CAA ਨੂੰ ਲੈ ਕੇ Microsoft ਦੇ CEO ਦਾ ਵੱਡਾ ਬਿਆਨ, ਕਿਹਾ ਭਾਰਤ ਵਿਚ ਜੋ ਰਿਹਾ ਹੈ ਉਹ ਬਹੁਤ ਹੀ...

ਏਜੰਸੀ

ਖ਼ਬਰਾਂ, ਰਾਸ਼ਟਰੀ

'ਨਾਗਰਿਕਤਾ ਸੋਧ ਕਾਨੂੰਨ 2019' ਬੀਤੀ 10 ਜਨਵਰੀ ਨੂੰ ਪੂਰੇ ਦੇਸ਼ ਵਿਚ ਲਾਗੂ ਹੋ ਗਿਆ ਹੈ

File Photo

ਨਵੀਂ ਦਿੱਲੀ : ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਭਾਰਤ ਵਿਚ ਹੋ ਰਹੇ ਪ੍ਰਦਰਸ਼ਨਾ ਨੂੰ ਲੈ ਕੇ ਮਾਈਕਰੋਸਾਫਟ ਦੇ ਸੀਈਓ ਸੱਤਿਆ ਨਡੇਲਾ ਨੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਇਸ ਨੂੰ ਦੁੱਖਦਾਈ ਕਰਾਰ ਦੇ ਦਿੱਤਾ ਹੈ। ਨਡੇਲਾ ਦੀ ਇਸ ਪ੍ਰਤੀਕਿਰਿਆ 'ਤੇ ਵਿਵਾਦ ਵੱਧਦਾ ਵੇਖ ਮਾਈਕਰੋਸਾਫਟ ਇੰਡੀਆ ਵੱਲੋਂ ਇਕ ਬਿਆਨ ਜਾਰੀ ਕਰ ਸਫਾਈ ਵੀ ਦਿੱਤੀ ਗਈ ਹੈ।

ਦਰਅਸਲ ਸੀਏਏ ਨੂੰ ਲੈ ਕੇ ਬਜਫੀਡ ਦੇ ਸੰਪਾਦਕ ਬੇਨ ਸਮਿਥ ਨੇ ਸਤਿੱਆ ਨਡੇਲਾ ਦੀ ਰਾਏ ਜਾਣਨ ਲਈ ਉਨ੍ਹਾਂ ਤੋਂ ਇਸ ਬਾਰੇ ਸਵਾਲ ਪੁੱਛਿਆ ਸੀ ਜਿਸ ਦੇ ਜਵਾਬ ਵਿਚ ਨਡੇਲਾ ਨੇ ਕਿਹਾ ਕਿ ''ਮੈਨੂ ਲੱਗਦਾ ਹੈ ਜੋ ਹੋ ਰਿਹਾ ਹੈ ਉਹ ਬਹੁਤ ਦੁਖਦਾਈ ਹੈ ਮੈਨੂੰ ਵਧੀਆ ਲੱਗੇਗਾ ਜੇਕਰ ਕੋਈ ਬੰਗਲਾਦੇਸ਼ੀ ਪ੍ਰਵਾਸੀ ਭਾਰਤ ਵਿਚ ਇੰਫੋਸਿਸ ਦਾ ਸੀਈਓ ਬਣਦਾ ਹੈ''।

ਨਡੇਲਾ ਦੀ ਇਸ ਪ੍ਰਤੀਕਿਰਿਆ ਤੋਂ ਬਾਅਦ ਵਿਵਾਦ ਵੱਧਦਾ ਵੇਖ ਮਾਈਕਰੋਸਾਫਟ ਇੰਡੀਆ ਨੇ ਵੀ ਇਕ ਬਿਆਨ ਜਾਰੀ ਕਰ ਸਫ਼ਾਈ ਦਿੱਤੀ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਹਰ ਦੇਸ਼ ਨੂੰ ਆਪਣੀਆਂ ਸਰਹੱਦਾਂ ਨੂੰ ਪ੍ਰਭਾਸ਼ਿਤ ਕਰਨ, ਰਾਸ਼ਟਰੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਇੰਮੀਗ੍ਰੇਸ਼ਨ ਨੀਤੀ ਨਿਧਾਰਤ ਕਰਨ ਦਾ ਅਧਿਕਾਰ ਹੈ। ਲੋਕਤੰਤਰੀ ਰਾਜਾਂ ਵਿਚ ਇਹ ਸੱਭ ਜਨਤਾ ਅਤੇ ਸਰਕਾਰ ਦਰਮਿਆਨ ਬਹਿਸ ਨਾਲ ਪਰਿਭਾਸ਼ਤ ਕੀਤਾ ਜਾਂਦਾ ਹੈ।

ਮਾਈਕਰੋਸਾਫਟ ਦੇ ਸੀਈਓ ਦਾ ਬਿਆਨ ਉਸ ਸਮੇਂ ਸਾਹਮਣੇ ਆਇਆ ਹੈ ਜਦੋਂ ਪੂਰੇ ਦੇਸ਼ ਵਿਚ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਵਿਰੋਧ ਪ੍ਰਦਰਸ਼ਨਾ ਦਾ ਦੌਰ ਜਾਰੀ ਹੈ। ਕਈ ਗੈਰ ਭਾਜਪਈ ਸਰਕਾਰਾਂ ਨੇ ਤਾਂ ਇਸ ਕਾਨੂੰਨ ਨੂੰ ਆਪਣੇ ਸੂਬਿਆਂ ਵਿਚ ਲਾਗੂ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਦੇਸ਼ ਦੀਆਂ ਕਈ ਯੂਨੀਵਰਸਿਟੀਆਂ ਵਿਚ ਵਿਦਿਆਰਥੀਆਂ ਵੱਲੋਂ ਸੀਏਏ ਵਿਰੁੱਧ ਵਿਰੋਧ ਰੋਸ ਮੁਜ਼ਹਾਰੇ ਕੀਤੇ ਜਾ ਰਹੇ ਹਨ।

ਇਹ ਵੀ ਦੱਸ ਦਈਏ ਕਿ 'ਨਾਗਰਿਕਤਾ ਸੋਧ ਕਾਨੂੰਨ 2019' ਬੀਤੀ 10 ਜਨਵਰੀ ਨੂੰ ਪੂਰੇ ਦੇਸ਼ ਵਿਚ ਲਾਗੂ ਹੋ ਗਿਆ ਹੈ। ਇਸ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਇਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਸੀ।