ਕਾਂਗਰਸ ਨੇ ਭਾਜਪਾ ਤੋਂ ਖੋਹੀ ਜੈਨਗਰ ਵਿਧਾਨ ਸਭਾ ਸੀਟ
ਬੰਗਲੌਰ ਦੀ ਜੈਨਗਰ ਵਿਧਾਨ ਸਭਾ ਸੀਟ 'ਤੇ ਕਾਂਗਰਸ ਨੇ ਭਾਜਪਾ ਨੂੰ 2800 ਤੋਂ ਵੱਧ ਵੋਟਾਂ ਨਾਲ ਹਰਾ ਕੇ ਜਿੱਤ ਦਰਜ ਕੀਤੀ....
ਨਵੀਂ ਦਿੱਲੀ, : ਬੰਗਲੌਰ ਦੀ ਜੈਨਗਰ ਵਿਧਾਨ ਸਭਾ ਸੀਟ 'ਤੇ ਕਾਂਗਰਸ ਨੇ ਭਾਜਪਾ ਨੂੰ 2800 ਤੋਂ ਵੱਧ ਵੋਟਾਂ ਨਾਲ ਹਰਾ ਕੇ ਜਿੱਤ ਦਰਜ ਕੀਤੀ ਹੈ। ਇਸ ਸੀਟ 'ਤੇ 2008 ਤੋਂ ਲੈ ਕੇ ਹੁਣ ਤਕ ਭਾਜਪਾ ਦਾ ਕਬਜ਼ਾ ਸੀ। ਬੀਤੀ 23 ਮਈ ਨੂੰ ਕਾਂਗਰਸ ਅਤੇ ਜੇਡੀਐਸ ਗਠਜੋੜ ਦੀ ਸਰਕਾਰ ਬਣਨ ਮਗਰੋਂ ਹੋਏ ਚੋਣ ਇਮਤਿਹਾਨਾਂ ਵਿਚ ਇਹ ਕਾਂਗਰਸ ਦੀ ਲਗਾਤਾਰ ਦੂਜੀ ਜਿੱਤ ਹੈ। ਇਸ ਜਿੱਤ ਨਾਲ ਰਾਜ ਦੀ ਗਠਜੋੜ ਸਰਕਾਰ ਦੀ ਹਾਲਤ ਹੋਰ ਮਜ਼ਬੂਤ ਹੋਣ ਦੇ ਆਸਾਰ ਹਨ।
ਰਾਜਰਾਜੇਸ਼ਵਰੀ ਨਗਰ ਸੀਟ 'ਤੇ ਹੋਈ ਚੋਣ ਵਿਚ ਕਾਂਗਰਸ ਅਤੇ ਜੇਡੀਐਸ ਨੇ ਇਕ ਦੂਜੇ ਵਿਰੁਧ ਆਪੋ-ਅਪਣੇ ਉਮੀਦਵਾਰ ਖੜੇ ਕੇਤੇ ਸਨ ਪਰ ਜੈਨਗਰ ਵਿਚ ਜੇਡੀਐਸ ਨੇ ਅਪਣਾ ਉਮੀਦਵਾਰ ਵਾਪਸ ਲੈ ਲਿਆ ਅਤੇ ਕਾਂਗਰਸ ਦਾ ਸਮਰਥਨ ਕਰਨ ਦਾ ਫ਼ੈਸਲਾ ਕੀਤਾ ਜਿਸ ਨਾਲ ਕਾਂਗਰਸ ਨੂੰ ਜਿੱਤ ਹਾਸਲ ਕਰਨ ਵਿਚ ਮਦਦ ਮਿਲੀ। ਕਾਂਗਰਸ ਦੀ ਸੌਭਿਆ ਰੈਡੀ ਨੂੰ 54,457 ਜਦਕਿ ਭਾਜਪਾ ਉਮੀਦਵਾਰ ਬੀ ਐਨ ਪ੍ਰਹਿਲਾਦ ਨੂੰ 51,568 ਵੋਟਾਂ ਮਿਲੀਆਂ।
ਜੈਨਗਰ ਦੀ ਜਿੱਤ ਨਾਲ ਬੰਗਲੌਰ ਦੀਆਂ 28 ਵਿਧਾਨ ਸਭਾ ਸੀਟਾਂ ਵਿਚੋਂ 15 'ਤੇ ਹੁਣ ਕਾਂਗਰਸ ਦਾ ਕਬਜ਼ਾ ਹੋ ਗਿਆ ਹੈ। ਸੌਭਿਆ ਵਿਧਾਨ ਸਭਾ ਵਿਚ ਅੱਠਵੀਂ ਮਹਿਲਾ ਵਿਧਾਇਕ ਹੈ।