ਜੰਗਲ 'ਚ ਲਟਕਦੀ ਹੋਈ ਮਿਲੀ ਮਹਿਲਾ ਕ੍ਰਿਕੇਟਰ ਦੀ ਲਾਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

11 ਜਨਵਰੀ ਤੋਂ ਲਾਪਤਾ ਸੀ ਖਿਡਾਰਨ 

Image

 

ਭੁਵਨੇਸ਼ਵਰ - ਓਡੀਸ਼ਾ ਦੀ ਮਹਿਲਾ ਕ੍ਰਿਕੇਟਰ ਰਾਜਸ਼੍ਰੀ ਸਵਾਂਈ 11 ਜਨਵਰੀ ਤੋਂ ਲਾਪਤਾ ਸੀ ਅਤੇ ਸ਼ੁੱਕਰਵਾਰ ਨੂੰ ਉਸ ਦੀ ਲਾਸ਼ ਕਟਕ ਨੇੜੇ ਸੰਘਣੇ ਜੰਗਲ ਵਿੱਚੋਂ ਮਿਲੀ। 

ਕਟਕ ਦੇ ਡਿਪਟੀ ਕਮਿਸ਼ਨਰ ਆਫ਼ ਪੁਲਿਸ ਪਿਨਾਕ ਮਿਸ਼ਰਾ ਨੇ ਦੱਸਿਆ ਕਿ ਉਸ ਦੀ ਲਾਸ਼ ਅਥਾਗੜ੍ਹ ਇਲਾਕੇ ਦੇ ਗੁਰਦੀਝਾਟੀਆ ਜੰਗਲ ਵਿੱਚ ਇੱਕ ਦਰੱਖਤ ਨਾਲ ਲਟਕਦੀ ਮਿਲੀ।

ਰਾਜਸ਼੍ਰੀ ਦੇ ਕੋਚ ਨੇ ਵੀਰਵਾਰ ਨੂੰ ਕਟਕ ਦੇ ਮੰਗਲਾਬਾਗ ਥਾਣੇ 'ਚ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ।

ਉਨ੍ਹਾਂ ਕਿਹਾ ਕਿ ਇਸ ਸੰਬੰਧੀ ਥਾਣਾ ਗੁਰਦੀਝਾਟੀਆ ਵਿਖੇ ਗ਼ੈਰ-ਕੁਦਰਤੀ ਮੌਤ ਦਾ ਮਾਮਲਾ ਦਰਜ ਕੀਤਾ ਜਾਵੇਗਾ।

ਪੁਲਿਸ ਅਜੇ ਤੱਕ ਉਸ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲਗਾ ਸਕੀ ਹੈ। ਹਾਲਾਂਕਿ ਉਸ ਦੇ ਪਰਿਵਾਰ ਨੇ ਦੋਸ਼ ਲਗਾਇਆ ਕਿ ਉਸ ਦਾ ਕਤਲ ਕੀਤਾ ਗਿਆ ਹੈ, ਕਿਉਂਕਿ ਉਸ ਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਸਨ ਅਤੇ ਉਸ ਦੀਆਂ ਅੱਖਾਂ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ ਸੀ। 

ਰਾਜਸ਼੍ਰੀ ਦਾ ਸਕੂਟਰ ਜੰਗਲ ਨੇੜਿਓਂ ਮਿਲਿਆ ਅਤੇ ਉਸ ਦਾ ਮੋਬਾਈਲ ਫ਼ੋਨ ਵੀ ਬੰਦ ਸੀ।

ਪੁਲਿਸ ਨੇ ਕਿਹਾ ਕਿ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾਵੇਗੀ।

ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਾਜਸ਼੍ਰੀ ਸਮੇਤ ਲਗਭਗ 25 ਮਹਿਲਾ ਕ੍ਰਿਕੇਟਰ ਪੁਡੂਚੇਰੀ ਵਿੱਚ ਹੋਣ ਵਾਲੇ ਆਗਾਮੀ ਰਾਸ਼ਟਰੀ ਪੱਧਰ ਦੇ ਕ੍ਰਿਕੇਟ ਟੂਰਨਾਮੈਂਟ ਲਈ ਬਾਜਰਾਕਾਬਾਟੀ ਖੇਤਰ ਵਿੱਚ ਓਡੀਸ਼ਾ ਕ੍ਰਿਕਟ ਐਸੋਸੀਏਸ਼ਨ (ਓ.ਸੀ.ਏ.) ਦੁਆਰਾ ਆਯੋਜਿਤ ਸਿਖਲਾਈ ਕੈਂਪ ਦਾ ਹਿੱਸਾ ਸਨ। ਸਾਰੀਆਂ ਖਿਡਾਰਨਾਂ ਇੱਕ ਹੋਟਲ ਵਿੱਚ ਠਹਿਰੀਆਂ ਹੋਈਆਂ ਸੀ। 

ਓਡੀਸ਼ਾ ਰਾਜ ਦੀ ਮਹਿਲਾ ਕ੍ਰਿਕੇਟ ਟੀਮ ਦਾ ਐਲਾਨ 10 ਜਨਵਰੀ ਨੂੰ ਕੀਤਾ ਗਿਆ ਸੀ, ਪਰ ਰਾਜਸ਼੍ਰੀ ਅੰਤਿਮ ਸੂਚੀ ਵਿੱਚ ਸ਼ਾਮਲ ਨਹੀਂ ਸੀ।

ਪੁਲਿਸ ਨੇ ਦੱਸਿਆ ਕਿ ਅਗਲੇ ਦਿਨ ਖਿਡਾਰੀ ਅਭਿਆਸ ਲਈ ਤੰਗੀ ਖੇਤਰ ਦੇ ਕ੍ਰਿਕੇਟ ਮੈਦਾਨ ਗਏ ਪਰ ਰਾਜਸ਼੍ਰੀ ਨੇ ਆਪਣੇ ਕੋਚ ਨੂੰ ਕਿਹਾ ਕਿ ਉਹ ਆਪਣੇ ਪਿਤਾ ਨੂੰ ਮਿਲਣ ਵਾਸਤੇ ਪੁਰੀ ਜਾ ਰਹੀ ਹੈ।