ਲੰਡਨ 'ਚ ਖ਼ਾਲਿਸਤਾਨ ਦੇ ਸਮਰਥਨ 'ਚ ਹੋਈ ਰੈਲੀ 'ਤੇ ਭਾਜਪਾ-ਅਕਾਲੀ ਚੁੱਪ ਕਿਉਂ : ਕਾਂਗਰਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲੰਡਨ ਵਿਚ ਖ਼ਾਲਿਸਤਾਨ ਦੇ ਸਮਰਥਨ ਵਿਚ ਕੀਤੀ ਗਈ ਰੈਲੀ ਨੂੰ ਦੇਸ਼ ਨੂੰ ਵੰਡਣ ਦੀ ਸਾਜਿਸ਼ ਕਰਾਰ ਦਿੰਦੇ ਹੋਏ ਕਾਂਗਰਸ ਨੇ ਸੋਮਵਾਰ ਨੂੰ ਮੋਦੀ ਦੀ ਅਗਵਾਈ ਵਾਲੀ ਸਰਕਾਰ...

Randeep Singh Surjewala

ਨਵੀਂ ਦਿੱਲੀ : ਲੰਡਨ ਵਿਚ ਖ਼ਾਲਿਸਤਾਨ ਦੇ ਸਮਰਥਨ ਵਿਚ ਕੀਤੀ ਗਈ ਰੈਲੀ ਨੂੰ ਦੇਸ਼ ਨੂੰ ਵੰਡਣ ਦੀ ਸਾਜਿਸ਼ ਕਰਾਰ ਦਿੰਦੇ ਹੋਏ ਕਾਂਗਰਸ ਨੇ ਸੋਮਵਾਰ ਨੂੰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੀ ਚੁੱਪੀ 'ਤੇ ਸਵਾਲ ਉਠਾਏ। ਕਾਂਗਰਸ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਖ਼ਾਲਿਸਤਾਨ ਸਮਰਥਕ ਰੈਲੀ ਸਬੰਧੀ ਟਵੀਟ ਕਰਦਿਆਂ ਕਿਹਾ ਕਿ ''ਪੰਜਾਬ ਵਿਚ ਅਤਿਵਾਦ ਨੂੰ ਦੁਬਾਰਾ ਹਵਾ ਦੇਣ ਦੇ ਲਈ ਵੱਡੀ ਸਾਜਿਸ਼ ਰਚੀ ਗਈ। ਇਸ 'ਤੇ ਅਕਾਲੀ-ਭਾਜਪਾ ਦੇ ਨੇਤਾ ਚੁੱਪ ਕਿਉਂ ਹਨ? ਉਨ੍ਹਾਂ ਕਿਹਾ ਕਿ 56 ਇੰਚ ਦੀ ਛਾਤੀ ਵਾਲੀ ਮੋਦੀ ਸਰਕਾਰ ਇਸ ਸਾਜਿਸ਼ 'ਤੇ ਚੁੱਪ ਕਿਉਂ ਹੈ? ਕੀ ਇਹ ਦੇਸ਼ ਨੂੰ ਤੋੜਨ ਦੀ ਸਾਜਿਸ਼ ਨਹੀਂ? ''

ਮਨੁੱਖੀ ਅਧਿਕਾਰਾਂ ਦੀ ਵਕਾਲਤ ਕਰਨ ਵਾਲੇ ਅਮਰੀਕੀ ਸਿੱਖ ਸੰਗਠਨ ਸਿੱਖਸ ਫਾਰ ਜਸਟਿਸ (ਐਸਐਫਜੇ) ਨੇ ਐਤਵਾਰ ਨੂੰ ਲੰਡਨ ਵਿਚ ਟ੍ਰੈਫਲਗਰ ਸਕਵਾਇਰ ਵਿਖੇ ਪੰਜਾਬ ਦੇ ਲਈ ਜਨਮਤ ਸੰਗ੍ਰਹਿ ਕਰਵਾਇਆ, ਜਿਸ ਨੂੰ ਉਨ੍ਹਾਂ ਨੇ 'ਲੰਡਨ ਦਾ ਐਲਾਨਨਾਮਾ' ਕਰਾਰ ਦਿਤਾ। ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਅਪਣੇ ਸਮਰਥਕਾਂ ਦੇ ਨਾਲ ਪੰਜਾਬ ਵਿਚ 'ਜਨਮਤ ਸੰਗ੍ਰਹਿ-2020' ਮੁਹਿੰਮ ਦੀ ਮੰਗ ਲਈ ਇਕੱਠੇ ਹੋਏ। 

