ਵੀਡੀਓ ਮਾਮਲੇ ‘ਚ ਗੂਗਲ ਦੇ ਸੀਈਓ ਸੁੰਦਰ ਪਿਚਾਈ ਖਿਲਾਫ਼ FIR ਦਰਜ
ਉੱਤਰ ਪ੍ਰਦੇਸ਼ ਦੀ ਵਾਰਾਣਸੀ ਪੁਲਿਸ ਨੇ ਗੂਗਲ ਦੇ ਮੁੱਖ ਕਾਰਜਕਾਰੀ ਅਧਿਕਾਰੀ...
ਵਾਰਾਣਸੀ: ਉੱਤਰ ਪ੍ਰਦੇਸ਼ ਦੀ ਵਾਰਾਣਸੀ ਪੁਲਿਸ ਨੇ ਗੂਗਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੁੰਦਰ ਪਿਚਾਈ ਸਮੇਤ 18 ਲੋਕਾਂ ਦੇ ਖਿਲਾਫ ਪਿਛਲੇ ਹਫ਼ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਥਿਤ ਤੌਰ ‘ਤੇ ਛਵੀ ਖ਼ਰਾਬ ਕਰਣ ਵਾਲੀ ਵੀਡੀਓ ਨੂੰ ਲੈ ਕੇ ਮਾਮਲਾ ਦਰਜ ਕੀਤਾ ਸੀ। ਹਾਲਾਂਕਿ ਬਾਅਦ ‘ਚ ਐਫਆਈਆਰ ਤੋਂ ਪਿਚਾਈ ਅਤੇ ਗੂਗਲ ਦੇ ਅਧਿਕਾਰੀਆਂ ਦੇ ਨਾਮ ਹਟਾ ਦਿੱਤੇ ਗਏ।
ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਇਸ ਮਾਮਲੇ ਵਿੱਚ ਪਿਚਾਈ ਅਤੇ ਗੂਗਲ ਦੇ ਤਿੰਨ ਹੋਰ ਵੱਡੇ ਅਧਿਕਾਰੀਆਂ ਦੀ ਭੂਮਿਕਾ ਨਹੀਂ ਹੈ, ਇਸ ਲਈ ਉਨ੍ਹਾਂ ਦੇ ਨਾਮ ਐਫਆਈਆਰ ਤੋਂ ਹਟਾ ਦਿੱਤੇ ਗਏ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਐਫਆਈਆਰ ਇੱਕ ਸਥਾਨਕ ਨਿਵਾਸੀ ਦੀ ਸ਼ਿਕਾਇਤ ਤੋਂ ਬਾਅਦ ਦਰਜ ਕੀਤੀ ਗਈ ਹੈ। ਸ਼ਿਕਾਇਤ ਕਰਤਾ ਨੇ ਦਾਅਵਾ ਕੀਤਾ ਸੀ ਕਿ ਪਿਛਲੇ ਸਾਲ ਅਕਤੂਬਰ ਮਹੀਨੇ ਵਿੱਚ ਵਾਟਸਐਪ ਗਰੁੱਪ ਤੋਂ ਬਾਅਦ ਯੂਟਿਊਬ ਉੱਤੇ ਇੱਕ ਵੀਡੀਓ ਆਇਆ ਸੀ, ਜਿਸ ਵਿੱਚ ਪ੍ਰਧਾਨ ਮੰਤਰੀ ਦੇ ਖਿਲਾਫ ਕਥਿਤ ਤੌਰ ‘ਤੇ ਇਤਰਾਜ਼ਯੋਗ ਟਿੱਪਣੀ ਕੀਤੀ ਗਈ ਸੀ।
