'ਅੱਛੇ ਦਿਨਾਂ' ਦਾ ਦੌਰ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਈ 'ਚ ਥੋਕ ਮਹਿੰਗਾਈ ਨੇ 14 ਮਹੀਨਿਆਂ ਦਾ ਰੀਕਾਰਡ ਤੋੜਿਆ

Vegetables

ਨਵੀਂ ਦਿੱਲੀ, 14 ਜੂਨ : ਪਟਰੌਲ-ਡੀਜ਼ਲ ਅਤੇ ਸਬਜ਼ੀਆਂ ਦੀਆਂ ਕੀਮਤਾਂ ਵਧਣ ਨਾਲ ਮਈ ਮਹੀਨੇ ਵਿਚ ਥੋਕ ਮੁੱਲ ਮੁਦਰਾ ਪਸਾਰ ਵੱਧ ਕੇ 14 ਮਹੀਨੇ ਦੇ ਉੱਚੇ ਪੱਧਰ ਯਾਨੀ 4.43 ਫ਼ੀ ਸਦੀ 'ਤੇ ਪਹੁੰਚ ਗਿਆ। ਥੋਕ ਮੁੱਲ ਸੂਚਕ ਅੰਕ ਆਧਾਰਤ ਮੁਦਰਾ ਪਸਾਰ ਇਸ ਸਾਲ ਅਪ੍ਰੈਲ ਮਹੀਨੇ ਵਿਚ 3.18 ਫ਼ੀ ਸਦੀ ਅਤੇ ਪਿਛਲੇ ਸਾਲ ਮਈ ਮਹੀਨੇ ਵਿਚ 2.26 ਫ਼ੀ ਸਦੀ ਸੀ। 

ਅੱਜ ਜਾਰੀ ਕੀਤੇ ਗਏ ਸਰਕਾਰੀ ਅੰਕੜਿਆਂ ਮੁਤਾਬਕ ਮਈ ਮਹੀਨੇ ਦੌਰਾਨ ਖਾਧ ਪਦਾਰਥਾਂ ਦਾ ਮੁਦਰਾ ਪਸਾਰ ਅਪ੍ਰੈਲ ਦੇ 0.87 ਫ਼ੀ ਸਦੀ ਤੋਂ ਵੱਧ ਕੇ 1.60 ਫ਼ੀ ਸਦੀ 'ਤੇ ਪਹੁੰਚ ਗਿਆ। ਸਬਜ਼ੀਆਂ ਦੀ ਮੁਦਰਾ ਪਸਾਰ ਵੀ ਇਸ ਦੌਰਾਨ ਵੱਧ ਕੇ 2.51 ਫ਼ੀ ਸਦੀ ਹੋ ਗਿਆ। ਅਪ੍ਰੈਲ ਮਹੀਨੇ ਵਿਚ ਇਹ ਮਨਫ਼ੀ 0.89 ਫ਼ੀ ਸਦੀ ਸੀ। ਤੇਲ ਅਤੇ ਬਿਜਲੀ ਸ਼੍ਰੇਣੀ ਵਿਚ ਵੀ ਮੁਦਰਾ ਪਸਾਰ ਅਪ੍ਰੈਲ ਮਹੀਨੇ ਦੇ 7.85 ਫ਼ੀ ਸਦੀ ਦੀ ਤੁਲਨਾ ਵਿਚ ਤੇਜ਼ ਉਛਾਲ ਲੈ ਕੇ ਮਈ ਵਿਚ 11.22 ਫ਼ੀ ਸਦੀ 'ਤੇ ਪਹੁੰਚ ਗਿਆ। ਇਸ ਦੌਰਾਨ ਆਲੂਆਂ ਦੀ ਮਹਿੰਗਾਈ ਅਪ੍ਰੈਲ ਦੇ 67.94 ਫ਼ੀ ਸਦੀ ਤੋਂ ਵੱਧ ਕੇ ਮਈ ਵਿਚ 81.93 ਫ਼ੀ ਸਦੀ 'ਤੇ ਪਹੁੰਚ ਗਈ।

ਫਲਾਂ ਦੀਆਂ ਕੀਮਤਾਂ 15.40 ਫ਼ੀ ਸਦੀ ਵਧੀਆਂ ਜਦਕਿ ਦਾਲਾਂ ਦੀਆਂ ਕੀਮਤਾਂ 21.13 ਫ਼ੀ ਸਦੀ ਡਿੱਗੀਆਂ। ਦੂਜੇ ਪਾਸੇ ਅਮਰੀਕਾ ਵਿਚ ਫ਼ੈਡਰਲ ਰਿਜ਼ਰਵ ਦੇ ਵਿਆਜ ਦਰ ਵਧਾਉਣ ਦੇ ਫ਼ੈਸਲੇ ਅਤੇ ਇਸ ਵਿਚ ਅੱਗੇ ਹੋਰ ਵਾਧੇ ਲਈ ਕੀਤੇ ਜਾਣ ਦੇ ਸੰਕੇਤਾਂ ਕਾਰਨ ਅੱਜ ਸਥਾਨਕ ਸ਼ੇਅਰ ਬਾਜ਼ਾਰ ਵਿਚ ਵਿਕਰੀ ਜ਼ੋਰ ਫੜ ਗਈ ਅਤੇ ਤਿੰਨ ਦਿਨ ਤੋਂ ਚਲੀ ਆ ਰਹੀ ਤੇਜ਼ੀ ਦਾ ਸਿਲਸਿਲਾ ਟੁੱੱਟ ਗਿਆ। ਥੋਕ ਮੁਦਰਾ ਪਸਾਰ ਦੇ ਵੱਧ ਕੇ 14 ਮਹੀਨੇ ਦੇ ਸੱਭ ਤੋਂ ਉੱਚੇ ਪੱਧਰ 'ਤੇ ਪਹੁੰਚਣ ਅਤੇ ਚਾਲੂ ਖ਼ਾਤੇ ਦਾ ਘਾਟਾ ਤਿੰਨ ਗੁਣਾਂ ਵਧਣ ਦੀ ਰੀਪੋਰਟ ਤੋਂ ਵੀ ਬਾਜ਼ਾਰ ਦੀ ਧਾਰਨਾ ਪ੍ਰਭਾਵਤ ਹੋਈ।

ਬੰਬਈ ਸ਼ੇਅਰ ਬਾਜ਼ਾਰ ਦਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 139 ਅੰਕ ਟੁੱਟ ਕੇ 35,599.82 ਅੰਕ 'ਤੇ ਬੰਦ ਹੋਇਆ। ਐਨਆਈਏ ਦਾ ਨਿਫ਼ਟੀ 48.65 ਅੰਕ ਡਿੱਗ ਕੇ 10,808.05 ਅੰਕ 'ਤੇ ਰਿਹਾ। (ਏਜੰਸੀ)