ਦ੍ਰਿਸ਼ਟੀਹੀਣ ਲੋਕਾਂ ਲਈ ਆਰਬੀਆਈ ਦੀ ਵੱਡੀ ਪਹਿਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਆਰਬੀਆਈ ਨੋਟਾਂ ਦੀ ਪਹਿਚਾਣ ਕਰਨ ਲਈ ਦੇਵੇਗਾ ਐਪ

RBI to come out with mobile app for currency notes identification

ਨਵੀਂ ਦਿੱਲੀ: ਭਾਰਤੀ ਰਿਜ਼ਰਵ ਬੈਂਕ ਅੰਨ੍ਹੇ ਲੋਕਾਂ ਲਈ ਨੋਟਾਂ ਦੀ ਪਹਿਚਾਣ ਕਰਨ ਵਿਚ ਮਦਦ ਲਈ ਇਕ ਮੋਬਾਇਲ ਐਪਲੀਕੇਸ਼ਨ ਪੇਸ਼ ਕਰੇਗਾ। ਕੇਂਦਰੀ ਬੈਂਕ ਨੇ ਲੈਣ ਦੇਣ ਵਿਚ ਹੁਣ ਵੀ ਨਕਦੀ ਦੇ ਭਾਰੀ ਇਸਤੇਮਾਲ ਨੂੰ ਦੇਖਦੇ ਹੋਏ ਇਹ ਕਦਮ ਉਠਾਇਆ ਹੈ। ਵਰਤਮਾਨ ਵਿਚ 10, 20, 50, 100, 200, 500 ਅਤੇ 2000 ਰੁਪਏ ਦੇ ਬੈਂਕ ਨੋਟ ਬਾਜ਼ਾਰ ਵਿਚ ਚਲ ਰਹੇ ਹਨ। ਰਿਜ਼ਰਵ ਬੈਂਕ ਨੇ ਕਿਹਾ ਕਿ ਦ੍ਰਿਸ਼ਟੀਹੀਣ ਲੋਕਾਂ ਲਈ ਨਕਦੀ ਆਧਾਰਿਤ ਲੈਣ ਦੇਣ ਨੂੰ ਸਫ਼ਲ ਬਣਾਉਣ ਲਈ ਬੈਂਕ ਨੋਟਾਂ ਦੀ ਪਹਿਚਾਣ ਜ਼ਰੂਰੀ ਹੈ।

ਨੋਟ ਨੂੰ ਪਹਿਚਾਣਨ ਵਿਚ ਦ੍ਰਿਸ਼ਟੀਹੀਣਾਂ ਦੀ ਮਦਦ ਲਈ ਇੰਟਾਗਿਲਓ ਪ੍ਰਿੰਟਿੰਗ ਆਧਾਰਿਤ ਪਹਿਚਾਣ ਚਿੰਨ੍ਹ ਦਿੱਤਾ ਗਿਆ ਹੈ। ਇਹ ਚਿੰਨ੍ਹ 100 ਰੁਪਏ ਅਤੇ ਉਸ ਤੋਂ ਉਪਰ ਦੇ ਨੋਟਾਂ ਵਿਚ ਵੀ ਹੈ। ਨਵੰਬਰ 2016 ਵਿਚ 500 ਅਤੇ 1000 ਰੁਪਏ ਦੇ ਪੁਰਾਣੇ ਨੋਟਾਂ ਨੂੰ ਬੰਦ ਕਰਨ ਤੋਂ ਬਾਅਦ ਹੁਣ ਬਾਜ਼ਾਰ ਵਿਚ ਚਲ ਰਹੇ ਨਵੇਂ ਆਕਾਰ ਅਤੇ ਡਿਜ਼ਾਇਨ ਦੇ ਨੋਟ ਮੌਜੂਦ ਹਨ। ਕੇਂਦਰੀ ਬੈਂਕ ਨੇ ਕਿਹਾ ਕਿ ਰਿਜ਼ਰਵ ਬੈਂਕ ਦ੍ਰਿਸ਼ਟੀਹੀਣਾਂ ਨੂੰ ਅਪਣੇ ਦਿਨ ਦੇ ਕੰਮਕਾਜ ਵਿਚ ਬੈਂਕ ਨੋਟ ਦੀ ਪਹਿਚਾਣ ਕਰਨ ਲਈ ਆਉਣ ਵਾਲੀਆਂ ਦਿੱਕਤਾਂ ਨੂੰ ਲੈ ਕੇ ਸੰਵੇਦਨਸ਼ੀਲ ਹੈ।

