22 ਲੱਖ ਰੁਪਏ ਰਿਸ਼ਵਤ ਦਾ ਮਾਮਲਾ: ਏਡੀਜੀਪੀ ਢਿੱਲੋਂ ਨੂੰ ਮਿਲੀ ਕਲੀਨ ਚਿੱਟ ਖ਼ਿਲਾਫ਼ ਸੇਵਾਮੁਕਤ SSP ਨੇ ਹਾਈ ਕੋਰਟ ’ਚ ਪਾਈ ਪਟੀਸ਼ਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੇਵਾਮੁਕਤ ਐਸਐਸਪੀ ਸ਼ਿਵ ਕੁਮਾਰ ਸ਼ਰਮਾ ਨੇ ਕਲੀਨ ਚਿੱਟ ਦੇਣ ਖ਼ਿਲਾਫ਼ ਪੰਜਾਬ-ਹਰਿਆਣਾ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ।

Punjab and Haryana High Court

 

ਚੰਡੀਗੜ੍ਹ: 22 ਲੱਖ ਰੁਪਏ ਦੀ ਰਿਸ਼ਵਤ ਮਾਮਲੇ ਨੂੰ ਲੈ ਕੇ ਪੰਜਾਬ ਕੇਡਰ ਦੇ ਦੋ ਆਈਪੀਐਸ ਅਧਿਕਾਰੀਆਂ ਵਿਚਾਲੇ ਤਕਰਾਰ ਸਾਹਮਣੇ ਆਈ ਹੈ। ਚੰਡੀਗੜ੍ਹ ਸੀਬੀਆਈ ਪੰਜਾਬ ਦੇ ਮੌਜੂਦਾ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਖ਼ਿਲਾਫ਼ ਪਿਛਲੇ 5 ਸਾਲਾਂ ਤੋਂ ਰਿਸ਼ਵਤਖੋਰੀ ਦੇ ਕੇਸ ਦੀ ਜਾਂਚ ਕਰ ਰਹੀ ਸੀ। ਸੀਬੀਆਈ ਨੇ 2 ਮਹੀਨੇ ਪਹਿਲਾਂ ਇਹ ਜਾਂਚ ਬੰਦ ਕਰ ਦਿੱਤੀ ਸੀ ਅਤੇ ਢਿੱਲੋਂ ਨੂੰ ਕਲੀਨ ਚਿੱਟ ਦੇ ਦਿੱਤੀ ਸੀ। ਸੇਵਾਮੁਕਤ ਐਸਐਸਪੀ ਸ਼ਿਵ ਕੁਮਾਰ ਸ਼ਰਮਾ ਨੇ ਕਲੀਨ ਚਿੱਟ ਦੇਣ ਖ਼ਿਲਾਫ਼ ਪੰਜਾਬ-ਹਰਿਆਣਾ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ।

ਇਹ ਵੀ ਪੜ੍ਹੋ: ਭਵਾਨੀਗੜ੍ਹ: ਮੀਂਹ ਨਾਲ ਖ਼ਰਾਬ ਹੋਈ ਫਸਲ ਕਾਰਨ ਨੌਜਵਾਨ ਕਿਸਾਨ ਨੇ ਲਿਆ ਫਾਹਾ, ਮੌਤ  

