CAA ਲਈ 5.5 ਲੱਖ ਲੋਕਾਂ ਨੇ ਮੋਦੀ ਨੂੰ ਪਾਈਆਂ ਚਿੱਠੀਆਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਲੋਕ ਸਭਾ ਵਿਚ ਨਾਗਰਿਕਤਾ ਸੋਧ ਕਾਨੂੰਨ ਪਾਸ ਹੋਣ ਤੋਂ ਬਾਅਦ ਹੀ ਪੂਰੇ ਦੇਸ਼ ਵਿਚ ਇਸ ਦਾ ਵਿਰੋਧ ਜਾਰੀ ਹੈ।

Photo

ਨਵੀਂ ਦਿੱਲੀ: ਲੋਕ ਸਭਾ ਵਿਚ ਨਾਗਰਿਕਤਾ ਸੋਧ ਕਾਨੂੰਨ ਪਾਸ ਹੋਣ ਤੋਂ ਬਾਅਦ ਹੀ ਪੂਰੇ ਦੇਸ਼ ਵਿਚ ਇਸ ਦਾ ਵਿਰੋਧ ਜਾਰੀ ਹੈ। ਇਸੇ ਵਿਰੋਧ ਪ੍ਰਦਰਸ਼ਨ ਦੇ ਵਿਚ ਕੇਂਦਰ ਸਰਕਾਰ ਲਗਾਤਾਰ ਨਾਗਰਿਕਤਾ ਸੋਧ ਕਾਨੂੰਨ ਦੇ ਸਮਰਥਨ ਵਿਚ ਜਾਗਰੂਕਤਾ ਲਈ ਕੰਮ ਕਰ ਰਹੀ ਹੈ। ਇਹੀ ਨਹੀਂ ਕੇਂਦਰ ਸਰਕਾਰ ਨੇ ਸ਼ੁੱਕਰਵਾਰ ਨੂੰ ਇਸ ਕਾਨੂੰਨ ਸਬੰਧੀ ਨੋਟੀਫੀਕੇਸ਼ਨ ਵੀ ਜਾਰੀ ਕਰ ਦਿੱਤਾ ਸੀ।

ਇਸ ਦੇ ਨਾਲ ਹੀ ਇਹ ਕਾਨੂੰਨ ਪੂਰੇ ਦੇਸ਼ ਵਿਚ ਲਾਗੂ ਹੋ ਗਿਆ। ਇਸੇ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਅਹਿਮਦਾਬਾਦ ਦੇ ਨਿਵਾਸੀਆਂ ਵੱਲੋਂ ਪੀਐਮ ਮੋਦੀ ਨੂੰ ਲਿਖੇ ਲਗੇ ਪੰਜ ਲੱਖ ਪੋਸਟ ਕਾਰਡ ਪ੍ਰਦਰਸ਼ਿਤ ਕੀਤੇ ਅਤੇ ਨਾਗਰਿਕਤਾ ਸੋਧ ਕਾਨੂੰਨ ਦੇ ਸਮਰਥਨ ਲਈ ਉਹਨਾਂ ਦਾ ਧੰਨਵਾਦ ਕੀਤਾ।

ਇਹਨਾਂ ਚਿੱਠੀਆਂ ਨੂੰ ਉਸੇ ਸਟੇਜ ‘ਤੇ ਰੱਖਿਆ ਗਿਆ ਸੀ ਜਿਸ ਤੋਂ ਅਮਿਤ ਸ਼ਾਹ ਭਾਜਪਾ ਵਰਕਰਾਂ ਨੂੰ ਸੰਬੋਧਨ ਕਰ ਰਹੇ ਸੀ। ਇਹਨਾਂ ਚਿੱਠੀਆਂ ਨੂੰ ‘ਸੀਏਏ’ ਸ਼ਬਦਾਂ ਦਾ ਆਕਾਰ ਦੇ ਕੇ ਰੱਖਿਆ ਗਿਆ ਸੀ। ਪ੍ਰਦੇਸ਼ ਭਾਜਪਾ ਦਾ ਦਾਅਵਾ ਹੈ ਕਿ ਸੀਏਏ ਦੇ ਸਮਰਥਨ ਵਿਚ ਪਾਰਟੀ ਦੀ ਇਹ ਸਭ ਤੋਂ ਵੱਡੀ ਜਾਗਰੂਕਤਾ ਮੁਹਿੰਮ ਹੈ ਅਤੇ ਇਸ ਨੂੰ ਲਿਮਕਾ ਬੁਕਸ ਆਫ ਰਿਕਾਰਡਸ ਅਤੇ ਵਿਸ਼ਵ ਰਿਕਾਰਡ ਆਫ ਇੰਡੀਆ ਵਿਚ ਸਥਾਨ ਮਿਲਿਆ ਹੈ।

ਅਮਿਤ ਸ਼ਾਹ ਨੇ ਅਪਣੇ ਸਾਬਕਾ ਵਿਧਾਨ ਸਭਾ ਖੇਤਰ ਨਾਰਨਪੁਰ ਵਿਚ ਭਾਜਪਾ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ, ‘ਇਹ ਸਿਰਫ ਇਕ ਸ਼ਬਦ ਨਹੀਂ ਬਲਕਿ ਦਿਲੋਂ ਸ਼ੁਕਰਗੁਜ਼ਾਰੀ ਦੇ ਸ਼ਬਦ ਹਨ। ਜਨਤਾ ਨਾਲ ਸੰਪਰਕ ਕਰਨ ਦੀ ਸਾਡੀ ਮੁਹਿੰਮ ਸੀਏਏ ਦੇ ਖਿਲਾਫ ਫੈਲਾਏ ਜਾ ਰਹੇ ਝੂਠਾਂ ਦਾ ਜਵਾਬ ਹੈ’।

ਜ਼ਿਕਰਯੋਗ ਹੈ ਕਿ ਜਦ ਤੋਂ ਨਾਗਰਿਤਕ ਸੋਧ ਬਿੱਲ ਨੂੰ ਕਾਨੂੰਨ ਦਾ ਰੂਪ ਮਿਲਿਆ ਹੈ। ਓਦੋ ਤੋਂ ਹੀ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਪ੍ਰਦਰਸ਼ਨਾਂ ਦਾ ਦੌਰ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਭਾਰਤ ਵਿਚ ਹੀ ਨਹੀਂ ਬਲਕਿ ਵਿਦੇਸ਼ਾਂ ਵਿਚ ਵੀ ਇਸ ਕਾਨੂੰਨ ਦਾ ਵਿਰੋਧ ਜਾਰੀ ਹੈ।

ਓਥੇ ਹੀ ਇਸ ਵਿਰੋਧ ਨੂੰ ਰੋਕਣ ਲਈ ਭਾਜਪਾ ਵੱਲੋਂ ਵੀ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ। ਵਿਰੋਧ ਪ੍ਰਦਰਸ਼ਨ ਦੇ ਚਲਦਿਆਂ  ਨਾਗਰਿਕਤਾ ਦੇ ਸਮਰਥਨ ਵਿਚ ਭਾਜਪਾ ਵਲੋਂ ਰੈਲੀਆਂ  ਦਾ ਦੌਰ ਵੀ ਜਾਰੀ ਹੈ।  ਘਰ ਘਰ ਜਾ ਕੇ ਲੋਕਾਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਿਰ ਨਾਗਰਿਕਤਾ ਕਾਨੂੰਨ ਕਿਉਂ ਜਰੂਰੀ ਹੈ।