ਨਿਰਭਿਆ ਮਾਮਲਾ : ਰਹਿਮ ਪਟੀਸ਼ਨ ਰੱਦ ਹੋਣ ਵਿਰੁਧ ਦੋਸ਼ੀ ਦੀ ਪਟੀਸ਼ਨ ਬਾਰੇ ਫ਼ੈਸਲਾ ਅੱਜ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੋਸ਼ੀਆਂ ਨੂੰ ਵੱਖੋ-ਵੱਖ ਫਾਂਸੀ ਦੇਣ ਦੀ ਮੰਗ ਕਰਦੀ ਕੇਂਦਰ ਦੀ ਪਟੀਸ਼ਨ 'ਤੇ ਸੁਣਵਾਈ ਟਲੀ

file photo

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਨਿਰਭਿਆ ਸਮੂਹਕ ਬਲਾਤਕਾਰ ਅਤੇ ਹਤਿਆ ਮਾਮਲੇ ਦੇ ਚਾਰਾਂ ਦੋਸ਼ੀਆਂ ਨੂੰ ਵੱਖੋ ਵੱਖ ਫਾਂਸੀ ਦੇਣ ਦੀ ਮੰਗ ਕਰ ਰਹੀ ਕੇਂਦਰ ਦੀ ਪਟੀਸ਼ਨ 'ਤੇ ਸੁਣਵਾਈ ਸ਼ੁਕਰਵਾਰ ਲਈ ਮੁਲਤਵੀ ਕਰ ਦਿਤੀ। ਅਦਾਲਤ ਨੇ ਇਸ ਪਟੀਸ਼ਨ 'ਤੇ ਦੋਸ਼ੀਆਂ ਕੋਲੋਂ ਜਵਾਬ ਮੰਗਿਆ ਹੈ। ਜੱਜ ਆਰ ਭਾਨੂਮਤੀ, ਜੱਜ ਅਸ਼ੋਕ ਭੂਸ਼ਣ ਅਤੇ ਜੱਜ ਏ ਐਸ ਬੋਪੰਨਾ ਦੀ ਅਦਾਲਤ ਨੇ ਇਸ ਮਾਮਲੇ ਵਿਚ ਇਕ ਦੋਸ਼ੀ ਪਵਨ ਕੁਮਾਰ ਗੁਤਾ ਦੀ ਨੁਮਾਇੰਦਗੀ ਕਰਨ ਲਈ ਸੀਨੀਅਰ ਵਕੀਲ ਅੰਜਨਾ ਪ੍ਰਕਾਸ਼ ਨੂੰ ਅਦਾਲਤੀ ਮਿੱਤਰ ਨਿਯੁਕਤ ਕੀਤਾ।

ਬੈਂਚ ਨੇ ਕਿਹਾ ਕਿ ਹੇਠਲੀ ਅਦਾਲਤ ਦੁਆਰਾ ਗੁਪਤਾ ਦੇ ਬਚਾਅ ਲਈ ਵਕੀਲ ਦੀ ਚੋਣ ਕਰਨ ਵਾਸਤੇ ਉਸ ਦੇ ਪਿਤਾ ਦੀ ਬੇਨਤੀ 'ਤੇ ਵਕੀਲਾਂ ਦੀ ਸੂਚੀ ਮੰਗੇ ਜਾਣ ਦੇ ਸਨਮੁਖ ਕੇਂਦਰ ਦੀ ਪਟੀਸ਼ਨ 'ਤੇ ਸੁਣਵਾਈ ਸ਼ੁਕਰਵਾਰ ਦੁਪਹਿਰ ਦੋ ਵਜੇ ਤਕ ਟਾਲ ਦਿਤੀ ਹੈ। ਪਵਨ ਦਾ ਵਕੀਲ ਹਟਾਏ ਜਾਣ ਮਗਰੋਂ ਉਸ ਦੀ ਕੋਈ ਵੀ ਪ੍ਰਤੀਨਿਧਤਾ ਨਹੀਂ ਕਰ ਰਿਹਾ ਸੀ। ਅਦਾਲਤ ਨੇ ਕਿਹਾ ਕਿ ਅੰਜਨਾ ਪ੍ਰਕਾਸ਼ ਇਸ ਮਾਮਲੇ ਵਿਚ ਪੇਸ਼ ਹੋਣ ਅਤੇ ਅਦਾਲਤ ਦੀ ਮਦਦ ਕਰਨ ਲਈ ਤਿਆਰ ਹੋ ਗਈ ਹੈ।