ਸ਼ਰਮਾ ਨੇ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰਕੇ ਕਿਹਾ ਹੈ ਕਿ ਢਿੱਲੋਂ ਪੰਜਾਬ ਦਾ ਪ੍ਰਭਾਵਸ਼ਾਲੀ ਆਈਪੀਐਸ ਅਧਿਕਾਰੀ ਹੈ, ਇਸ ਲਈ ਸੀਬੀਆਈ ਨੇ ਵੀ ਉਸ ਦੇ ਹੱਕ ਵਿਚ ਰਿਪੋਰਟ ਬਣਾ ਦਿੱਤੀ, ਜਦਕਿ ਉਸ ਖ਼ਿਲਾਫ਼ 22 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਗੰਭੀਰ ਇਲਜ਼ਾਮ ਹਨ। ਸ਼ਿਵ ਕੁਮਾਰ ਦੀ ਵਲੋਂ ਐਡਵੋਕੇਟ ਸਚਿਨ ਜੈਨ ਨੇ ਪਟੀਸ਼ਨ ਦਾਇਰ ਕੀਤੀ ਸੀ, ਜਿਸ ਵਿਚ ਉਸ ਨੇ ਸੀਬੀਆਈ ਦੀ ਉਸ ਰਿਪੋਰਟ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ, ਜਿਸ ਵਿਚ ਏਡੀਜੀਪੀ ਨੂੰ ਕਲੀਨ ਚਿੱਟ ਦਿੱਤੀ ਗਈ ਸੀ। ਉਹਨਾਂ ਨੇ ਏਡੀਜੀਪੀ ਦੀ ਭੂਮਿਕਾ ਦੀ ਜਾਂਚ ਲਈ ਆਈਪੀਐਸ ਅਧਿਕਾਰੀ ਦੀ ਅਗਵਾਈ ਵਿਚ ਐਸਆਈਟੀ ਦੇ ਗਠਨ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ: ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੇ ਨਾਮਜ਼ਦਗੀ ਪੱਤਰ ਕੀਤਾ ਦਾਖ਼ਲ 

ਹਾਲਾਂਕਿ ਹਾਈਕੋਰਟ ਨੇ ਇਸ ਪਟੀਸ਼ਨ 'ਤੇ ਅਜੇ ਤੱਕ ਕੋਈ ਫੈਸਲਾ ਨਹੀਂ ਦਿੱਤਾ ਹੈ ਪਰ ਜਦੋਂ ਤੱਕ ਇਸ ਪਟੀਸ਼ਨ 'ਤੇ ਕੇਸ ਚੱਲਦਾ ਹੈ ਉਦੋਂ ਤੱਕ ਸੀਬੀਆਈ ਅਦਾਲਤ ਨੇ ਚੰਡੀਗੜ੍ਹ 'ਚ ਚੱਲ ਰਹੇ ਮੁਕੱਦਮੇ 'ਤੇ ਰੋਕ ਲਗਾ ਦਿੱਤੀ ਹੈ। ਅਸ਼ੋਕ ਗੋਇਲ ਅਤੇ ਦੋ ਹੋਰਾਂ ਖਿਲਾਫ ਇਹ ਮੁਕੱਦਮਾ ਚੱਲ ਰਿਹਾ ਹੈ। ਦਰਅਸਲ ਸ਼ਿਵ ਕੁਮਾਰ ਦੀ ਸ਼ਿਕਾਇਤ 'ਤੇ ਚੰਡੀਗੜ੍ਹ ਸੀਬੀਆਈ ਨੇ ਲੁਧਿਆਣਾ ਦੇ ਇਕ ਵਪਾਰੀ ਅਸ਼ੋਕ ਗੋਇਲ ਨੂੰ ਗ੍ਰਿਫ਼ਤਾਰ ਕੀਤਾ ਸੀ। ਇਲਜ਼ਾਮ ਮੁਤਾਬਕ ਗੋਇਲ ਨੇ ਸ਼ਿਵ ਕੁਮਾਰ ਨੂੰ ਇਕ ਕੇਸ ਵਿਚੋਂ ਕੱਢਣ ਲਈ ਏਡੀਜੀਪੀ ਢਿੱਲੋਂ ਦੇ ਨਾਂ ’ਤੇ 22 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ।

