ਕਰਤਾਰਪੁਰ ਲਾਂਘਾ : ਭਾਰਤ-ਪਾਕਿ 'ਚ ਮੀਟਿੰਗ ਅੱਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅੱਜ ਦੀ ਮੀਟਿੰਗ 'ਚ ਭਾਰਤ-ਪਾਕਿ ਰਾਵੀ ਦੇ ਪੁਲ ਸਬੰਧੀ ਕਰ ਸਕਦੇ ਹਨ ਗੱਲਬਾਤ

Kartarpur corridor

ਚੰਡੀਗੜ੍ਹ (ਸਪੋਕਸਮੈਨ ਸਮਾਚਾਰ ਸੇਵਾ): ਜਿਵੇਂ-ਜਿਵੇਂ ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਦੀ ਤਰੀਕ ਨੇੜੇ ਆਉਂਦੀ ਜਾ ਰਹੀ ਹੈ, ਤਿਵੇਂ-ਤਿਵੇਂ ਦੋਹਾਂ ਦੇਸ਼ਾਂ ਦੀ ਧਰਤੀ 'ਤੇ ਕਰਤਾਰਪੁਰ ਸਾਹਿਬ ਲਾਂਘੇ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਹੋਣਾ ਸ਼ੁਰੂ ਹੋ ਗਿਆ ਹੈ। ਭਾਵੇਂ ਪਾਕਿਸਤਾਨ ਨੇ ਤਾਂ ਇਹ ਦਾਅਵਾ ਕਰ ਦਿਤਾ ਹੈ ਕਿ ਉਨ੍ਹਾਂ ਵਾਲੇ ਪਾਸੇ ਕਰੀਬ 80 ਫ਼ੀ ਸਦੀ ਕੰਮ ਪੂਰਾ ਹੋ ਗਿਆ ਹੈ ਤੇ ਉਹ ਭਾਰ ਨਾਲੋਂ ਪਹਿਲਾਂ ਕੰਮ ਨਿਬੇੜ ਲੈਣਗੇ ਪਰ ਭਾਰਤ ਵਾਲੇ ਪਾਸੇ ਵੀ ਕੰਮ ਜੰਗੀ ਪੱਧਰ 'ਤੇ ਜਾਰੀ ਹੈ। 

ਨਿਰਮਾਣ ਦਾ ਕਾਰਜ ਲੈਂਡ ਪੋਰਟਸ ਅਥਾਰਟੀ ਆਫ਼ ਇੰਡੀਆ ਦੀ ਦੇਖਭਾਲ 'ਚ ਕੀਤਾ ਜਾ ਰਿਹਾ ਹੈ। ਲਾਂਘੇ ਦਾ ਕੰਮ ਨਵੰਬਰ 2019 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ 31 ਅਕਤੂਬਰ ਤਕ ਪੂਰਾ ਕਰਨ ਦਾ ਟੀਚਾ ਰੱਖ ਕੇ ਕੀਤਾ ਜਾ ਰਿਹਾ ਹੈ। ਪੈਸੰਜਰ ਟਰਮੀਨਲ ਨੂੰ ਸਮੇਂ 'ਤੇ ਤਿਆਰ ਕਰਨ ਲਈ ਮੌਜੂਦਾ ਸਮੇਂ 'ਚ 250 ਤੋਂ ਜ਼ਿਆਦਾ ਮਜ਼ਦੂਰ ਅਤੇ 30 ਇੰਜੀਨੀਅਰਾਂ ਦੀ ਟੀਮ ਦਿਨ-ਰਾਤ ਦੀਆਂ ਤਿੰਨ ਸ਼ਿਫ਼ਟਾਂ 'ਚ ਕੰਮ ਕਰ ਰਹੀ ਹੈ ਤਾਕਿ ਤੈਅ ਸਮੇਂ ਤੋਂ ਪਹਿਲਾਂ ਕੰਮ ਪੂਰਾ ਕੀਤਾ ਜਾ ਸਕੇ।

ਗ੍ਰਹਿ ਮੰਤਰਾਲਾ ਦੇ ਅੰਦਰਲੇ ਸੂਤਰ ਦਸਦੇ ਹਨ ਕਿ ਪੂਰੇ ਕੰਪਲੈਕਸ ਲਈ ਨੀਂਹ ਖੁਦਾਈ ਦਾ ਕੰਮ ਪੂਰਾ ਹੋ ਚੁੱਕਿਆ ਹੈ ਅਤੇ ਮੁੱਖ ਯਾਤਰੀ ਭਵਨ ਲਈ ਆਰ. ਸੀ. ਸੀ. ਅਤੇ ਪਲਿੰਥ ਆਦਿ ਦਾ ਕੰਮ ਵੀ ਪੂਰਾ ਹੋ ਚੁੱਕਿਆ ਹੈ। ਲਾਂਘੇ ਦੇ ਕੰਮ ਨੂੰ ਨੇਪਰੇ ਚਾੜ੍ਹਨ ਲਈ ਬੜੇ ਹੀ ਯੋਜਨਾਬੱਧ ਤਰੀਕੇ ਨਾਲ ਵੱਖ-ਵੱਖ ਹਿੱਸਿਆਂ ਵਿਚ ਵੰਡ ਕੇ ਕੀਤਾ ਜਾ ਰਿਹਾ ਹੈ ਤੇ ਵੱਖ-ਵੱਖ ਹਿੱਸਿਆਂ ਦ ਨਿਗਰਾਨੀ ਹੈੱਡ ਇੰਜੀਨੀਅਰ ਕਰ ਰਹੇ ਹਨ। ਇਹ ਇੰਜੀਨੀਅਰ ਪਹਿਲਾਂ ਡਿਜ਼ਾਇਨ ਤਿਆਰ ਕਰ ਕੇ ਰਖਦੇ ਹਨ ਤੇ ਬਾਕੀ ਇੰਜੀਨੀਅਰ ਤੇ ਮਜ਼ਦੂਰ ਇਸ ਨੂੰ ਅਪਲਾਈ ਕਰਦੇ ਹਨ।

