JNU ਦੇ ਵਿਦਿਆਰਥੀਆਂ ਅੱਗੇ ਝੁਕੀ ਮੋਦੀ ਸਰਕਾਰ, ਵਾਪਸ ਲਿਆ ਫ਼ੀਸ ਵਧਾਉਣ ਵਾਲਾ ਫ਼ੈਸਲਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਹੋਸਟਲ ਅਤੇ ਮੈਸ ਦੀ ਫ਼ੀਸ ਵਧਾਉਣ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸਨ ਵਿਦਿਆਰਥੀ

File Photo

ਨਵੀਂ ਦਿੱਲੀ : ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (JNU)  ਵਿਚ ਹੋਸਟਲ ਦੀ ਫ਼ੀਸ ਵਧਾਉਣ ਨੂੰ ਲੈ ਕੇ ਆਖਰ ਮੋਦੀ ਸਰਕਾਰ ਨੂੰ ਝੁੱਕਣਾ ਪਿਆ ਹੈ। ਯੂਨੀਵਰਸਿਟੀ ਵਿਚ ਫ਼ੀਸ ਵਧਾਉਣ ਨੂੰ ਲੈ ਕੇ ਚੱਲ ਰਹੇ ਵਿਦਿਆਰਥੀਆਂ ਦੇ ਪ੍ਰਦਰਸ਼ਨ ਤੋਂ ਬਾਅਦ ਮੋਦੀ ਸਰਕਾਰ ਵੱਲੋਂ ਫ਼ੀਸ ਵਧਾਉਣ ਦੇ ਫ਼ੈਸਲੇ ਨੂੰ ਵਾਪਸ ਲੈ ਲਿਆ ਹੈ। ਇਸ ਤੋਂ ਇਲਾਵਾ ਸਰਕਾਰ ਨੇ ਵਿੱਤੀ ਮਦਦ ਦੇਣ ਲਈ ਵੀ ਕਿਹਾ ਹੈ।

ਐਚਆਰਡੀ ਮੰਤਰਾਲੇ ਵਿਚ ਸਿੱਖਿਆ ਸਕੱਤਰ ਆਰ ਸੁਬਰਾਮਣਈਯਮ ਨੇ ਇਸ ਗੱਲ ਦਾ ਐਲਾਨ ਕੀਤਾ। ਮੀਡੀਆ ਰਿਪੋਰਟਾਂ ਮੁਤਾਬਕ ਸਕੱਤਰ ਨੇ ਦੱਸਿਆ ਕਿ ਜੇਐਨਯੂ ਦੀ ਕਾਰਜਕਾਰੀ ਕਮੇਟੀ ਨੇ ਫ਼ੀਸ ਵਧਾਉਣ ਦੇ ਫ਼ੈਸਲੇ ਨੂੰ ਵਾਪਸ ਲੈਣ ਦਾ ਫ਼ੈਸਲਾ ਲਿਆ ਹੈ। ਇਸ ਤੋਂ ਇਲਾਵਾ ਆਰਥਕ ਰੂਪ ਤੋਂ ਕਮਜ਼ੋਰ ਵਿਦਿਆਰਥੀਆਂ ਨੂੰ ਵਿੱਤੀ ਮਦਦ ਦੇਣ ਦਾ ਮਤਾ ਵੀ ਰੱਖਿਆ ਹੈ। ਆਰ ਸੁਬਰਾਮਣੀਯਮ ਨੇ ਟਵੀਟ ਕਰ ਕੇ ਕਿਹਾ ਕਿ ਫ਼ੀਸ ਅਤੇ ਹੋਰ ਨਿਯਮਾਂ ਨੂੰ ਲੈ ਕੇ ਲਏ ਗਏ ਫ਼ੈਸਲਿਆਂ ਨੂੰ ਵਾਪਸ ਲੈ ਲਿਆ ਹੈ। ਵਿਦਿਆਰਥੀਆਂ ਨੂੰ ਹੁਣ ਕਲਾਸਾਂ ਵੱਲ ਧਿਆਨ ਦੇਣਾ ਚਾਹੀਦਾ ਹੈ।

ਦੱਸ ਦਈਏ ਕਿ ਫ਼ੀਸ ਵਧਾਉਣ ਨੂੰ ਲੈ ਕੇ ਨਵੀਂ ਦਰਾਂ ਜਾਰੀ ਕਰ ਦਿੱਤੀਆਂ ਸਨ। ਸਿੰਗਲ ਕਮਰੇ ਦਾ ਕਿਰਾਇਆ 10 ਰੁਪਏ ਤੋਂ ਵਧਾ ਕੇ 300 ਰੁਪਏ, ਜਦਕਿ ਡਬਲ ਕਮਰੇ ਦਾ ਕਿਰਾਇਆ 20 ਰੁਪਏ ਤੋਂ ਵਧਾ ਕੇ 600 ਰੁਪਏ ਕਰ ਦਿੱਤਾ ਸੀ। ਉੱਥੇ ਹੀ ਮੈਸ ਦੀ ਵਨ ਟਾਈਮ ਸਿਕਾਉਰੀਟੀ  ਫ਼ੀਸ 5500 ਰੁਪਏ ਤੋਂ ਵਧਾ ਕੇ 12000 ਰੁਪਏ ਕਰ ਦਿੱਤੀ ਗਈ ਸੀ।