ਇਹ ਵੀ ਪੜ੍ਹੋ: ਭਾਰਤ ਵਿੱਚ ਸਭ ਤੋਂ ਅਮੀਰ ਅਤੇ ਗਰੀਬ ਮੁੱਖ ਮੰਤਰੀ: ਜਾਣੋ ਕੌਣ ਹੈ

ਸੀਬੀਆਈ ਨੂੰ 5 ਸਾਲ ਦੀ ਜਾਂਚ ਤੋਂ ਬਾਅਦ ਵੀ ਢਿੱਲੋਂ ਦੇ ਖਿਲਾਫ ਸਬੂਤ ਨਹੀਂ ਮਿਲੇ। ਸੇਵਾਮੁਕਤ ਐਸਐਸਪੀ ਨੇ ਪਟੀਸ਼ਨ ਦਾਇਰ ਕਰਕੇ ਸੀਬੀਆਈ ਦੀ ਰਿਪੋਰਟ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਸੀਬੀਆਈ ਨੇ ਅਸ਼ੋਕ ਗੋਇਲ ਅਤੇ ਦੋ ਹੋਰ ਮੁਲਜ਼ਮਾਂ ਖ਼ਿਲਾਫ਼ ਚੰਡੀਗੜ੍ਹ ਸੀਬੀਆਈ ਅਦਾਲਤ ਵਿਚ ਚਾਰਜਸ਼ੀਟ ਦਾਖ਼ਲ ਕੀਤੀ ਸੀ। ਫਿਲਹਾਲ ਤਿੰਨਾਂ ਮੁਲਜ਼ਮਾਂ ਖਿਲਾਫ ਸੀਬੀਆਈ ਅਦਾਲਤ ਵਿਚ ਸੁਣਵਾਈ ਚੱਲ ਰਹੀ ਹੈ। ਪਰ ਸ਼ਿਵ ਕੁਮਾਰ ਦੀ ਸ਼ਿਕਾਇਤ 'ਤੇ ਹਾਈਕੋਰਟ ਨੇ ਸੁਣਵਾਈ 'ਤੇ ਰੋਕ ਲਗਾ ਦਿੱਤੀ ਹੈ। ਹੁਣ ਇਸ ਮਾਮਲੇ ਦੀ ਸੁਣਵਾਈ 25 ਸਤੰਬਰ ਨੂੰ ਹੋਵੇਗੀ। ਸੀਬੀਆਈ ਦਾ ਕਹਿਣਾ ਹੈ ਕਿ ਏਡੀਜੀਪੀ ਖ਼ਿਲਾਫ਼ ਪੁਖਤਾ ਸਬੂਤ ਨਹੀਂ ਹੈ। ਸੀਬੀਆਈ ਨੇ ਏਡੀਜੀਪੀ ਢਿੱਲੋਂ ਖ਼ਿਲਾਫ਼ 5 ਸਾਲਾਂ ਤੋਂ ਜਾਂਚ ਕੀਤੀ। ਹਾਈਕੋਰਟ ਦੇ ਹੁਕਮਾਂ 'ਤੇ ਢਿੱਲੋਂ ਦੀ ਆਵਾਜ਼ ਦੇ ਨਮੂਨੇ ਵੀ ਲਏ ਗਏ ਸਨ। ਸੀਬੀਆਈ ਦੇ ਹੱਥ ਇਕ ਵੌਇਸ ਰਿਕਾਰਡਿੰਗ ਵੀ ਲੱਗੀ ਜਿਸ ਵਿਚ ਐਸਐਸਪੀ ਸ਼ਿਵ ਕੁਮਾਰ ਬਾਰੇ ਅਸ਼ੋਕ ਗੋਇਲ ਅਤੇ ਹੋਰ ਮੁਲਜ਼ਮਾਂ ਨਾਲ ਢਿੱਲੋਂ ਦੀ ਗੱਲਬਾਤ ਚੱਲ ਰਹੀ ਸੀ।

ਇਹ ਵੀ ਪੜ੍ਹੋ: ਭਾਰਤ ਨੇ ਬ੍ਰਿਟੇਨ ਨੂੰ ਕਿਹਾ, “ਤੁਹਾਡੀ ਸ਼ਰਣ ਨੀਤੀ ਦੀ ਦੁਰਵਰਤੋਂ ਕਰ ਰਹੇ ਗਰਮਖਿਆਲੀ”

