ਗਊ ਨੂੰ ਛੂਹਣ ਨਾਲ ਨਾਂਹਪੱਖੀ ਚੀਜ਼ਾਂ ਦੂਰ ਹੁੰਦੀਆਂ ਹਨ : ਮਹਾਰਾਸ਼ਟਰ ਦੀ ਮੰਤਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਮਹਾਰਾਸ਼ਟਰ ਸਰਕਾਰ ਦੀ ਮੰਤਰੀ ਯਸ਼ੋਮਤੀ ਠਾਕੁਰ ਨੇ ਗਊ ਨੂੰ ਛੂਹਣ ਨਾਲ ਨਾਂਪੱਖੀ ਚੀਜ਼ਾਂ ਦੂਰ ਹੋਣ ਦਾ ਦਾਅਵਾ ਕਰ ਕੇ ਹੁਣ ਨਵਾਂ ਵਿਵਾਦ ਖੜਾ ਕਰ ਦਿਤਾ ਹੈ।

File Photo

ਮੁੰਬਈ : ਮਹਾਰਾਸ਼ਟਰ ਸਰਕਾਰ ਦੀ ਮੰਤਰੀ ਯਸ਼ੋਮਤੀ ਠਾਕੁਰ ਨੇ ਗਊ ਨੂੰ ਛੂਹਣ ਨਾਲ ਨਾਂਪੱਖੀ ਚੀਜ਼ਾਂ ਦੂਰ ਹੋਣ ਦਾ ਦਾਅਵਾ ਕਰ ਕੇ ਹੁਣ ਨਵਾਂ ਵਿਵਾਦ ਖੜਾ ਕਰ ਦਿਤਾ ਹੈ। ਕੁੱਝ ਦਿਨ ਪਹਿਲਾਂ ਉਨ੍ਹਾਂ ਕਿਹਾ ਸੀ ਕਿ ਮਹਾਰਾਸ਼ਟਰ ਸਰਕਾਰ ਦੇ ਮੰਤਰੀਆਂ ਨੇ ਹਾਲੇ ਸਹੁੰ ਚੁੱਕੀ ਹੀ ਹੈ ਤੇ ਪੈਸਾ ਬਣਾਉਣਾ ਹਾਲੇ ਸ਼ੁਰੂ ਨਹੀਂ ਕੀਤਾ।

ਠਾਕਰੇ ਸਰਕਾਰ 'ਚ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਠਾਕੁਰ ਨੇ ਅਪਣੀਆਂ ਟਿਪਣੀਆਂ ਦਾ ਬਚਾਅ ਕਰਦਿਆਂ ਕਿਹਾ ਕਿ ਗਊ ਸਮੇਤ ਕਿਸੇ ਵੀ ਜਾਨਵਰ ਨੂੰ ਛੂਹਣ ਨਾਲ ਤਰਸ ਤੇ ਪ੍ਰੇਮ ਦੀ ਭਾਵਨਾ ਪੈਦਾ ਹੁੰਦੀ ਹੈ।

ਤਿਵਸਾ ਤੋਂ ਵਿਧਾਇਕ ਨੇ ਐਤਵਾਰ ਨੂੰ ਅਮਰਾਵਤੀ ਵਿਚ ਲੋਕਾਂ ਨੂੰ ਸੰਬੋਧਤ ਕਰਦਿਆਂ ਕਿਹਾ, 'ਸਾਡਾ ਸਭਿਆਚਾਰ ਕਹਿੰਦਾ ਹੈ ਕਿ ਜੇ ਤੁਸੀਂ ਗਊ ਨੂੰ ਛੂਹੋਗੇ ਤਾਂ ਸਾਰੀਆਂ ਨਾਂਹਪੱਖੀ ਗੱਲਾਂ ਦੂਰ ਹੋ ਜਾਣਗੀਆਂ।' ਉਨ੍ਹਾਂ ਕਿਹਾ, 'ਗਊ ਪਵਿੱਤਰ ਜੀਵ ਹੈ। ਗਾਂ ਹੋਵੇ ਜਾਂ ਕੋਈ ਹੋਰ ਜਾਨਵਰ, ਉਸ ਨੂੰ ਛੂਹਣ ਨਾਲ ਪ੍ਰੇਮ ਦਾ ਭਾਵ ਪੈਦਾ ਹੁੰਦਾ ਹੈ। ਮੈਂ ਜੋ ਕਿਹਾ, ਉਸ ਵਿਚ ਕੀ ਗ਼ਲਤ ਸੀ?

ਇਸ ਤੋਂ ਪਹਿਲਾਂ ਜ਼ਿਲ੍ਹਾ ਪਰਿਸ਼ਦ ਚੋਣਾਂ ਲਈ ਪ੍ਰਚਾਰ ਕਰਦਿਆਂ ਉਨ੍ਹਾਂ ਕਿਹਾ ਸੀ, 'ਹਾਲੇ ਅਸੀਂ ਸੱਤਾ ਵਿਚ ਆਏ ਹੀ ਹਾਂ, ਸਾਡੀਆਂ ਜੇਬਾਂ ਹਾਲੇ ਓਨੀਆਂ ਗਰਮ ਨਹੀਂ ਹੋਈਆਂ।' ਉਨ੍ਹਾਂ ਕਿਹਾ ਸੀ ਕਿ ਵੋਟਰ ਬੇਸ਼ੱਕ ਵਿਰੋਧੀ ਧਿਰ ਤੋਂ ਪੈਸਾ ਲੈ ਲੈਣ ਪਰ ਵੋਟ ਕਾਂਗਰਸ ਨੂੰ ਹੀ ਪਾਉਣ।