ਨਿਰਭਿਆ ਦੇ ਦੋਸ਼ੀਆਂ ਨੂੰ ਫਾਂਸੀ: ਕੀ ਕਹਿੰਦੇ ਨੇ ਕੇਜਰੀਵਾਲ ਸਮੇਤ ਦਿਗਜ਼ ਆਗੂ?

ਏਜੰਸੀ

ਖ਼ਬਰਾਂ, ਰਾਸ਼ਟਰੀ

ਫ਼ੈਸਲੇ ਦਾ ਪੂਰੀ ਤਰ੍ਹਾਂ ਸਵਾਗਤ ਪਰ ਦੇਰੀ ਰੜਕੀ  

file photo

ਨਵੀਂ ਦਿੱਲੀ : ਨਿਰਭਿਆ ਦੇ ਦੋਸ਼ੀਆਂ ਨੂੰ ਆਖਰ ਉਨ੍ਹਾਂ ਦੇ ਕੀਤੇ ਦੀ ਸਜ਼ਾ ਮਿਲਣ ਦਾ ਦਿਨ ਨੇੜੇ ਆ ਹੀ ਗਿਆ ਹੈ।  ਪਟਿਆਲਾ ਹਾਊਸ ਅਦਾਲਤ ਨੇ ਚਾਰੇ ਦੋਸ਼ੀਆਂ ਨੂੰ 22 ਜਨਵਰੀ 2020 ਨੂੰ ਸਵੇਰੇ 7 ਵਜੇ ਫਾਹੇ ਟੰਗਣ ਦਾ ਹੁਕਮ ਦੇ ਦਿਤਾ ਹੈ। ਪਟਿਆਲਾ ਹਾਊਸ ਨੇ ਡੈੱਥ ਵਾਰੰਟ ਜਾਰੀ ਕਰ ਦਿਤਾ ਹੈ। ਇਸ ਤੋਂ ਬਾਅਦ ਜਿੱਥੇ ਨਿਰਭਿਆ ਦੀ ਮਾਪਿਆਂ ਵਲੋਂ ਖੁਸੀ ਦਾ ਇਜ਼ਹਾਰ ਕੀਤਾ ਗਿਆ ਹੈ ਉਥੇ ਵੱਖ ਵੱਖ ਆਗੂਆਂ ਦੀ ਰਾਇ ਵੀ ਸਾਹਮਣੇ ਆ ਰਹੀ ਹੈ। ਜ਼ਿਆਦਾਤਰ ਲੋਕ ਇਸ ਫ਼ੈਸਲੇ ਦੇ ਸਮਰਥਨ 'ਚ ਆਪਣਾ ਪ੍ਰਤੀਕਰਮ ਜਾਹਰ ਕਰਦੇ ਵਿਖੇ। ਇਸੇ ਦੌਰਾਨ ਆਪ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਤੋਂ ਇਲਾਵਾ ਕਾਂਗਰਸ ਦੇ ਆਗੂਆਂ ਨੇ ਵੀ ਪ੍ਰਤੀਕਰਮ ਦਿਤਾ ਹੈ।

ਕੇਂਦਰੀ ਗ੍ਰਹਿ ਰਾਜ ਮੰਤਰੀ ਜੀਕੇ ਰੈਡੀ ਨੇ ਅਪਣੀ ਰਾਇ ਜਾਹਰ ਕਰਦਿਆਂ ਕਿਹਾ ਕਿ ਨਿਆਂ ਲਈ ਲੋਕਾਂ ਦਾ ਇੰਤਜ਼ਾਰ ਅੱਜ ਖ਼ਤਮ ਹੋਇਆ ਗਿਆ ਹੈ। ਇਹ ਸਿਰਫ਼ ਦੋਸ਼ੀਆਂ ਨੂੰ ਫਾਂਸੀ ਦੇਣ ਬਾਰੇ ਨਹੀਂ ਹੈ, ਸਗੋਂ ਇਹ ਫ਼ੈਸਲਾ ਦਿਖਾਉਂਦਾ ਹੈ ਕਿ ਅਜਿਹੇ ਅਪਰਾਧਾਂ ਪ੍ਰਤੀ ਜ਼ੀਰੋ ਟਾਲਰੈਂਸ ਹੋਣਾ ਚਾਹੀਦਾ ਹੈ। ਫ਼ੈਸਲੇ ਨੂੰ ਜਲਦ ਤੋਂ ਜਲਦ ਸੁਣਾਇਆ ਜਾਣਾ ਚਾਹੀਦਾ ਹੈ।