ਬੈਂਕ ਮੋਬਾਇਲ ਐਪ ਵਿਕਸਿਤ ਕਰਨ ਲਈ ਵੈਂਡਰ ਦੀ ਤਲਾਸ਼ ਕਰ ਰਿਹਾ ਹੈ। ਇਹ ਐਪ ਮਹਾਤਮਾ ਗਾਂਧੀ ਦੀ ਲੜੀ ਦੇ ਨੋਟਾਂ ਦੀ ਪਹਿਚਾਣ ਕਰਨ ਵਿਚ ਸਮਰੱਥ ਹੋਵੇਗਾ। ਇਸ ਦੇ ਲਈ ਵਿਅਕਤੀ ਨੂੰ ਨੋਟ ਨੂੰ ਫ਼ੋਨ ਦੇ ਕੈਮਰੇ ਦੇ ਸਾਹਮਣੇ ਰੱਖ ਕੇ ਉਸ ਦੀ ਤਸਵੀਰ ਖਿੱਚਣੀ ਹੋਵੇਗੀ। ਜੇ ਨੋਟ ਦੀ ਤਸਵੀਰ ਸਹੀ ਤਰੀਕੇ ਨਾਲ ਲਈ ਗਈ ਤਾਂ ਐਪ ਆਡਿਓ ਨੋਟੀਫਿਕੇਸ਼ਨ ਦੁਆਰਾ ਦ੍ਰਿਸ਼ਟੀਹੀਨ ਵਿਅਕਤੀ ਨੂੰ ਨੋਟ ਦੇ ਮੁੱਲ ਬਾਰੇ ਦਸ ਦੇਵੇਗਾ।

ਜੇ ਤਸਵੀਰ ਠੀਕ ਢੰਗ ਨਾਲ ਨਹੀਂ ਲੈ ਹੋ ਰਹੀ ਜਾਂ ਫਿਰ ਨੋਟ ਨੂੰ ਰੀਡ ਕਰਨ ਵਿਚ ਕੋਈ ਦਿੱਕਤ ਹੋ ਰਹੀ ਹੈ ਤਾਂ ਐਪ ਫਿਰ ਤੋਂ ਕੋਸ਼ਿਸ਼ ਕਰਨ ਦੀ ਸੂਚਨਾ ਦੇਵੇਗਾ। ਰਿਜ਼ਰਵ ਬੈਂਕ ਐਪ ਬਣਾਉਣ ਲਈ ਤਕਨਾਲੋਜੀ ਕੰਪਨੀਆਂ ਨਾਲ ਜੁੜ ਰਿਹਾ ਹੈ। ਬੈਂਕ ਨੇ ਪਹਿਲਾਂ ਵੀ ਇਸ ਤਰ੍ਹਾਂ ਦੇ ਪ੍ਰਸਤਾਵ ਲਈ ਅਰਜ਼ੀ ਮੰਗੇ ਸਨ। ਹਾਲਾਂਕਿ ਬਾਅਦ ਵਿਚ ਇਸ ਨੂੰ ਰੱਦ ਕਰ ਦਿੱਤਾ ਗਿਆ। ਦੇਸ਼ ਵਿਚ ਕਰੀਬ 80 ਲੱਖ ਦ੍ਰਿਸ਼ਟੀਹੀਣ ਲੋਕ ਹਨ। ਆਰਬੀਆਈ ਦੀ ਇਸ ਪਹਿਲ ਤੋਂ ਉਹਨਾਂ ਨੂੰ ਲਾਭ ਮਿਲੇਗਾ।