ਵਿਚ ਪਦਮ ਸ਼੍ਰੀ ਸਨਮਾਨ ਹਾਸਲ ਕਰਨ ਵਾਲੀ ਕੰਗਨਾ ਰਣੌਤ ਦਾ ਇਸ਼ਾਰਾ 2014 ਵਿਚ ਭਾਜਪਾ ਦੇ ਸੱਤਾ ਵਿਚ ਆਉਣ ਵੱਲ ਸੀ।