ਚੰਨ 'ਤੇ ਰਾਕੇਟ ਭੇਜਣ ਨਾਲ ਲੋਕਾਂ ਦਾ ਢਿੱਡ ਨਹੀਂ ਭਰਦਾ : ਰਾਹੁਲ ਗਾਂਧੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ - ਅਰਥਚਾਰੇ ਦੀ ਬਜਾਏ ਮੋਦੀ ਧਾਰਾ 370 ਦੀ ਗੱਲ ਕਰਦੇ ਰਹਿੰਦੇ ਹਨ

Modi governmentt asking youths to see Moon when they seek jobs: Rahul Gandhi

ਲਾਤੂਰ : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਮੀਡੀਆ ਮੁੱਖ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਲਾਂਭੇ ਕਰ ਰਹੇ ਹਨ। ਮਹਾਰਾਸ਼ਟਰ ਦੇ ਲਾਤੂਰ ਜ਼ਿਲ੍ਹੇ ਦੇ ਔਸਾ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਗਾਂਧੀ ਨੇ ਕਿਹਾ ਕਿ  ਜਦ ਨੌਜਵਾਨ ਨੌਕਰੀ ਮੰਗਦੇ ਹਨ ਤਾਂ ਸਰਕਾਰ ਉੁਨ੍ਹਾਂ ਨੂੰ ਈਸਰੋ ਦੇ ਹਾਲੀਆ ਚੰਨ ਮਿਸ਼ਨ ਦੇ ਸਬੰਧ ਵਿਚ, ਚੰਨ ਵੇਖਣ ਲਈ ਕਹਿੰਦੀ ਹੈ। ਉਨ੍ਹਾਂ ਕਿਹਾ ਕਿ ਚੀਨੀ ਰਾਸ਼ਟਰਪਤੀ ਸ਼ੀ ਚਿਨਫ਼ਿੰਗ ਨਾਲ ਹਾਲ ਹੀ ਵਿਚ ਹੋਈ ਬੈਠਕ ਦੌਰਾਨ ਮੋਦੀ ਨੇ ਕੀ ਉਨ੍ਹਾਂ ਨੂੰ 2017 ਵਾਲੇ ਡੋਕਲਾਮ ਰੇੜਕੇ ਬਾਰੇ ਪੁਛਿਆ।

ਉਹ 2017 ਵਿਚ ਭਾਰਤੀ ਖੇਤਰ ਵਿਚ ਚੀਨੀ ਫ਼ੌਜੀਆਂ ਦੀ ਘੁਸਪੈਠ ਦਾ ਜ਼ਿਕਰ ਕਰ ਰਹੇ ਸਨ। ਰਾਹੁਲ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਅਰਥਵਿਵਸਥਾ ਨੂੰ ਖ਼ਤਮ ਕਰ ਦਿਤਾ ਹੈ। ਉਨ੍ਹਾਂ ਕਿਹਾ ਕਿ ਚੰਨ 'ਤੇ ਰਾਕੇਟ ਭੇਜਣ ਨਾਲ ਦੇਸ਼ ਦੇ ਨੌਜਵਾਨਾਂ ਨੂੰ ਨੌਕਰੀਆਂ ਨਹੀਂ ਮਿਲਣਗੀਆਂ ਅਤੇ ਲੋਕਾਂ ਦਾ ਢਿੱਡ ਨਹੀਂ ਭਰੇਗਾ। ਸਾਬਕਾ ਕਾਂਗਰਸ ਪ੍ਰਧਾਨ ਨੇ ਇਹ ਵੀ ਕਿਹਾ ਕਿ 'ਮੇਡ ਇਨ ਚਾਈਨਾ' ਨੀਤੀ ਭਾਰਤੀ ਨੌਜਵਾਨਾਂ ਨੂੰ ਬੇਰੁਜ਼ਗਾਰ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਹੀ ਚੀਨੀ ਰਾਸ਼ਟਰਪਤੀ ਭਾਰਤ ਆਏ ਸਨ ਅਤੇ ਕਈ ਮੁੱਦਿਆਂ 'ਤੇ ਪ੍ਰਧਾਨ ਮੰਤਰੀ ਮੋਦੀ ਨਾਲ ਉਨ੍ਹਾਂ ਗੱਲਬਾਤ ਕੀਤੀ ਸੀ।  

ਗਾਂਧੀ ਨੇ ਕਿਹਾ, 'ਜਦ ਨੌਜਵਾਨ ਨੌਕਰੀਆਂ ਮੰਗਦੇ ਹਨ ਤਾਂ ਸਰਕਾਰ ਉਨ੍ਹਾਂ ਨੂੰ ਚੰਨ ਵੇਖਣ ਲਈ ਕਹਿੰਦੀ ਹੈ। ਸਰਕਾਰ ਧਾਰਾ 370, ਚੰਨ ਦੀ ਗੱਲ ਕਰਦੀ ਹੈ ਪਰ ਦੇਸ਼ ਦੀਆਂ ਸਮੱਸਿਆਵਾਂ ਬਾਰੇ ਚੁੱਪ ਹੈ।' ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਮੋਦੀ ਸਰਕਾਰ ਨੇ 15 ਅਮੀਰ ਲੋਕਾਂ ਦਾ 5.5 ਲੱਖ ਕਰੋੜ ਰੁਪਏ ਦਾ ਕਰਜ਼ਾ ਮਾਫ਼ ਕੀਤਾ। ਗਾਂਧੀ ਨੇ ਦੋਸ਼ ਲਾਇਆ, 'ਮੀਡੀਆ, ਮੋਦੀ ਅਤੇ ਸ਼ਾਹ ਦਾ ਕੰਮ ਮੁੱਖ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਲਾਂਭੇ ਕਰਨਾ ਹੈ। ਕਿਸਾਨਾਂ ਦੇ ਸੰਕਟ ਅਤੇ ਨੌਕਰੀਆਂ ਦੀ ਕਮੀ 'ਤੇ ਮੀਡੀਆ ਚੁੱਪ ਹੈ। ਮੀਡੀਆ ਅਮੀਰ ਲੋਕਾਂ ਦੀ ਕਰਜ਼ਾ ਮਾਫ਼ੀ ਬਾਰੇ ਵੀ ਚੁੱਪ ਹੈ।' ਉਨ੍ਹਾਂ ਕਿਹਾ ਕਿ ਨੋਟਬੰਦੀ ਅਤੇ ਜੀਐਸਟੀ ਦਾ ਉਦੇਸ਼ ਗ਼ਰੀਬਾਂ ਦੀਆਂ ਜੇਬਾਂ ਵਿਚੋਂ ਪੈਸਾ ਕੱਢ ਕੇ ਅਮੀਰਾਂ ਨੂੰ ਦੇਣਾ ਹੈ।