ਭਾਜਪਾ ਆਗੂਆਂ ਦੀ 'ਬੇਲਗਾਮੀ' ਬਾਰੇ ਬੋਲੇ ਸ਼ਾਹ : ਨਹੀਂ ਦੇਣੇ ਚਾਹੀਦੇ ਸੀ ਨਫ਼ਰਤ ਭਰੇ ਬਿਆਨ!

ਏਜੰਸੀ

ਖ਼ਬਰਾਂ, ਰਾਸ਼ਟਰੀ

'ਗੋਲੀ ਮਾਰੋ' ਅਤੇ 'ਭਾਰਤ-ਪਾਕਿਸਤਾਨ ਮੈਚ' ਜਿਹੇ ਬਿਆਨਾਂ ਕਾਰਨ ਹਾਰ ਹੋਈ

file photo

ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਹਾਲ ਹੀ ਵਿਚ ਦਿੱਲੀ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਭਾਜਪਾ ਆਗੂਆਂ ਨੂੰ 'ਗੋਲੀ ਮਾਰੋ' ਅਤੇ 'ਭਾਰਤ ਪਾਕਿਸਤਾਨ ਮੈਚ' ਜਿਹੇ ਨਫ਼ਰਤ ਭਰੇ ਭਾਸ਼ਨ ਨਹੀਂ ਦੇਣੇ ਚਾਹੀਦੇ ਸਨ ਅਤੇ ਸੰਭਵ ਹੈ ਕਿ ਇਸ ਤਰ੍ਹਾਂ ਦੀਆਂ ਟਿਪਣੀਆਂ ਨਾਲ ਪਾਰਟੀ ਦੀ ਹਾਰ ਹੋਈ ਹੈ।

ਸ਼ਾਹ ਨੇ ਕਿਹਾ ਕਿ ਭਾਜਪਾ ਸਿਰਫ਼ ਜਿੱਤ ਜਾਂ ਹਾਰ ਲਈ ਚੋਣਾਂ ਨਹੀਂ ਲੜਦੀ ਸਗੋਂ ਚੋਣਾਂ ਮਾਰਫ਼ਤ ਅਪਣੀ ਵਿਚਾਰਧਾਰਾ ਦੇ ਫੈਲਾਅ ਵਿਚ ਭਰੋਸਾ ਕਰਦੀ ਹੈ।

ਉਨ੍ਹਾਂ 'ਟਾਈਮਜ਼ ਨਾਊ' ਟੀਵੀ ਚੈਨਲ ਦੇ ਪ੍ਰੋਗਰਾਮ ਵਿਚ ਕਿਹਾ, 'ਗੋਲੀ ਮਾਰੋ, ਭਾਰਤ ਪਾਕਿਸਤਾਨ ਮੈਚ ਜਿਹੇ ਬਿਆਨ ਨਹੀਂ ਦਿਤੇ ਜਾਣੇ ਚਾਹੀਦੇ ਸਨ। ਸਾਡੀ ਪਾਰਟੀ ਨੇ ਇਸ ਤਰ੍ਹਾਂ ਦੇ ਬਿਆਨਾਂ ਤੋਂ ਖ਼ੁਦ ਨੂੰ ਵੱਖ ਕਰ ਲਿਆ ਹੈ।' ਇਕ ਸਵਾਲ ਦੇ ਜਵਾਬ ਵਿਚ ਸ਼ਾਹ ਨੇ ਮੰਨਿਆ ਕਿ ਦਿੱਲੀ ਚੋਣਾਂ ਦੌਰਾਨ ਪਾਰਟੀ ਦੇ ਕੁੱਝ ਆਗੂਆਂ ਦੇ ਬਿਆਨਾਂ ਕਾਰਨ ਭਾਜਪਾ ਦਾ ਨੁਕਸਾਨ ਹੋਇਆ ਹੋਵੇਗਾ।

ਗ੍ਰਹਿ ਮੰਤਰੀ ਨੇ ਕਿਹਾ ਕਿ ਦਿੱਲੀ ਚੋਣਾਂ ਸਬੰਧੀ ਉਨ੍ਹਾਂ ਦਾ ਵਿਸ਼ਲੇਸ਼ਣ ਗ਼ਲਤ ਸਾਬਤ ਹੋਇਆ ਪਰ ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿਤਾ ਕਿ ਇਹ ਨਤੀਜੇ ਨਵੇਂ ਨਾਗਰਿਕਤਾ ਕਾਨੂੰਨ ਅਤੇ ਕੌਮੀ ਨਾਗਰਿਕ ਪੰਜੀਕਰਨ ਬਾਰੇ ਫ਼ਤਵਾ ਨਹੀਂ ਸਨ।

ਸ਼ਾਹ ਨੇ ਕਿਹਾ ਕਿ ਜੋ ਕੋਈ ਵੀ ਉਨ੍ਹਾਂ ਨਾਲ ਸੀਏਏ ਨਾਲ ਜੁੜੇ ਮੁੱਦਿਆਂ 'ਤੇ ਚਰਚਾ ਕਰਨਾ ਚਾਹੁੰਦਾ ਹੈ, ਉਹ ਉਨ੍ਹਾਂ ਦੇ ਦਫ਼ਤਰ ਤੋਂ ਸਮਾਂ ਲੈ ਸਕਦਾ ਹੈ। ਉਨ੍ਹਾਂ ਕਿਹਾ, 'ਅਸੀਂ ਤਿੰਨ ਦਿਨਾਂ ਅੰਦਰ ਸਮਾਂ ਦੇਵਾਂਗੇ।' ਉਨ੍ਹਾਂ ਕਾਂਗਰਸ ਨੂੰ ਧਰਮ ਦੇ ਆਧਾਰ 'ਤੇ ਵੰਡੀਆਂ ਪਾਉਣ ਲਈ ਜ਼ਿੰਮੇਵਾਰ ਦਸਿਆ।