ਵਾਜਪਾਈ ਦੀ ਹਾਲਤ ਬਿਹਤਰ, ਅਗਲੇ ਕੁੱਝ ਦਿਨਾਂ ਵਿਚ ਪੂਰੀ ਤਰ੍ਹਾਂ ਠੀਕ ਹੋ ਜਾਣਗੇ
ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਹਾਲਤ ਵਿਚ ਬੀਤੇ 48 ਘੰਟਿਆਂ ਵਿਚ ਕਾਫ਼ੀ ਸੁਧਾਰ ਆਇਆ
ਨਵੀਂ ਦਿੱਲੀ, : ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਹਾਲਤ ਵਿਚ ਬੀਤੇ 48 ਘੰਟਿਆਂ ਵਿਚ ਕਾਫ਼ੀ ਸੁਧਾਰ ਆਇਆ ਹੈ ਅਤੇ ਡਾਕਟਰਾਂ ਨੂੰ ਉਮੀਦ ਹੈ ਕਿ ਅਗਲੇ ਕੁੱਝ ਦਿਨਾਂ ਵਿਚ ਉਹ ਪੂਰੀ ਤਰ੍ਹਾਂ ਠੀਕ ਹੋ ਜਾਣਗੇ। ਏਮਜ਼ ਦੇ ਨਿਰਦੇਸ਼ਕ ਡਾ. ਰਣਦੀਪ ਗੁਲੇਰੀਆ ਨੇ ਇਹ ਜਾਣਕਾਰੀ ਦਿਤੀ। ਸਾਬਕਾ ਪ੍ਰਧਾਨ ਮੰਤਰੀ ਨੂੰ 11 ਜੂਨ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਗੁਲੇਰੀਆ ਨੇ ਦਸਿਆ ਕਿ ਕਿਡਨੀ ਵਿਚ ਇਨਫ਼ੈਕਸ਼ਨ, ਛਾਤੀ ਵਿਚ ਜਕੜ ਅਤੇ ਪਿਸ਼ਾਬ ਦੀ ਸਮੱਸਿਆ ਕਾਰਨ 93 ਸਾਲਾ ਵਾਪਜਾਈ ਨੂੰ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਸੀ।
ਉਨ੍ਹਾਂ ਦਸਿਆ ਕਿ ਯੂਰੀਨ ਆਊਟਪੁਟ ਘੱਟ ਹੋਣ ਕਾਰਨ ਮੱਠੀ ਗਤੀ ਨਾਲ ਡਾਇਲਸਿਸ ਕੀਤਾ ਗਿਆ। ਏਮਜ਼ ਨਿਰਦੇਸ਼ਕ ਨੇ ਦਸਿਆ, 'ਬੀਤੇ 48 ਘੰਟਿਆਂ ਵਿਚ ਉਨ੍ਹਾਂ ਦੀ ਹਾਲਤ ਵਿਚ ਕਾਫ਼ੀ ਸੁਧਾਰ ਆਇਆ ਹੈ। ਕਿਡਨੀ ਆਮ ਢੰਗ ਨਾਲ ਕੰਮ ਕਰ ਰਹੀ ਹੈ ਅਤੇ ਯੂਰੀਨ ਆਊਟਪੁਟ ਵੀ ਲਗਭਗ ਆਮ ਹੈ। ਇਨਫ਼ੈਕਸ਼ਨ ਕੰਟਰੋਲ ਵਿਚ ਹੈ ਅਤੇ ਬਲੱਡ ਪ੍ਰੈਸ਼ਰ ਆਮ ਹੈ। ਸਾਨੂੰ ਉਮੀਦ ਹੈ ਕਿ ਉਹ ਅਗਲੇ ਕੁੱਝ ਦਿਨਾਂ ਵਿਚ ਪੂਰੀ ਤਰ੍ਹਾਂ ਠੀਕ ਹੋ ਜਾਣਗੇ।