ਅਨੋਖੀ ਪਹਿਲ : ਈਵੀਐਮ ਨੂੰ 'ਕੱਚੇ ਲਾਹੁਣ' ਲਈ ਸ਼ੁਰੂ ਕੀਤੀ 'ਪੈਦਲ ਯਾਤਰਾ'

ਏਜੰਸੀ

ਖ਼ਬਰਾਂ, ਰਾਸ਼ਟਰੀ

ਈਵੀਐਮ ਨੂੰ ਦਸਿਆ ਦੇਸ਼ ਤੇ ਲੋਕਤੰਤਰ ਲਈ ਘਾਤਕ

file photo

ਉੜੀਸਾ : ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈਵੀਐਮ) ਸ਼ੁਰੂ ਤੋਂ ਹੀ ਵਿਵਾਦਾ 'ਚ ਰਹੀ ਹੈ। ਖ਼ਾਸ ਕਰ ਕੇ ਚੋਣ ਹਾਰਨ ਵਾਲੀਆਂ ਪਾਰਟੀਆਂ ਇਸ ਦੀ ਵਰਤੋਂ 'ਤੇ ਕਿੰਤੂ-ਪ੍ਰੰਤੂ ਕਰਦੀਆਂ ਰਹੀਆਂ ਹਨ। ਹੁਣ ਉਤਰਾਂਖੰਡ ਦੇ ਇਕ ਸ਼ਖਸ ਵਲੋਂ ਈਵੀਐਮ ਖਿਲਾਫ਼ ਵਿੱਢੀ ਅਨੋਖੀ ਮੁਹਿੰਮ ਚਰਚਾ 'ਚ ਹੈ। 41 ਸਾਲਾ ਇਸ ਵਿਅਕਤੀ ਨੇ ਈਵੀਐਮ 'ਤੇ ਪਾਬੰਦੀ ਦੀ ਮੰਗ ਨੂੰ ਲੈ ਕੇ ਦੇਸ਼ ਵਿਆਪੀ 'ਪੈਦਲ ਯਾਤਰਾ' ਦਾ ਪ੍ਰੋਗਰਾਮ ਵਿੱਢਿਆ ਹੋਇਆ ਹੈ।

ਉਤਰਾਂਖੰਡ ਦੇ ਰੂਦਰਪੁਰ ਦੇ ਵਾਸੀ ਉਂਕਾਰ ਸਿੰਘ ਢਿੱਲੋਂ ਅਪਣੀ ਪੈਦਲ ਯਾਤਰਾ ਦੇ ਪੜਾਅ ਦੌਰਾਨ ਐਤਵਾਰ ਸ਼ਾਮ ਨੂੰ ਬ੍ਰਹਮਾਪੁਰ ਵਿਖੇ ਪਹੁੰਚੇ। ਪੇਸ਼ੇ ਤੋਂ ਰਿਅਲ ਅਸਟੇਟ ਕਾਰੋਬਾਰੀ ਉਂਕਾਰ ਸਿੰਘ ਢਿੱਲੋਂ ਤਕਰੀਬਨ 4500 ਕਿਲੋਮੀਟਰ ਦੀ ਯਾਤਰਾ ਤੈਅ ਕਰ ਕੇ ਇਥੇ ਪਹੁੰਚੇ ਸਨ।

ਇਸ ਮੌਕੇ ਗੱਲਬਾਤ ਕਰਦਿਆਂ ਢਿੱਲੋਂ ਨੇ ਕਿਹਾ ਕਿ ਉਹ ਈਵੀਐਮ 'ਤੇ ਪਾਬੰਦੀ ਲਾਉਣ ਦੇ ਹੱਕ ਵਿਚ ਹਨ। ਉਨ੍ਹਾਂ ਕਿਹਾ ਕਿ ਸੱਤਾਧਾਰੀ ਧਿਰ ਵਲੋਂ ਏਵੀਐਮ ਨਾਲ ਛੇੜਛਾੜ ਦਾ ਖ਼ਤਰਾ ਬਣਿਆ ਰਹਿੰਦਾ ਹੈ ਜੋ ਕਿ ਦੇਸ਼ ਤੇ ਲੋਕਤੰਤਰ ਲਈ ਠੀਕ ਨਹੀਂ ਹੈ।

ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਇਸ ਖਿਲਾਫ਼ ਰੋਹ ਪ੍ਰਚੰਡ ਰੁਖ ਅਖਤਿਆਰ ਕਰ ਗਿਆ ਸੀ। ਹਾਲਾਂਕਿ ਸਿਆਸੀ ਧਿਰਾਂ ਦਾ ਇਹ ਰੌਲਾ ਸਿਰਫ਼ ਹਾਰਨ ਦੀ ਸੂਰਤ ਵਿਚ ਹੀ ਹੁੰਦਾ ਹੈ, ਜਦਕਿ ਜਿੱਤਣ ਦੀ ਸੂਰਤ 'ਚ ਉਨ੍ਹਾਂ ਨੂੰ ਈਵੀਐਮ 'ਚ ਕੋਈ ਕਮੀ ਨਜ਼ਰ ਨਹੀਂ ਆਉਂਦੀ।