ਸੀਬੀਆਈ ਨੇ ਅੰਤਿਮ ਰਿਪੋਰਟ ਵਿਚ ਕਿਹਾ ਹੈ ਕਿ ਉਹ ਇਸ ਮੁੱਦੇ ’ਤੇ ਜ਼ਰੂਰ ਚਰਚਾ ਕਰ ਰਹੇ ਸਨ, ਪਰ ਗੱਲਬਾਤ ਵਿਚ ਇਹ ਸਾਹਮਣੇ ਨਹੀਂ ਆਇਆ ਕਿ ਸ਼ਿਵ ਕੁਮਾਰ ਨੂੰ ਕਿਸੇ ਤਰ੍ਹਾਂ ਦਾ ਫੇਵਰ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸੀਬੀਆਈ ਕੋਲ ਹੋਰ ਕੋਈ ਸਬੂਤ ਨਹੀਂ ਸੀ। ਇਸ ਲਈ ਸੀਬੀਆਈ ਨੇ ਢਿੱਲੋਂ ਖ਼ਿਲਾਫ਼ ਜਾਂਚ ਬੰਦ ਕਰ ਦਿੱਤੀ। ਪਟਿਆਲਾ ਦੇ ਸਾਬਕਾ ਐਸਐਸਪੀ ਸ਼ਿਵ ਕੁਮਾਰ ਸ਼ਰਮਾ ਖ਼ਿਲਾਫ਼ ਇਕ ਪਟਵਾਰੀ ਮੋਹਨ ਸਿੰਘ ਨੇ ਸ਼ਿਕਾਇਤ ਕੀਤੀ ਸੀ। ਪਟਵਾਰੀ ਨੇ ਕਿਹਾ ਸੀ ਕਿ ਉਸ ਨੂੰ ਝੂਠੇ ਕੇਸ ਵਿਚ ਫਸਾ ਕੇ ਹਿਰਾਸਤ ਵਿਚ ਤਸੀਹੇ ਦਿੱਤੇ ਗਏ। ਇਸ ਦੀ ਜਾਂਚ ਲਈ ਢਿੱਲੋਂ ਦੀ ਅਗਵਾਈ ਹੇਠ ਐਸਆਈਟੀ ਬਣੀ ਸੀ। ਉਦੋਂ ਢਿੱਲੋਂ ਫਿਰੋਜ਼ਪੁਰ ਰੇਂਜ ਦੇ ਆਈਜੀ ਸਨ। ਐਸਆਈਟੀ ਨੇ ਸ਼ਿਵ ਕੁਮਾਰ ਦੇ ਘਰ ਕਈ ਵਾਰ ਛਾਪੇਮਾਰੀ ਕੀਤੀ ਅਤੇ ਦਸਤਾਵੇਜ਼ ਅਤੇ ਹੋਰ ਸਾਮਾਨ ਜ਼ਬਤ ਕੀਤਾ। ਉਸ ਦੌਰਾਨ ਲੁਧਿਆਣਾ ਦੇ ਅਸ਼ੋਕ ਗੋਇਲ ਨੇ ਸ਼ਿਵ ਕੁਮਾਰ ਨੂੰ ਮਿਲ ਕੇ ਉਸ ਨੂੰ ਇਸ ਕੇਸ ਵਿਚੋਂ ਕੱਢਣ ਲਈ ਰਿਸ਼ਵਤ ਦੀ ਮੰਗ ਕੀਤੀ। ਸ਼ਿਵ ਕੁਮਾਰ ਨੇ ਸੀਬੀਆਈ ਨੂੰ ਜਾਣਕਾਰੀ ਦਿੱਤੀ ਸੀ। ਸੀਬੀਆਈ ਨੇ ਜਾਲ ਵਿਛਾ ਕੇ ਗੋਇਲ ਨੂੰ ਗ੍ਰਿਫ਼ਤਾਰ ਕੀਤਾ ਸੀ।