ਕੈਨੇਡਾ ਪੁਲਿਸ ਅਧਿਕਾਰੀ ਵੱਲੋਂ ਕਾਰ 'ਤੇ ਲਾਏ ਖਾਲਿਸਤਾਨੀ ਝੰਡੇ 'ਤੇ ਸ਼ੁਰੂ ਹੋਇਆ ਵਿਵਾਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਭਾਵੇਂ ਕਿ ਕੈਨੇਡਾ ਵਿਚ ਖ਼ਾਲਿਸਤਾਨ ਦੇ ਬੈਨਰ ਆਦਿ ਲਗਾਉਣ 'ਤੇ ਕੋਈ ਬੈਨ ਨਹੀਂ ਹੈ। ਕੈਨੇਡਾ ਵਿਚ ਕਿਧਰੇ ਨਾ ਕਿਧਰੇ ਖ਼ਾਲਿਸਤਾਨ ਦਾ...

canada police officer

ਓਂਟਾਰੀਓ : ਭਾਵੇਂ ਕਿ ਕੈਨੇਡਾ ਵਿਚ ਖ਼ਾਲਿਸਤਾਨ ਦੇ ਬੈਨਰ ਆਦਿ ਲਗਾਉਣ 'ਤੇ ਕੋਈ ਬੈਨ ਨਹੀਂ ਹੈ। ਕੈਨੇਡਾ ਵਿਚ ਕਿਧਰੇ ਨਾ ਕਿਧਰੇ ਖ਼ਾਲਿਸਤਾਨ ਦਾ ਝੰਡਾ ਜਾਂ ਬੈਨਰ ਨਜ਼ਰ ਆ ਹੀ ਜਾਂਦਾ ਹੈ। ਇਸ ਤੋਂ ਇਲਾਵਾ ਸਿੱਖਾਂ ਦੇ ਪ੍ਰੋਗਰਾਮਾਂ ਵਿਚ ਆਮ ਹੀ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਗੂੰਜਦੇ ਸੁਣਾਈ ਦਿੰਦੇ ਹਨ ਪਰ ਬੀਤੇ ਦਿਨੀਂ ਕੈਨੇਡਾ ਵਿਚ ਇਕ ਪੁਲਿਸ ਅਧਿਕਾਰੀ ਨੇ ਅਪਣੀ ਕਾਰ 'ਤੇ ਖ਼ਾਲਿਸਤਾਨੀ ਝੰਡਾ ਲਗਾ ਲਿਆ, ਜਿਸ ਕਾਰਨ ਹੁਣ ਵਿਵਾਦ ਸ਼ੁਰੂ ਹੋ ਗਿਆ ਹੈ। ਜਾਣਕਰੀ ਅਨੁਸਾਰ ਓਂਟਾਰੀਓ ਦੇ ਪੁਲਿਸ ਅਧਿਕਾਰੀ ਨੇ ਅਪਣੀ ਸਰਕਾਰੀ ਗੱਡੀ 'ਤੇ ਖ਼ਾਲਿਸਤਾਨੀ ਝੰਡਾ ਲਗਾਇਆ ਹੋਇਆ ਹੈ, 

ਜਿਸ ਦੇ ਨਾਲ ਪੁਲਿਸ ਅਧਿਕਾਰੀ ਵੀ ਅਪਣੀ ਇਸ ਗੱਡੀ ਦੇ ਕੋਲ ਖੜ੍ਹਾ ਦਿਖਾਈ ਦੇ ਰਿਹਾ ਹੈ। ਭਾਵੇਂ ਕਿ ਸਿੱਖਾਂ ਵਲੋਂ ਇਸ ਦੀ ਕਾਫ਼ੀ ਸ਼ਲਾਘਾ ਕੀਤੀ ਜਾ ਰਹੀ ਹੈ ਪਰ ਕੁੱਝ ਸਿੱਖ ਵਿਰੋਧੀਆਂ ਵਲੋਂ ਇਸ ਘਟਨਾ ਦੀ ਸੋਸ਼ਲ ਮੀਡੀਆ 'ਤੇ ਸਖ਼ਤ ਨਿਖੇਧੀ ਕੀਤੀ ਜਾ ਰਹੀ ਹੈ। ਕੈਨੇਡਾ ਸਰਕਾਰ ਵਲੋਂ ਵੀ ਇਸ ਮਾਮਲੇ 'ਤੇ ਅਜੇ ਕੋਈ ਕਾਰਵਾਈ ਨਹੀਂ ਕੀਤੀ ਗਈ।ਜੇਕਰ ਇਹੀ ਕੁੱਝ ਪੰਜਾਬ ਵਿਚ ਹੋਇਆ ਹੁੰਦਾ ਤਾਂ ਹੁਣ ਤਕ ਕਦੋਂ ਦਾ ਪੁਲਿਸ ਵਾਲੇ ਨੂੰ ਨੌਕਰੀ ਤੋਂ ਲਾਹਿਆ ਹੋਣਾ ਸੀ ਅਤੇ ਉਸ 'ਤੇ ਦੇਸ਼ ਧ੍ਰੋਹ ਦਾ ਮੁਕੱਦਮਾ ਵੀ ਦਾਇਰ ਹੋ ਜਾਣਾ ਸੀ।

