ਸ਼ਹੀਦ ਮੁਹੰਮਦ ਇਮਤਿਆਜ਼ ਦੇ ਪਰਿਵਾਰ ਨੂੰ 50 ਲੱਖ ਦੀ ਦਿਤੀ ਜਾਵੇਗੀ ਸਹਾਇਤਾ
ਮੁੱਖ ਮੰਤਰੀ ਨਿਤੀਸ਼ ਕੁਮਾਰ ਸ਼ਹੀਦ ਦੇ ਪਰਿਵਾਰ ਨਾਲ ਕਰਨਗੇ ਮੁਲਾਕਾਤ
ਆਪ੍ਰੇਸ਼ਨ ਸਿੰਦੂਰ ਵਿੱਚ ਸ਼ਹੀਦ ਹੋਏ ਬੀਐਸਐਫ ਸਬ-ਇੰਸਪੈਕਟਰ ਮੁਹੰਮਦ ਇਮਤਿਆਜ਼ ਦੇ ਪਰਿਵਾਰ ਨੂੰ ਬਿਹਾਰ ਸਰਕਾਰ ਵਲੋਂ ਕੁੱਲ 50 ਲੱਖ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। 21 ਲੱਖ ਰੁਪਏ ਗ੍ਰਹਿ ਵਿਭਾਗ ਅਤੇ ਰਾਜ ਸਰਕਾਰ ਵਲੋਂ ਦਿਤੇ ਜਾਣਗੇ ਅਤੇ 29 ਲੱਖ ਰੁਪਏ ਮੁੱਖ ਮੰਤਰੀ ਰਾਹਤ ਫੰਡ ਵਿਚੋਂ ਦਿਤੇ ਜਾਣਗੇ। ਮੁੱਖ ਮੰਤਰੀ ਨਿਤੀਸ਼ ਕੁਮਾਰ ਖੁਦ ਅੱਜ ਛਪਰਾ ਜਾਣਗੇ ਅਤੇ ਸ਼ਹੀਦ ਦੇ ਪਰਿਵਾਰ ਨੂੰ ਮਿਲਣਗੇ।
ਜੰਮੂ-ਕਸ਼ਮੀਰ ਦੀ ਅੰਤਰਰਾਸ਼ਟਰੀ ਸਰਹੱਦ ’ਤੇ ਪਾਕਿਸਤਾਨੀ ਫ਼ੌਜ ਵਲੋਂ ਕੀਤੀ ਗਈ ਕਾਇਰਤਾਪੂਰਨ ਗੋਲੀਬਾਰੀ ਵਿਚ ਬੀਐਸਐਫ ਦੇ ਸਬ-ਇੰਸਪੈਕਟਰ ਮੁਹੰਮਦ ਇਮਤਿਆਜ਼ ਗੰਭੀਰ ਜ਼ਖ਼ਮੀ ਹੋ ਗਏ ਸੀ। ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ ਸੀ। ਉਨ੍ਹਾਂ ਨੇ ਦੇਸ਼ ਦੀ ਰੱਖਿਆ ਲਈ ਆਪਣੀ ਜਾਨ ਕੁਰਬਾਨ ਕਰ ਦਿਤੀ। ਜਿਵੇਂ ਹੀ ਉਨ੍ਹਾਂ ਦੀ ਸ਼ਹਾਦਤ ਦੀ ਖ਼ਬਰ ਪਿੰਡ ਪਹੁੰਚੀ, ਉਥੇ ਸੋਗ ਦੀ ਲਹਿਰ ਦੌੜ ਗਈ।
ਸ਼ਹੀਦ ਇਮਤਿਆਜ਼ ਦੀ ਦੇਹ ਨੂੰ ਪੂਰੇ ਸਰਕਾਰੀ ਸਨਮਾਨਾਂ ਨਾਲ ਉਨ੍ਹਾਂ ਦੇ ਜੱਦੀ ਪਿੰਡ ਲਿਆਂਦਾ ਗਿਆ। ਜਦੋਂ ਤਿਰੰਗੇ ਵਿਚ ਲਪੇਟਿਆ ਹੋਇਆ ਉਨ੍ਹਾਂ ਦਾ ਸਰੀਰ ਪਿੰਡ ਪਹੁੰਚਿਆ ਤਾਂ ਪੂਰਾ ਇਲਾਕਾ ‘ਸ਼ਹੀਦ ਇਮਤਿਆਜ਼ ਅਮਰ ਰਹੇ’ ਅਤੇ ‘ਪਾਕਿਸਤਾਨ ਮੁਰਦਾਬਾਦ’ ਦੇ ਨਾਅਰਿਆਂ ਨਾਲ ਗੂੰਜ ਉੱਠਿਆ। ਹਜ਼ਾਰਾਂ ਲੋਕ ਅੰਤਿਮ ਦਰਸ਼ਨ ਲਈ ਇਕੱਠੇ ਹੋਏ। ਜਿਵੇਂ ਹੀ ਸ਼ਹੀਦ ਮੁਹੰਮਦ ਇਮਤਿਆਜ਼ ਦੇ ਪੁੱਤਰ ਨੇ ਆਪਣੇ ਪਿਤਾ ਨੂੰ ਸ਼ਰਧਾਂਜਲੀ ਦਿਤੀ ਤਾਂ ਸਾਰਿਆਂ ਦੀਆਂ ਅੱਖਾਂ ਨਮ ਹੋ ਗਈਆਂ।