ਇਕ ਹੋਰ ਰਾਹਤ ਪੈਕੇਜ ਦੇਣ ਦੀ ਤਿਆਰੀ ਵਿਚ ਕੇਂਦਰ ਸਰਕਾਰ! ਮੰਗ ਵਧਾਉਣ ‘ਤੇ ਦਿੱਤਾ ਜਾਵੇਗਾ ਜ਼ੋਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਰੋਨਾ ਮਹਾਂਮਾਰੀ ਅਤੇ ਲੌਕਡਾਊਨ ਨਾਲ ਸੁਸਤ ਪਈ ਅਰਥਵਿਵਸਥਾ ਨੂੰ ਲੀਹ ‘ਤੇ ਲਿਆਉਣ ਲਈ ਪੀਐਮ ਨਰਿੰਦਰ ਮੋਦੀ ਇਕ ਹੋਰ ਰਾਹਤ ਪੈਕੇਜ ਦਾ ਐਲਾਨ ਜਲਦ ਕਰ ਸਕਦੇ ਹਨ।

PM Modi and Nirmala Sitharaman

ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਅਤੇ ਲੌਕਡਾਊਨ ਨਾਲ ਸੁਸਤ ਪਈ ਅਰਥਵਿਵਸਥਾ ਨੂੰ ਲੀਹ ‘ਤੇ ਲਿਆਉਣ ਲਈ ਪੀਐਮ ਨਰਿੰਦਰ ਮੋਦੀ ਇਕ ਹੋਰ ਰਾਹਤ ਪੈਕੇਜ ਦਾ ਐਲਾਨ ਜਲਦ ਕਰ ਸਕਦੇ ਹਨ। ਸੂਤਰਾਂ ਅਨੁਸਾਰ, ਇਸ ਵਾਰ ਦੇ ਪੈਕੇਜ ਵਿਚ ਆਮ ਆਦਮੀ ਨੂੰ ਰਾਹਤ ਦੇ ਕੇ ਬਜ਼ਾਰ ਵਿਚ ਮੰਗ ਪੈਦਾ ਕਰਨ ਦੀ ਕੋਸ਼ਿਸ਼ ਹੋਵੇਗੀ। ਸੂਤਰਾਂ ਅਨੁਸਾਰ ਪੀਐਮ ਮੋਦੀ ਯੋਜਨਾ ਵਿਚ ਬਦਲਾਅ ਨੂੰ ਲੈ ਕੇ ਨਵੇਂ ਬੁਨਿਆਦੀ ਢਾਂਚਾ ਪ੍ਰਾਜੈਕਟ ਸ਼ੁਰੂ ਕਰਨ ਲਈ ਐਲਾਨ ਕਰ ਸਕਦੇ ਹਨ।

ਪ੍ਰਧਾਨ ਮੰਤਰੀ ਦਾ ਨਵਾਂ ਰਾਹਤ ਪੈਕੇਜ ਪੀਐਮ ਗਰੀਬ ਭਲਾਈ ਯੋਜਨਾ ਅਤੇ ਆਤਮ ਨਿਰਭਰ ਭਾਰਤ ਮੁਹਿੰਮ ਤੋਂ ਬਾਅਦ ਅਹਿਮ ਐਲਾਨ ਸਾਬਿਤ ਹੋ ਸਕਦਾ ਹੈ। ਯਾਨੀ ਨਵੇਂ ਪੈਕੇਜ ਵਿਚ ਆਤਮਨਿਰਭਰ ਭਾਰਤ ਯੋਜਨਾ ਦੇ ਤਹਿਤ ਘਰੇਲੂ ਇੰਡਸਟਰੀ ਨੂੰ ਉਤਸ਼ਾਹਤ ਦੇਣ ਅਤੇ ਵਿਦੇਸ਼ਾਂ ਤੋਂ ਦਰਾਮਦ ਘੱਟ ਕਰਨਾ ਦਾ ਡਰਾਫਟ ਸ਼ਾਮਲ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਦਿੱਤੇ ਗਏ ਰਾਹਤ ਪੈਕੇਜ ਵਿਚ ਮੁੱਖ ਤੌਰ ‘ਤੇ ਉਦਯੋਗਾਂ ਅਤੇ ਐਸਐਮਆਈ ਨੂੰ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ। ਹਾਲਾਂਕਿ ਪਿਛਲੇ ਪੈਕੇਜ ਨਾਲ ਬਜ਼ਾਰ ਵਿਚ ਮੰਗ ਪੈਦਾ ਕਰ ਕੇ ਨਵੀਆਂ ਨੌਕਰੀਆਂ ਦੇ ਮੌਕੇ ਵਧਾਉਣ ਵਿਚ ਉਮੀਦ ਅਨੁਸਾਰ ਸਫਲਤਾ ਨਹੀਂ ਮਿਲ ਪਾਈ ਹੈ।