ਇਸੇ ਦੌਰਾਨ ਅਦਾਲਤ ਨੇ ਦੋਸ਼ੀ ਵਿਨੇ ਕੁਮਾਰ ਸ਼ਰਮਾ ਦੀ ਰਹਿਮ ਪਟੀਸ਼ਨ ਰਾਸ਼ਟਰਪਤੀ ਦੁਆਰਾ ਰੱਦ ਕੀਤੇ ਜਾਣ ਵਿਰੁਧ ਦਾਖ਼ਲ ਪਟੀਸ਼ਨ 'ਤੇ ਵੀਰਵਾਰ ਨੂੰ ਸੁਣਵਾਈ ਪੂਰੀ ਕਰ ਲਈ ਅਤੇ ਫ਼ੈਸਲਾ ਸ਼ੁਕਰਵਾਰ ਨੂੰ ਸੁਣਾਇਆ ਜਾਵੇਗਾ। ਵਿਨੇ ਸ਼ਰਮਾ ਨੇ ਅਪਣੀ ਪਟੀਸ਼ਨ ਵਿਚ ਦੋਸ਼ ਲਾਇਆ ਹੈ ਕਿ ਉਸ ਦੀ ਰਹਿਮ ਪਟੀਸ਼ਨ ਗ਼ਲਤ ਤਰੀਕੇ ਨਾਲ ਰੱਦ ਕੀਤੀ ਗਈ ਹੈ। ਇਸ ਦੋਸ਼ੀ ਨੇ ਅਪਣੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿਚ ਤਬਦੀਲ ਕਰਨ ਦਾ ਅਦਾਲਤ ਨੂੰ ਬੇਨਤੀ ਕੀਤੀ ਹੈ।

ਵਿਨੇ ਨੇ ਅਪਣੀ ਪਟੀਸ਼ਨ ਵਿਚ ਦਲੀਲ ਦਿਤੀ ਹੈ ਕਿ ਜੇਲ ਵਿਚ ਕਥਿਤ ਅਤਿਆਚਾਰ ਅਤੇ ਮਾੜੇ ਸਲੂਕ ਕਾਰਨ ਉਹ ਮਾਨਸਿਕ ਰੂਪ ਵਿਚ ਬੀਮਾਰ ਹੋ ਗਿਆ ਸੀ। ਇਸ ਤੋਂ ਪਹਿਲਾਂ ਅਦਾਲਤ ਨੇ ਦੋਸ਼ੀ ਵਿਨੇ ਸ਼ਰਮਾ ਦੀ ਰਹਿਮ ਪਟੀਸ਼ਨ ਰੱਦ ਕਰਨ ਦੀ ਸਿਫ਼ਾਰਸ਼ ਬਾਰੇ ਵਿਚਾਰ ਕਰਨ ਦੀ ਬੇਨਤੀ ਰੱਦ ਕਰ ਦਿਤੀ। ਅਦਾਲਤ ਨੇ ਕਿਹਾ ਕਿ ਵਿਨੇ ਸ਼ਰਮਾ ਦੀ ਰਹਿਮ ਪਟੀਸ਼ਨ ਰੱਦ ਕਰਨ ਦੀ ਸਿਫ਼ਾਰਸ਼ ਬਾਰੇ ਉਪ ਰਾਜਪਾਲ ਅਤੇ ਦਿੱਲੀ ਦੇ ਗ੍ਰਹਿ ਮੰਤਰੀ ਨੇ ਵੀ ਹਸਤਾਖਰ ਕੀਤੇ ਹਨ।