ਦਸ ਦਈਏ ਕਿ ਲੰਡਨ ਵਿਚ ਹੋਈ ਇਸ ਖ਼ਾਲਿਸਤਾਨੀ ਪੱਖੀਆਂ ਦੀ ਰੈਲੀ ਨੂੰ ਰੋਕਣ ਲਈ ਭਾਰਤ ਸਰਕਾਰ ਵਲੋਂ ਬਰਤਾਨੀਆ ਦੀ ਸਰਕਾਰ ਨੂੰ ਕਾਫ਼ੀ ਜ਼ੋਰ ਪਾਇਆ ਗਿਆ ਪਰ ਬਰਤਾਨੀਆ ਸਰਕਾਰ ਨੇ ਭਾਰਤ ਦੀਆਂ ਸਾਰੀਆਂ ਅਪੀਲਾਂ ਨੂੰ ਇਹ ਕਹਿੰਦੇ ਹੋਏ ਖ਼ਾਰਜ ਕਰ ਦਿਤਾ ਸੀ ਕਿ ਇੰਗਲੈਂਡ ਵਿਚ ਹਰ ਕਿਸੇ ਨੂੰ ਅਪਣੇ ਅਧਿਕਾਰਾਂ ਦੀ ਗੱਲ ਕਰਨ ਦਾ ਹੱਕ ਹੈ।

ਇਸ ਖ਼ਾਲਿਸਤਾਨ ਸਮਰਥਕ ਰੈਲੀ ਨੂੰ ਰੱਦ ਕਰਵਾਉਣ ਲਈ ਭਾਰਤ ਵਲੋਂ ਐਨ ਮੌਕੇ ਤਕ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਭਾਰਤ ਦੀ ਕੋਈ ਵੀ ਕੋਸ਼ਿਸ਼ ਇਸ ਰੈਲੀ ਨੂੰ ਰੱਦ ਕਰਵਾਉਣ ਵਿਚ ਕਾਮਯਾਬ ਨਹੀਂ ਹੋ ਸਕੀ। 

ਭਾਰਤ ਦੀਆਂ ਖ਼ੁਫ਼ੀਆ ਏਜੰਸੀਆਂ ਦੀ ਇਸ ਰੈਲੀ 'ਤੇ ਪੈਨੀ ਨਜ਼ਰ ਸੀ। ਪਿਛਲੇ ਕਾਫ਼ੀ ਸਮੇਂ ਤੋਂ ਇਸ ਖ਼ਾਲਿਸਤਾਨੀ ਪੱਖੀ ਰੈਲੀ ਨੂੰ ਲੈ ਕੇ ਚਰਚਾ ਛਿੜੀ ਹੋਈ ਸੀ। ਇਸ ਰੈਲੀ ਵਿਚ ਪਹੁੰਚੇ ਖ਼ਾਲਿਸਤਾਨੀ ਪੱਖੀਆਂ ਨੇ ਰੀਫ਼ਰੈਂਡਮ-2020 ਲਈ ਐਲਾਨਨਾਮਾ ਕੀਤਾ। ਇਸ ਮੌਕੇ ਖ਼ਾਲਿਸਤਾਨੀ ਪੱਖੀ ਨੇਤਾਵਾਂ ਵਲੋਂ ਜਿੱਥੇ ਸਿੱਖਾਂ ਦੇ ਅਧਿਕਾਰਾਂ ਦੀ ਗੱਲ ਨੂੰ ਉਠਾਇਆ ਗਿਆ, ਉਥੇ ਹੀ ਪੰਜਾਬ ਨੂੰ ਵੱਖਰੇ ਦੇਸ਼ ਵਜੋਂ ਸਥਾਪਿਤ ਕਰਨ ਦੀ ਮੰਗ ਵੀ ਉਠਾਈ।