ਫ਼ੈਸਲੇ 'ਤੇ ਅਪਣੀ ਰਾਏ ਜਾਹਰ ਕਰਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਔਰਤਾਂ ਨਾਲ ਦੁਰਵਿਹਾਰ ਕਰਨ ਵਾਲੇ ਲੋਕਾਂ ਨੂੰ ਇਸ ਫ਼ੈਸਲੇ ਤੋਂ ਜ਼ਰੂਰ ਸਿੱਖਿਆ ਮਿਲੇਗੀ ਕਿ ਅਜਿਹੇ ਲੋਕਾਂ ਨੂੰ ਨਹੀਂ ਬਖ਼ਸ਼ਿਆ ਜਾਵੇਗਾ।

ਇਸੇ ਦੌਰਾਨ ਫ਼ੈਸਲੇ ਦਾ ਸਵਾਗਤ ਕਰਨ ਦੇ ਨਾਲ ਨਾਲ ਕੁੱਝ ਲੋਕਾਂ ਨੇ ਇਸ 'ਚ ਹੋਈ ਦੇਰੀ 'ਤੇ ਸਵਾਲ ਵੀ ਉਠਾਏ।  ਕਾਂਗਰਸ ਨੇ ਮੰਗਲਵਾਰ ਨੂੰ ਨਿਰਭੈਆ ਕਾਂਡ ਦੇ ਚਾਰੇ ਦੋਸ਼ੀਆਂ ਖ਼ਿਲਾਫ਼ ਡੈੱਥ ਵਾਰੰਟ ਜਾਰੀ ਕਰਨ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਨਿਰਭਿਆ ਦੇ ਪਰਵਾਰ ਅਤੇ ਦੇਸ਼ ਨੂੰ ਸ਼ਾਂਤੀ ਮਿਲੇਗੀ। ਇਸੇ ਦੌਰਾਨ ਉਨ੍ਹਾਂ ਨਿਆਂ ਨੂੰ ਹਾਸਲ ਕਰਨ 'ਚ ਹੋਈ ਦੇਰੀ 'ਤੇ ਚਿੰਤਾ ਵੀ ਪ੍ਰਗਟਾਈ। ਕਾਂਗਰਸ ਦੀ ਤਰਜ਼ਮਾਨ ਸੁਸ਼ਮਿਤਾ ਦੇਵ ਨੇ ਕਿਹਾ ਕਿ ਨਿਰਭੈਆ ਨੂੰ ਨਿਆ ਮਿਲਿਆ ਹੈ। ਨਿਰਭੈਆ ਵਰਗੇ ਓਪਨ ਐਂਡ ਸ਼ਟ ਕੇਸ਼ 'ਚ ਜੇਕਰ ਨਿਆਂ ਮਿਲਣ 'ਚ 7 ਸਾਲ ਦਾ ਸਮਾਂ ਲੱਗ ਸਕਦਾ ਹੈ ਤਾਂ ਅਜਿਹੇ ਫ਼ੈਸਲਿਆਂ 'ਚ ਕੀ ਹੁੰਦਾ ਹੋਵੇਗਾ, ਜਿੱਥੇ ਸਬੂਤ ਸਪੱਸ਼ਟ ਨਹੀਂ ਹੁੰਦੇ? ਇਹ ਰਾਜਨੀਤਕ ਵਰਗ ਅਤੇ ਕਾਨੂੰਨੀ ਭਾਈਚਾਰੇ ਨੂੰ ਆਤਮ-ਨਿਰੀਖਣ ਦਾ ਸੱਦਾ ਦਿੰਦਾ ਹੈ ਕਿ ਆਖ਼ਰ ਸਮੱਸਿਆ ਕਿੱਥੇ ਹੈ ਅਤੇ ਕਿਉਂ ਨਿਆਂ ਮਿਲਣ 'ਚ ਇੰਨਾ ਲੰਮਾ ਸਮਾਂ ਲੱਗਦਾ ਹੈ।

ਇਸੇ ਦੌਰਾਨ ਇਸ ਨੂੰ ਨਿਆਂ ਦੀ ਜਿੱਤ ਕਰਾਰ ਦਿੰਦਿਆਂ ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਜੈਹਿੰਦ ਨੇ ਫ਼ੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਨਿਆਂ ਦੀ ਜਿੱਤ ਹੈ। ਦੋਸ਼ੀਆਂ ਨੂੰ ਫ਼ਾਂਸੀ ਦਿਵਾਉਣ ਲਈ ਸੱਤ ਸਾਲ ਲੰਮੀ ਲੜਾਈ ਲੜਨ ਲਈ ਉਹ ਨਿਰਭਿਆ ਦੇ ਪਰਵਾਰ ਨੂੰ ਸਲਾਮ ਕਰਦੀ ਹੈ। ਇਹ ਤੋਂ ਇਲਾਵਾ ਵੱਡੀ ਗਿਣਤੀ ਲੋਕਾਂ ਵਲੋਂ ਇਸ ਫ਼ੈਸਲੇ ਦਾ ਸਵਾਗਤ ਕੀਤਾ ਜਾ ਰਿਹਾ ਹੈ।