ਉਨ੍ਹਾਂ ਦਾ ਦਾਅਵਾ ਸੀ ਕਿ ਇਸ ਵੀਡੀਓ ਉੱਤੇ ਇਤਰਾਜ਼ ਜਤਾਉਣ ਤੋਂ ਬਾਅਦ ਉਨ੍ਹਾਂ ਨੂੰ ਉਨ੍ਹਾਂ ਦੇ ਫੋਨ ਉੱਤੇ 8,500 ਤੋਂ ਜ਼ਿਆਦਾ ਵਾਰ ਧਮਕੀ ਭਰੇ ਫੋਨ ਆਏ ਸਨ। ਇਹ ਐਫਆਈਆਰ 6 ਫਰਵਰੀ 2021 ਨੂੰ ਵਾਰਾਣਸੀ ਦੇ ਭੇਲੂਪੁਰ ਪੁਲਿਸ ਥਾਣੇ ਵਿੱਚ ਦਰਜ ਕੀਤੀ ਗਈ ਸੀ। ਪਿਚਾਈ ਤੋਂ ਇਲਾਵਾ ਐਫਆਈਆਰ ਵਿੱਚ ਸੰਜੈ ਕੁਮਾਰ ਗੁਪਤਾ ਸਮੇਤ ਗੂਗਲ ਇੰਡੀਆ ਦੇ ਤਿੰਨ ਵੱਡੇ ਅਧਿਕਾਰੀਆਂ ਦੇ ਨਾਮ ਵੀ ਸ਼ਾਮਲ ਸਨ। ਐਫਆਈਆਰ ਵਿੱਚ ਜਿਨ੍ਹਾਂ ਹੋਰ ਲੋਕਾਂ ਦੇ ਨਾਮ ਦਰਜ ਹਨ, ਉਨ੍ਹਾਂ ਵਿੱਚ ਗਾਜੀਪੁਰ ਜਿਲ੍ਹੇ ਦੇ ਇੱਕ ਸੰਗੀਤਕਾਰ ਵੀ ਹਨ, ਜਿਨ੍ਹਾਂ ਨੇ ਕਥਿਤ ਤੌਰ ‘ਤੇ ਇਸ ਵੀਡੀਓ ਦਾ ਗਾਣਾ ਬਣਾਇਆ ਸੀ।
ਇਸ ਤੋਂ ਇਲਾਵਾ ਇੱਕ ਰਿਕਾਰਡਿੰਗ ਸਟੂਡੀਓ ਅਤੇ ਇੱਕ ਸਥਾਨਕ ਸੰਗੀਤ ਕੰਪਨੀ ਦੇ ਨਾਮ ਐਫਆਈਆਰ ਵਿੱਚ ਸ਼ਾਮਲ ਹਨ। ਦੱਸ ਦਈਏ ਕਿ ਇਹ ਐਫਆਈਆਰ ਆਈਪੀਸੀ ਦੀ ਧਾਰਾ 504 (ਸ਼ਾਂਤੀ ਭੰਗ ਕਰਨ ਦੇ ਇਰਾਦੇ ਨਾਲ ਜਾਨ-ਬੁੱਝਕੇ ਬੇਇੱਜ਼ਤੀ), 506, 500, 120ਬੀ ਦੇ ਤਹਿਤ ਦਰਜ ਕੀਤੀ ਗਈ। ਇਸਦੇ ਨਾਲ ਹੀ ਆਰੋਪੀਆਂ ਦੇ ਖਿਲਾਫ ਸੂਚਨਾ ਤਕਨੀਕੀ ਐਕਟ ਦੀ ਧਾਰਾ 67 ਦੇ ਤਹਿਤ ਵੀ ਇਲਜ਼ਾਮ ਦਰਜ ਕੀਤਾ ਗਿਆ।
ਭੇਲੂਪੁਰ ਪੁਲਿਸ ਥਾਣੇ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਗੂਗਲ ਦੇ ਅਧਿਕਾਰੀਆਂ ਦਾ ਨਾਮ ਐਫਆਈਆਰ ਤੋਂ ਉਸੇ ਦਿਨ ਹਟਾ ਦਿੱਤਾ ਗਿਆ ਸੀ, ਜਿਸ ਦਿਨ ਐਫਆਈਆਰ ਦਰਜ ਕੀਤੀ ਗਈ ਸੀ। ਹੋਰ ਬਿੰਦੂਆਂ ਉੱਤੇ ਜਾਂਚ ਚੱਲ ਰਹੀ ਹੈ। ਇਸ ਮਾਮਲੇ ਵਿੱਚ ਗੂਗਲ ਨੇ ਹੁਣ ਤੱਕ ਕੋਈ ਪ੍ਰਤੀਕਿਰਆ ਨਹੀਂ ਕੀਤੀ ਹੈ।