ਉਧਰ ਬੀਤੇ ਦਿਨਾਂ 'ਚ ਰਾਵੀ ਦਾ ਪੁਲ ਵੀ ਲਾਂਘੇ 'ਚ ਅੜਿੱਕਾ ਬਣ ਕੇ ਉਭਰਿਆ ਹੈ। ਇਸ ਪੁਲ ਬਾਰੇ ਦੋਵੇਂ ਦੇਸ਼ 14 ਜੁਲਾਈ ਨੂੰ ਹੋਣ ਵਾਲੀ ਬੈਠਕ 'ਚ ਵਿਚਾਰ ਵਟਾਂਦਰਾ ਕਰ ਕੇ ਕੋਈ ਨਵਾਂ ਹੱਲ ਕੱਢਣ ਦੀ ਕੋਸ਼ਿਸ਼ ਕਰਨਗੇ। ਦੋਵੇ ਦੇਸ਼ਾਂ 'ਚ ਰਾਵੀ 'ਤੇ 330 ਮੀਟਰ ਲੰਮੇ ਪੁਲ ਦੀ ਉਸਾਰੀ ਬਾਰੇ ਅਸਹਿਮਤੀ ਨਾਲ ਲਾਂਘੇ ਨੂੰ ਜੋੜਨ 'ਚ ਦੇਰੀ ਦੇ ਖਦਸ਼ੇ ਨੂੰ ਦੇਖਦਿਆਂ ਭਾਰਤ ਨੇ ਇਸ ਦੇ ਅੰਤਰਮ ਹੱਲ ਦੀ ਤਜਵੀਜ਼ ਵੀ ਪੇਸ਼ ਕੀਤੀ ਹੈ।

ਭਾਰਤ ਚਾਹੁੰਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਨਵੰਬਰ 'ਚ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਤੋਂ ਪਹਿਲਾਂ ਲਿੰਕ ਸੜਕਾਂ ਨੂੰ ਪੁਲ ਰਾਹੀਂ ਪਾਕਿਸਤਾਨ ਸੜਕਾਂ ਨਾਲ ਜੋੜ ਦਿਤਾ ਜਾਵੇਗਾ। ਭਾਰਤ ਵਲੋਂ ਪਾਕਿਸਤਾਨ ਨੂੰ ਪੁਲ ਦੀ ਉਸਾਰੀ ਨਾਲ ਮਿਲਾਇਆ ਜਾਵੇਗਾ ਕਿਉਂਕਿ ਡੇਰਾ ਬਾਬਾ ਨਾਨਕ ਨੇੜੇ ਹੜ੍ਹਾਂ ਦਾ ਖਦਸ਼ਾ ਰਹਿੰਦਾ ਹੈ ਜਿਸ ਨਾਲ ਸ਼ਰਧਾਲੂਆਂ ਨੂੰ ਪ੍ਰੇਸ਼ਾਨੀ ਹੋਵੇਗੀ। ਹੁਣ ਇਹ ਦੇਖਣਾ ਹੋਵੇਗਾ ਕਿ 14 ਜੁਲਾਈ ਦੀ ਮੀਟਿੰਗ 'ਚ ਪੁਲ ਬਾਰੇ ਕੀ ਫ਼ੈਸਲਾ ਹੁੰਦਾ ਹੈ। 

ਉਧਰ ਪਾਕਿਸਤਾਨ ਵਾਲੇ ਪਾਸੇ ਤੋਂ ਇਹ ਖ਼ਬਰ ਮਿਲੀ ਹੈ ਕਿ ਪਾਕਿਸਤਾਨ ਨੇ 14 ਜੁਲਾਈ ਦੀ ਮੀਟਿੰਗ ਤੋਂ ਪਹਿਲਾਂ ਪਾਕਿ ਸਰਕਾਰ ਨੇ ਖ਼ਾਲਿਸਤਾਨੀ ਸਮਰਥਕ ਗੋਪਾਲ ਸਿੰਘ ਚਾਵਲਾ ਨੂੰ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਹਰ ਕੱਢ ਦਿਤਾ ਹੈ। ਬੈਠਕ ਤੋਂ ਪਹਿਲਾਂ ਪਾਕਿਸਤਾਨ ਨੇ ਭਾਰਤ ਦੇ ਦਬਾਅ ਅੱਗੇ ਝੁਕਦਿਆਂ ਇਹ ਫ਼ੈਸਲਾ ਲਿਆ ਹੈ। ਇਸ ਫ਼ੈਸਲੇ ਤੋਂ ਬਾਅਦ ਗੋਪਾਲ ਸਿੰਘ ਚਾਵਲਾ ਹੁਣ ਕਰਤਾਰਪੁਰ ਲਾਂਘਾ ਕਮੇਟੀ ਦਾ ਮੈਂਬਰ ਵੀ ਨਹੀਂ ਹੈ।