ਫ਼ਸਲ 'ਤੇ ਟਿੱਡੀ ਦਲ ਦਾ ਹਮਲਾ, ਦੁਖੀ ਕਿਸਾਨ ਨੇ ਤੋੜਿਆ ਦਮ

ਏਜੰਸੀ

ਖ਼ਬਰਾਂ, ਰਾਸ਼ਟਰੀ

ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ

file photo

ਬਾੜਮੇਰ : ਰਾਜਸਥਾਨ ਦੇ ਬਾੜਮੇਰ ਅਤੇ ਜੈਸਲਮੇਰ ਵਿਚ ਟਿੱਡੀ ਦਲ ਦੇ ਫ਼ਸਲਾਂ 'ਤੇ ਮਾਰੂ ਹਮਲੇ ਨੇ ਕਿਸਾਨਾਂ ਦੇ ਸਾਹ ਸੂਤ ਰੱਖੇ ਹਨ। ਇਹ ਟਿੱਡੀ ਦਲ ਜਿਹੜੇ ਵੀ ਖੇਤ ਵਿਚ ਹਮਲਾ ਕਰਦਾ ਹੈ, ਫ਼ਸਲਾਂ ਨੂੰ ਪਲਾਂ ਵਿਚ ਹੀ ਚੱਟ ਕਰ ਜਾਂਦਾ ਹੈ। ਕਿਸਾਨ ਇਸ ਦੇ ਸਾਹਮਣੇ ਲਾਚਾਰ ਵਿਖਾਈ ਦੇ ਰਹੇ ਹਨ। ਇੰਨਾ ਹੀ ਨਹੀਂ, ਹੁਣ ਤਾਂ ਇਹ ਕਿਸਾਨਾਂ ਦੀ ਮੌਤ ਦਾ ਕਾਰਨ ਵੀ ਬਣਦਾ ਜਾ ਰਿਹਾ ਹੈ।

ਇਸੇ ਦੌਰਾਨ ਟਿੰਡੀ ਦਲ ਦੇ ਹਮਲੇ ਤੋਂ ਪ੍ਰੇਸ਼ਾਨ ਬਾਲੋਤਰਾ ਦੇ ਕਿਟਨੌੜ ਪਿੰਡ ਦੇ ਕਿਸਾਨ ਭਾਗਾਰਾਮ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਅਸਲ ਵਿਚ 38 ਸਾਲਾ ਉਪਰੋਕਤ ਕਿਸਾਨ ਨੇ ਜਦੋਂ ਟਿੱਡੀ ਦਲ ਨੂੰ ਅਪਣੀ ਫ਼ਸਲ ਦਾ ਉਜਾੜਾ ਕਰਦਿਆਂ ਵੇਖਿਆ ਤਾਂ ਉਹ ਮੰਜਰ ਨੂੰ ਵੇਖ ਕੇ ਗਹਿਰੇ ਸਦਮੇ 'ਚ ਚਲਾ ਗਿਆ। ਇਸ ਤੋਂ ਬਾਅਦ ਵੀਰਵਾਰ ਨੂੰ ਉਸ ਨੂੰ ਦਿਲ ਦਾ ਦੌਰਾ ਪੈ ਗਿਆ। ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਇਸ ਤੋਂ ਬਾਅਦ ਸ਼ੁੱਕਰਵਾਰ ਨੂੰ ਰੈਵੇਨਿਊ ਅਫ਼ਸਰਾਂ ਦੀ ਟੀਮ ਫ਼ਸਲ ਦਾ ਨਿਰੀਖਣ ਕਰਨ ਲਈ ਮੌਕੇ 'ਤੇ ਪੁਜੀ। ਮ੍ਰਿਤਕ ਕਿਸਾਨ ਦੇ ਪਰਵਾਰ ਮੁਤਾਬਕ ਭਾਗਾਰਾਮ ਨੇ ਕੁੱਝ ਲੱਖ ਦਾ ਕਰਜ਼ਾ ਲਿਆ ਹੋਇਆ ਸੀ। ਉਸ ਨੇ ਅਪਣੀ 50 ਵਿੱਘਾ ਜ਼ਮੀਨ ਵਿਚ ਜ਼ੀਰਾ ਬੀਜਿਆ ਹੋਇਆ ਸੀ। ਇਸੇ ਦਰਮਿਆਨ 5 ਅਤੇ 6 ਜਨਵਰੀ ਨੂੰ ਟਿੱਡੀ ਦਲ ਨੇ ਹਮਲਾ ਕਰ ਕੇ ਉਸ ਦੀ ਫ਼ਸਲ ਨੂੰ ਤਬਾਹ ਕਰ ਦਿਤਾ।

ਇਹ ਕਿਸਾਨ ਖੇਤਾਂ ਵਿਚ ਗਿਆ ਤਾਂ ਫ਼ਸਲਾਂ ਦੀ ਹਾਲਤ ਵੇਖ ਕੇ ਉਸ ਨੂੰ ਦਿਲ ਦਾ ਦੌਰਾ ਪੈ ਗਿਆ। ਉਨ੍ਹਾਂ ਨੂੰ ਬਾਲੋਤਰਾ ਸਥਿਤ ਸਰਕਾਰੀ ਹਸਪਤਾਲ ਲਿਜਾਇਆ, ਜਿੱਥੇ ਇਲਾਜ ਦੌਰਾਨ ਕਿਸਾਨ ਦੀ ਮੌਤ ਹੋ ਗਈ।

ਦੂਜੇ ਪਾਸੇ ਕੁੱਝ ਕਿਸਾਨਾਂ ਦਾ ਕਹਿਣਾ ਹੈ ਕਿ ਟਿੱਡੀ ਦਲ ਸਾਰੀ ਦੀ ਸਾਰੀ ਫ਼ਸਲ ਨੂੰ ਖ਼ਰਾਬ ਨਹੀਂ ਕਰ ਸਕਦਾ। ਕਿਸਾਨਾਂ ਅਨੁਸਾਰ ਭਾਗਾਰਾਮ ਸਿਰ ਕਰਜ਼ਾ ਸੀ ਤੇ ਫ਼ਸਲ ਦਾ ਨੁਕਸਾਨ ਵੇਖ ਕੇ ਉਹ ਜ਼ਿਆਦਾ ਪ੍ਰੇਸ਼ਾਨ ਹੋ ਗਿਆ ਜੋ ਉਸ ਲਈ ਜਾਨਲੇਵਾ ਸਾਬਤ ਹੋਇਆ।