ਇਸ ਨੂੰ ਧਿਆਨ ਵਿਚ ਰੱਖਦੇ ਹੋਏ ਨਵੇਂ ਰਾਹਤ ਪੈਕੇਜ ਵਿਚ ਆਮ ਆਦਮੀ ਨੂੰ ਰਾਹਤ ਦੇਣ ‘ਤੇ ਜ਼ੋਰ ਦਿੱਤਾ ਜਾ ਸਕਦਾ ਹੈ। ਇਸ ਦੀ ਉਮੀਦ ਇਸ ਲਈ ਵੀ ਹੈ ਕਿ ਲੌਕਡਾਊਨ ਵਿਚ ਢਿੱਲ ਦੇ ਬਾਵਜੂਦ ਵੀ ਬਜ਼ਾਰ ਵਿਚ ਮੰਗ ਪੈਦਾ ਨਹੀਂ ਹੋ ਰਹੀ ਹੈ। ਅਜਿਹੇ ਵਿਚ ਮੰਗ ਵਧਾਉਣ ਲਈ ਸਰਕਾਰ ਆਮ ਆਦਮੀ ਨੂੰ ਧਿਆਨ ਵਿਚ ਰੱਖ ਦੇ ਪੈਕੇਜ ਦਾ ਐਲ਼ਾਨ ਕਰ ਸਕਦੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਮੰਗ ਵਧਾਉਣ ਵਿਚ ਸਹਾਇਤਾ ਮਿਲੇਗੀ, ਜਿਸ ਨਾਲ ਅਰਥਵਿਵਸਥਾ ਦੀ ਰਫ਼ਤਾਰ ਤੇਜ਼ ਕਰਨ ਵਿਚ ਮਦਦ ਮਿਲੇਗੀ।

ਨਿੱਜੀਕਰਨ ਲਈ ਮਹੱਤਵਪੂਰਨ ਖੇਤਰਾਂ ਦੀ ਚੋਣ

ਸਰਕਾਰ ਨੇ ਨਿੱਜੀਕਰਨ ਦੀ ਦਿਸ਼ਾ ਵਿਚ ਵੱਡਾ ਕਦਮ ਚੁੱਕਦੇ ਹੋਏ 18 ਰਣਨੀਤਕ ਖੇਤਰਾਂ ਦੀ ਪਛਾਣ ਕੀਤੀ ਹੈ। ਇਸ ਵਿਚ ਬੈਂਕਿੰਗ, ਬੀਮਾ, ਸਟੀਲ, ਖਾਦ, ਪੈਟਰੋਲੀਅਮ ਅਤੇ ਰੱਖਿਆ ਉਪਕਰਣ ਆਦਿ ਸ਼ਾਮਲ ਹਨ।

ਨਿਵੇਸ਼ਕਾਂ ਕੋਲ ਹੋਵੇਗਾ ਨਿਵੇਸ਼ ਦਾ ਮੌਕਾ

ਸਰਕਾਰੀ ਕੰਪਨੀਆਂ ਵਿਚ ਵਿਨਿਵੇਸ਼ ਪ੍ਰਕਿਰਿਆ ਸ਼ੁਰੂ ਕਰਨ ਨਾਲ ਨਿੱਜੀ ਨਿਵੇਸ਼ਕਾਂ ਨੂੰ ਨਿਵੇਸ਼ ਦਾ ਵੱਡਾ ਮੌਕਾ ਮਿਲੇਗਾ। ਸਰਕਾਰ ਦੇ ਸੂਤਰਾਂ ਨੇ ਕਿਹਾ ਕਿ ਨਿੱਜੀ ਖੇਤਰ ਦੀ ਹਿੱਸੇਦਾਰੀ ਨਿੱਜੀ ਪੂੰਜੀ, ਤਕਨਾਲੋਜੀ, ਨਵੀਨਤਾ ਨੂੰ ਉਤਸ਼ਾਹਤ ਕਰੇਗੀ ਅਤੇ ਬਿਹਤਰੀਨ ਪ੍ਰਬੰਧਨ ਪ੍ਰਣਾਲੀ ਨੂੰ ਲਾਗੂ ਕਰੇਗੀ।

ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ

ਪ੍ਰਧਾਨ ਮੰਤਰੀ ਮੋਦੀ ਨੇ ਹਾਲ ਹੀ ਵਿਚ ਸੱਤ ਲੱਖ ਕਰੋੜ ਦੇ ਫੰਡ ਦੇ ਨਾਲ ਖੇਤੀਬਾੜੀ-ਇਨਫਰਾ ਫੰਡ ਬਣਾਉਣ ਨੂੰ ਮਨਜ਼ੂਰੀ ਦਿੱਤੀ ਹੈ। ਅਗਲੇ ਰਾਹਤ ਪੈਕੇਜ ਨਾਲ ਸ਼ਹਿਰੀ ਖੇਤਰ ਵਿਚ ਰੁਜ਼ਗਾਰ ਦੇ ਮੌਕੇ ਵਧਾਉਣ ਦੀ ਤਿਆਰੀ ਹੋਵੇਗੀ। ਸਰਕਾਰ ਦੀ ਤਿਆਰੀ ਜਲਦ ਤੋਂ ਜਲਦ ਬੇਰੁਜ਼ਗਾਰੀ ਦੀ ਦਰ ਘੱਟ ਕਰ ਕੇ ਅਰਥਵਿਵਸਥਾ ਨੂੰ ਪਟੜੀ ‘ਤੇ ਲੈ ਕੇ ਆਉਣਾ ਹੈ।