ਨਿਰਭਿਆ ਦੇ ਦੋਸ਼ੀਆਂ ਨੂੰ ਇਕੱਠੇ ਫਾਂਸੀ 'ਤੇ ਟੰਗ ਕੇ 'ਦਾਦੇ' ਦਾ ਰਿਕਾਰਡ ਤੋੜੇਗਾ 'ਪੋਤਰਾ'

ਏਜੰਸੀ

ਖ਼ਬਰਾਂ, ਰਾਸ਼ਟਰੀ

22 ਜਨਵਰੀ ਨੂੰ ਸਵੇਰੇ 7 ਵਜੇ ਲਗਾਈ ਜਾਵੇਗੀ ਫਾਂਸੀ

file photo

ਮੇਰਠ : ਆਮ ਤੌਰ 'ਤੇ ਹਰ ਕਿਸੇ ਨੂੰ ਵਿਰਾਸਤ ਵਿਚ ਜ਼ਮੀਨ-ਜਾਇਦਾਦ ਜਾਂ ਚੰਗੇ ਸੰਸਕਾਰ ਮਿਲਦੇ ਹਨ। ਪਰ ਯੂਪੀ ਦੇ ਮੇਰਠ ਸ਼ਹਿਰ ਵਿਚ ਇਕ ਵਿਅਕਤੀ ਨੂੰ ਵਿਰਾਸਤ ਵਿਚ 'ਜੱਲਾਦੀ' ਮਿਲੀ ਹੈ । ਖ਼ਬਰਾਂ ਅਨੁਸਾਰ ਹੁਣ ਇਸ ਪਰਵਾਰ ਦਾ ਪਵਨ ਜੱਲਾਦ  (ਚੌਥੀ ਪੀੜ੍ਹੀ) ਨਿਰਭਿਆ ਦੇ ਚਾਰਾਂ ਦੋਸ਼ੀਆਂ ਨੂੰ ਤਿਹਾੜ ਜੇਲ੍ਹ ਅੰਦਰ ਫਾਹੇ ਟੰਗੇਗਾ। ਚਾਰਾਂ ਦੋਸ਼ੀਆਂ ਨੂੰ 22 ਜਨਵਰੀ ਦੀ ਸਵੇਰੇ 7 ਵਜੇ ਫ਼ਾਂਸੀ 'ਤੇ ਲਮਕਾਇਆ ਜਾਵੇਗਾ।

ਇਸ ਪਰਵਾਰ ਨੂੰ ਲੋਕ ਜੱਲਾਦਾਂ ਦੇ ਪਰਵਾਰ ਵਜੋਂ ਜਾਣਦੇ ਹਨ। 1950-60 ਦਹਾਕੇ ਦੌਰਾਨ ਇਸ ਪਰਵਾਰ ਦੀ ਪਹਿਲੀ ਪੀੜ੍ਹੀ ਦੇ ਮੁਖੀ ਲਕਸ਼ਮਣ ਅਦਾਲਤਾਂ ਤੋਂ ਫਾਂਸੀ ਦੀ ਸਜ਼ਾ ਪਾ ਚੁੱਕੇ ਮੁਜ਼ਰਮਾਂ ਨੂੰ ਫ਼ਾਂਸੀ ਚਾੜ੍ਹਣ ਦਾ ਕੰਮ ਕਰਦੇ ਸਨ। ਹੁਣ ਇਸੇ ਖਾਨਦਾਨ ਵਿਚੋਂ ਲਕਸ਼ਮਣ ਜੱਲਾਦ ਦਾ ਪੜਪੋਤਾ ਯਾਨੀ,  ਲਕਸ਼ਮਣ ਦੇ ਮਰਹੂਮ ਜੱਲਾਦ ਬੇਟੇ ਕਾਲੂ ਰਾਮ ਜੱਲਾਦ ਦੇ ਪੁੱਤਰ ਦਾ ਪੁੱਤਰ (ਚੌਥੀ ਪੀੜ੍ਹੀ) ਪਵਨ ਜੱਲਾਦ ਅਪਣੀ ਜ਼ਿੰਦਗੀ ਦੀ ਪਹਿਲੀ ਫ਼ਾਂਸੀ ਦੇਣ ਦੀ ਤਿਆਰੀ ਕਰ ਰਿਹਾ ਹੈ।

ਪੰਜ ਫਾਂਸੀਆਂ ਵਿਚ ਦਾਦੇ ਦੀ ਕਰ ਚੁੱਕੈ ਮਦਦ : ਪਵਨ ਜੱਲਾਦ ਇਸ ਤੋਂ ਪਹਿਲਾਂ ਕਰੀਬ ਪੰਜ ਫਾਂਸੀਆਂ ਦੇ ਦੌਰਾਨ ਦਾਦਾ ਕਾਲੂ ਰਾਮ ਜੱਲਾਦ ਦੀ ਮਦਦ ਕਰ ਚੁੱਕਾ ਹੈ। ਇਸ ਦੌਰਾਨ ਪਵਨ ਨੇ ਫ਼ਾਂਸੀ ਲਗਾਉਣ ਦੀਆਂ ਬਾਰੀਕੀਆਂ ਦਾਦਾ ਕਾਲੂ ਰਾਮ ਜੱਲਾਦ ਤੋਂ ਸਿਖ ਲਈਆਂ ਸਨ। ਹੁਣ ਨਿਰਭਿਆ  ਦੇ ਚਾਰੇ ਦੋਸ਼ੀਆਂ ਨੂੰ ਫਾਹੇ ਟੰਗਣਾ ਪਵਨ ਜੱਲਾਦ ਦਾ ਅਪਣੀ ਜ਼ਿੰਦਗੀ ਵਿਚ ਖੁਦ ਦਾ ਪਹਿਲਾ ਤਜਰਬਾ ਹੋਵੇਗਾ।

