ਕਿਸਾਨ ਵੀਰ ਫ਼ਸਲਾਂ ਨੂੰ ਪਾਣੀ ਲਾਉਣੋ ਕਰਨ ਗੁਰੇਜ਼, ਇਸ ਤਰੀਕ ਤੋਂ ਲਗਾਤਾਰ 2 ਦਿਨ ਪਵੇਗਾ ਮੀਂਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੱਛਮੀ ਪੌਣਾਂ ਦੀ ਗੜਬੜੀ ਤੇ ਹਵਾ ਦੇ ਘੱਟ ਦਬਾਅ ਕਾਰਨ ਮੌਸਮ ਦੀ ਲੁਕਣਮਿਟੀ ਜਾਰੀ ਹੈ...

Weather Update

ਚੰਡੀਗੜ੍ਹ: ਪੱਛਮੀ ਪੌਣਾਂ ਦੀ ਗੜਬੜੀ ਤੇ ਹਵਾ ਦੇ ਘੱਟ ਦਬਾਅ ਕਾਰਨ ਮੌਸਮ ਦੀ ਲੁਕਣਮਿਟੀ ਜਾਰੀ ਹੈ। ਯੂਪੀ ਦੇ ਉੱਤਰੀ-ਪੂਰਬੀ ਕਈ ਹਿੱਸਿਆਂ ‘ਚ ਸ਼ੁੱਕਰਵਾਰ ਨੂੰ ਹਲਕੀ ਬਾਰਿਸ਼ ਹੋਈ ਜਿਸ ਕਾਰਨ ਠੰਢ ਮੁੜ ਸਤਾਉਣ ਲੱਗੀ ਹੈ।

ਮੌਸਮ ਦਾ ਅਨੁਮਾਨ ਜਾਰੀ ਕਰਨ ਵਾਲੀ ਨਿੱਜੀ ਏਜੰਸੀ ਸਕਾਈਮੈੱਟ ਵੈਦਰ ਨੇ ਆਪਣੀ ਰਿਪੋਰਟ ‘ਚ ਕਿਹਾ ਹੈ ਕਿ ਉੱਤਰੀ ਜੰਮੂ-ਕਸ਼ਮੀਰ ਦੇ ਉੱਪਰ ਘੱਟ ਦਬਾਅ ਵਾਲਾ ਖੇਤਰ ਬਣਿਆ ਹੈ ਜਿਸ ਕਾਰਨ ਪੱਛਮੀ ਹਿਮਾਲਿਆ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਤੇ ਲੱਦਾਖ ਦੇ ਕੁਝ ਇਲਾਕਿਆਂ ‘ਚ ਅਗਲੇ 48 ਘੰਟਿਆਂ ਅੰਦਰ ਬਾਰਿਸ਼ ਜਾਂ ਬਰਫ਼ਬਾਰੀ ਦੇ ਹਾਲਾਤ ਬਣ ਸਕਦੇ ਹਨ।

ਖ਼ਬਰਾਂ ਮੁਤਾਬਿਕ, ਉੱਤਰੀ ਭਾਰਤ ਦੇ ਇਲਾਕਿਆਂ ‘ਚ ਧੁੰਦ ਦੇ ਕਹਿਰ ਕਾਰਨ ਨਾਰਦਰਨ ਰੇਲਵੇ ਰੀਜਨ ਦੀਆਂ 19 ਟ੍ਰੇਨਾਂ ਲੇਟ ਚੱਲ ਰਹੀਆਂ ਹਨ। ਤਾਮਿਲਨਾਡੂ ‘ਚ ਚੇਨਈ ਏਅਰਪੋਰਟ ‘ਤੇ ਘੱਟ ਦ੍ਰਿਸ਼ਤਾ ਕਾਰਨ ਚਾਰ ਉਡਾਨਾਂ ਦੇ ਰੂਟ ਬਦਲਣੇ ਪਏ ਜਦਕਿ 10 ਲੇਟ ਹਨ।

ਮੌਸਮ ਵਿਭਾਗ ਨੇ ਦੱਸਿਆ ਕਿ ਪੂਰਬੀ ਰਾਜਸਥਾਨ, ਪੱਛਮੀ ਮੱਧ ਪ੍ਰਦੇਸ਼, ਪੱਛਮੀ ਯੂਪੀ, ਪੰਜਾਬ ਤੇ ਬਿਹਾਰ ਦੇ ਵੱਖ-ਵੱਖ ਹਿੱਸਿਆਂ ‘ਚ ਸੰਘਣੀ ਧੁੰਦ ਨੇ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਮੌਸਮ ਮਾਹਿਰਾਂ ਦੀ ਮੰਨੀਏ ਤਾਂ ਦਿੱਲੀ-ਐੱਨਸੀਆਰ ‘ਚ 8 ਜਨਵਰੀ ਤਕ ਸੀਤ ਲਹਿਰ ਨਹੀਂ ਚੱਲੇਗੀ।

ਮੌਜੂਦਾ ਪੱਛਮੀ ਪੌਣਾਂ ਦੀ ਗੜਬੜੀ ਕਾਰਨ 6 ਤੋਂ 8 ਜਨਵਰੀ ਦੇ ਵਿਚਕਾਰ ਦਿੱਲੀ ਅਤੇ ਨੇੜਲੇ ਰਾਜਾਂ ‘ਚ ਬਾਰਿਸ਼ ਹੋ ਸਕਦੀ ਹੈ। ਇਸ ਨਾਲ ਪ੍ਰਦੂਸ਼ਣ ਦੇ ਪੱਧਰ ‘ਚ ਕਮੀ ਆਵੇਗੀ। ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਸਵੇਰੇ 9 ਵਜੇ ਏਅਰ ਕੁਆਲਿਟੀ ਇੰਡੈਕਸ 300 ਦਰਜ ਕੀਤਾ ਗਿਆ।