ਕਰਤਾਰਪੁਰ ਲਾਂਘਾ : ਤਨਖ਼ਾਹ ਨਾ ਮਿਲਣ ਕਰ ਕੇ ਟਰੱਕ ਡਰਾਈਵਰਾਂ ਨੇ ਲਾਇਆ ਧਰਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਕੰਪਨੀ ਅਧਿਕਾਰੀਆਂ ਨੇ ਕਾਮਿਆਂ ਨੂੰ ਭਰੋਸਾ ਦਿੱਤਾ ਜਿਸ ਦੇ ਬਾਅਦ ਉਨ੍ਹਾਂ ਧਰਨਾ ਚੁੱਕਿਆ

Kartarpur Corridor : Work stop by truck drivers due to non-payment of salary

ਗੁਰਦਾਸਪੁਰ : ਕਰਤਾਰਪੁਰ ਲਾਂਘੇ ਲਈ ਸੜਕ ਬਣਾਉਣ ਦੇ ਕੰਮ 'ਚ ਲੱਗੇ ਜੇ.ਸੀ.ਬੀ. ਅਤੇ ਟਰੱਕ ਡਰਾਈਵਰਾਂ ਨੂੰ ਪਿਛਲੇ 2 ਮਹੀਨਿਆਂ ਤੋਂ ਤਨਖ਼ਾਹ ਨਹੀਂ ਮਿਲੀ ਹੈ। ਤਨਖ਼ਾਹ ਨਾ ਮਿਲਣ ਕਰ ਕੇ ਉਨ੍ਹਾਂ ਨੇ ਸਾਰਾ ਕੰਮ ਰੋਕ ਦਿੱਤਾ। ਕਾਮਿਆਂ ਅਤੇ ਟਰੱਕ ਡਰਾਈਵਰਾਂ ਨੇ ਕੰਸਟਰੱਕਸ਼ਨ ਕੰਪਨੀ ਸੀਗਲ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਪਿੰਡ ਠੇਠਰਕੇ ਵਿਚ ਬਣੇ ਪਲਾਂਟ ਦੇ ਅੱਗੇ ਧਰਨਾ ਲਗਾ ਦਿੱਤਾ ਅਤੇ ਹੋ ਰਹੇ ਕੰਮ 'ਤੇ ਰੋਕ ਲਗਾ ਦਿੱਤੀ। ਕੰਪਨੀ ਅਧਿਕਾਰੀਆਂ ਨੇ ਕਾਮਿਆਂ ਨੂੰ ਭਰੋਸਾ ਦਿੱਤਾ ਜਿਸ ਦੇ ਬਾਅਦ ਉਨ੍ਹਾਂ ਧਰਨਾ ਚੁੱਕਿਆ।

ਜ਼ਿਕਰਯੋਗ ਹੈ ਕਿ ਸੜਕ ਅਤੇ ਕਰਤਾਰਪੁਰ ਲਾਂਘੇ ਦੀ ਉਸਾਰੀ ਲਈ ਦੂਰ-ਦੂਰ ਤੋਂ ਟਰੱਕ ਤੇ ਜੇਸੀਬੀ ਡਰਾਈਵਰ ਆਏ ਹੋਏ ਹਨ। ਇਨ੍ਹਾਂ ਟਰੱਕ ਤੇ ਜੇ.ਸੀ.ਬੀ. ਡਰਾਈਵਰਾਂ ਨੂੰ ਪਿਛਲੇ 2 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ। ਇਹ ਵੀ ਪਤਾ ਲੱਗਿਆ ਹੈ ਕਿ ਕੁੱਝ ਡਰਾਈਵਰਾਂ ਨੂੰ ਅੱਧੀ ਤਨਖ਼ਾਹ ਦੇ ਕੇ ਹੀ ਕੰਮ ਸਾਰਿਆ ਜਾ ਰਿਹਾ ਹੈ। ਟਰੱਕ ਤੇ ਜੇ.ਸੀ.ਬੀ. ਡਰਾਈਵਰਾਂ ਦਾ ਕਹਿਣਾ ਹੈ ਕਿ ਦੋ ਦਿਨ ਪਹਿਲਾਂ ਸਾਡੀ ਕੰਪਨੀ ਅਧਿਕਾਰੀਆਂ ਨਾਲ ਗੱਲ ਹੋਈ ਸੀ, ਜਿਸ ਦੌਰਾਨ ਉਨ੍ਹਾਂ 2 ਦਿਨਾਂ ਵਿਚ ਬਣਦੇ ਪੈਸੇ ਦੇਣ ਦੀ ਗੱਲ ਕਹੀ ਸੀ ਪਰ ਹਾਲੇ ਤੱਕ ਕੁਝ ਨਹੀਂ ਹੋਇਆ। ਇਸ ਤੋਂ ਤੰਗ ਆ ਕੇ ਮਜਬੂਰਨ ਕਾਮਿਆਂ ਨੂੰ ਧਰਨਾ ਦੇਣਾ ਪਿਆ।

ਉਧਰ ਸੀਗਲ ਇੰਡੀਆ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਉਪ ਪ੍ਰਧਾਨ ਜਤਿੰਦਰ ਸਿੰਘ ਨੇ ਦੱਸਿਆ ਕਿ ਟਰੱਕ ਤੇ ਜੇ.ਸੀ.ਬੀ. ਡਰਾਈਵਰਾਂ ਨਾਲ ਗੱਲ ਹੋ ਚੁੱਕੀ ਹੈ। ਦੋ ਦਿਨਾਂ ਅੰਦਰ ਉਨ੍ਹਾਂ ਦੀ ਤਨਖਾਹ ਦੇ ਦਿੱਤੀ ਜਾਵੇਗੀ। ਉਨ੍ਹਾਂ ਦੀਆਂ ਤਨਖ਼ਾਹਾਂ 'ਚ ਇਸ ਲਈ ਦੇਰੀ ਹੋਈ ਹੈ, ਕਿਉਂਕਿ ਸਾਰੇ ਕੰਪਨੀ ਅਧਿਕਾਰੀ ਸੜਕ ਦੇ ਨਿਰਮਾਣ ਵਿਚ ਰੁੱਝੇ ਹਨ ਅਤੇ ਇਨ੍ਹਾਂ ਦੀ ਨੌਕਰੀ ਦੀ ਕਾਗਜ਼ੀ ਕਾਰਵਾਈ ਹਾਲੇ ਪੂਰੀ ਨਹੀਂ ਹੋਈ। ਇਸ ਲਈ ਦੇਰੀ ਹੋ ਰਹੀ ਸੀ।