ਪਿਛਲੇ ਸਮੇਂ ਦੌਰਾਨ ਗਣਤੰਤਰ ਦਿਵਸ ਵਾਲੇ ਦਿਨ ਫੇਸਬੁੱਕ ਅਕਾਊਂਟ 'ਤੇ ਕੁੱਝ ਲੋਕਾਂ ਨੇ ਖ਼ਾਲਿਸਤਾਨੀ ਝੰਡੇ ਨੂੰ ਸਾਲਮੀ ਦੇਣ ਦੀ ਤਸਵੀਰ ਪਾ ਦਿਤੀ ਸੀ, ਜਿਸ ਪੰਜਾਬ ਪੁਲਿਸ ਨੇ ਇਨ੍ਹਾਂ ਲੋਕਾਂ ਵਿਰੁਧ ਮਾਮਲਾ ਦਰਜ ਕਰ ਲਿਆ ਸੀ। ਜਨਵਰੀ ਮਹੀਨੇ ਜ਼ੋਰਾਵਰ ਸਿੰਘ ਦੇ ਨਾਂ ਦੇ ਪੇਜ 'ਤੇ ਗਣਤੰਤਰ ਦਿਵਸ ਮੌਕੇ ਖ਼ਾਲਿਸਤਾਨੀ ਪੱਖੀ ਕੁਝ ਵਿਅਕਤੀਆਂ ਨੇ ਤਿਰੰਗੇ ਦੀ ਜਗ੍ਹਾ ਕੇਸਰੀ ਰੰਗ ਦਾ ਝੰਡਾ ਝੁਲਾਇਆ ਸੀ। ਇਸ 'ਤੇ 'ਖ਼ਾਲਿਸਤਾਨ ਜ਼ਿੰਦਾਬਾਦ' ਲਿਖਿਆ ਹੋਇਆ ਸੀ। ਕੁਝ ਲੋਕ ਖ਼ਾਲਿਸਤਾਨ ਦੇ ਝੰਡੇ ਨੂੰ ਸਲੂਟ ਮਾਰਦੇ ਹੋਏ ਵੀ ਨਜ਼ਰ ਆ ਰਹੇ ਸਨ।

ਜ਼ੋਰਾਵਰ ਸਿੰਘ ਦੇ ਨਾਂ ਦੇ ਪੇਜ 'ਤੇ ਖ਼ਾਲਿਸਤਾਨ ਦੀ ਹਮਾਇਤ ਕਰ ਰਹੇ ਕੁਝ ਵਿਅਕਤੀਆਂ ਵੱਲੋਂ ਇਕ ਵੀਡੀਓ ਪਾਈ ਗਈ ਸੀ, ਜਿਸ ਵਿਚ ਸਾਰੇ ਵਿਅਕਤੀ ਖ਼ਾਲਿਸਤਾਨੀ ਪੱਖੀ ਨਾਅਰੇਬਾਜ਼ੀ ਕਰਦੇ ਹੋਏ ਝੰਡੇ ਨੂੰ ਸਲੂਟ ਮਾਰਦੇ ਹੋਏ ਨਜ਼ਰ ਆ ਰਹੇ ਸਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਈ ਵਾਰ ਸਪੱਸ਼ਟ ਕਰ ਚੁੱਕੇ ਹਨ ਕਿ ਪੰਜਾਬ 'ਚ ਖ਼ਾਲਿਸਤਾਨ ਨਾਂਅ ਦੀ ਕੋਈ ਚੀਜ਼ ਨਹੀਂ ਹੈ ਤੇ ਕਈ ਖ਼ਾਲਿਸਤਾਨੀਆਂ ਵਿਰੁਧ ਕਾਰਵਾਈ ਵੀ ਕਰ ਚੁੱਕੇ ਹਨ। ਕੈਪਟਨ ਸਰਕਾਰ ਨੇ ਹੀ ਪੰਜਾਬ 'ਚੋਂ 2020  ਰੈਫਰੈਂਡਮ ਦੇ ਪੋਸਟਰ ਉਤਰਵਾਏ ਸਨ।