ਇਹ ਮੇਰੇ ਪੁਰਖਿਆਂ ਦਾ ਅਸ਼ੀਰਵਾਦ : ਪਵਨ ਜੱਲਾਦ ਦਾ ਕਹਿਣਾ ਹੈ ਕਿ ਮੈਂ ਬਿਲਕੁਲ ਤਿਆਰ ਬੈਠਾ ਹਾਂ ।  ਇਹ ਮੇਰੇ ਪੁਰਖਿਆਂ ਦਾ ਹੀ ਅਸ਼ੀਰਵਾਦ ਹੈ ਕਿ ਉਨ੍ਹਾਂ ਨੇ ਅਪਣੀ ਪੂਰੀ ਉਮਰ ਵਿਚ ਇਕ ਵਾਰ ਵਿਚ ਇਕ ਜਾਂ ਫਿਰ ਵੱਧ ਤੋਂ ਵੱਧ  ਦੋ ਮੁਜ਼ਰਮਾਂ ਨੂੰ ਹੀ ਫ਼ਾਂਸੀ ਦੇ ਫੰਦੇ 'ਤੇ ਟੰਗਿਆ ਸੀ। ਜਦਕਿ ਮੈਂ ਅਪਣੀ ਜ਼ਿੰਦਗੀ ਵਿਚ ਇਕੱਠੇ ਚਾਰ ਮੁਜ਼ਰਮਾਂ ਫਾਹੇ ਟੰਗਣ ਵਾਲਾ ਹਾਂ।

ਫ਼ਾਂਸੀ ਲਗਾਉਣ ਦਾ ਹੁਨਰ ਦਾਦਾ ਤੋਂ ਸਿਖਿਆ : ਇਕੱਠੇ ਚਾਰ ਮੁਜ਼ਰਮਾਂ ਨੂੰ ਫ਼ਾਂਸੀ 'ਤੇ ਲਟਕਾਉਣ ਕਾਰਨ ਪਵਨ ਅਪਣੇ ਪੁਰਖਿਆਂ (ਪੜਦਾਦਾ, ਦਾਦਾ ਅਤੇ ਪਿਤਾ) ਦਾ ਰਿਕਾਰਡ ਤੋੜਣ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਤੁਸੀਂ ਅਜਿਹਾ ਕਹਿ ਸਕਦੇ ਹੋ । ਸੱਚਾਈ ਵੀ ਇਹੀ ਹੈ ਕਿ ਹੁਣ ਤਕ ਹਿੰਦੁਸਤਾਨ ਦੇ ਕਰੀਬ 100 ਸਾਲ  ਦੇ ਇਤਿਹਾਸ ਵਿਚ ਕਦੇ ਵੀ ਚਾਰ ਮੁਜ਼ਰਮਾਂ ਨੂੰ ਕਿਸੇ ਜੱਲਾਦ ਨੇ ਇਕੱਠੇ ਫਾਂਸੀ ਨਹੀਂ ਚੜ੍ਹਾਇਆ।

ਇਹ ਮੌਕਾ ਮੇਰੇ ਹੱਥ ਪਹਿਲੀ ਵਾਰ ਲੱਗ ਰਿਹਾ ਹੈ। ਜਿੱਥੋਂ ਤਕ ਪੜਦਾਦਾ, ਦਾਦਾ ਅਤੇ ਪਿਤਾ ਦਾ ਰਿਕਾਰਡ ਤੋੜਣ ਦੀ ਗੱਲ ਹੈ, ਤਾਂ ਮੈਂ ਭਲਾ ਇਹ ਕਿਵੇਂ ਕਹਿ ਸਕਦਾ ਹੈ। ਉਹ ਤਿੰਨੋਂ ਤਾਂ ਫ਼ਾਂਸੀ ਦੇ ਮਾਮਲੇ ਵਿਚ ਮੇਰੇ ਗੁਰੂ ਹਨ। ਉਨ੍ਹਾਂ ਤੋਂ ਮੈਂ ਫ਼ਾਂਸੀ ਲਗਾਉਣ ਦਾ ਹੁਨਰ ਸਿਖਿਆ ਸੀ। ਅੱਜ ਉਸੇ ਹੁਨਰ ਨੂੰ ਅਮਲ ਵਿਚ ਲਿਆਉਣ ਦਾ ਮੌਕਾ ਮਿਲਿਆ ਹੈ।