ਬੰਗਲੇ ਨੂੰ ਲੈ ਕੇ ਹਰਦੀਪ ਪੁਰੀ ਤੇ ਪ੍ਰਿਯੰਕਾ ਗਾਂਧੀ ਵਿਚਾਲੇ ਛਿੜੀ ਟਵਿਟਰ ਜੰਗ, ਜਾਣੋ ਕੀ ਹੈ ਮਾਮਲਾ
ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੂੰ ਲੋਧੀ ਅਸਟੇਟ ਵਿਚ ਦਿੱਤੇ ਗਏ ਬੰਗਲੇ ‘ਤੇ ਵਿਵਾਦ ਵਧਦਾ ਜਾ ਰਿਹਾ ਹੈ।
ਨਵੀਂ ਦਿੱਲੀ: ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੂੰ ਲੋਧੀ ਅਸਟੇਟ ਵਿਚ ਦਿੱਤੇ ਗਏ ਬੰਗਲੇ ‘ਤੇ ਵਿਵਾਦ ਵਧਦਾ ਜਾ ਰਿਹਾ ਹੈ। ਇਸ ਦੌਰਾਨ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਪ੍ਰਿਯੰਕਾ ਗਾਂਧੀ ਵਿਚਕਾਰ ਅੱਜ ਟਵਿਟਰ ਜੰਗ ਛਿੜ ਗਈ ਹੈ। ਦਰਅਸਲ ਪ੍ਰਿਯੰਕਾ ਗਾਂਧੀ ਨੇ ਉਹਨਾਂ ਰਿਪੋਰਟਾਂ ਨੂੰ ਖਾਰਜ ਕਰ ਦੱਤਾ ਹੈ, ਜਿਸ ਵਿਚ ਕਿਹਾ ਗਿਆ ਸੀ ਕਿ ਉਹਨਾਂ ਨੇ ਬੰਗਲੇ ਵਿਚ ਕੁਝ ਹੋਰ ਦਿਨ ਰਹਿਣ ਦਾ ਸਮਾਂ ਮੰਗਿਆ ਸੀ।
ਪ੍ਰਿਯੰਕਾ ਗਾਂਧੀ ਨੇ ਅਪਣੇ ਇਕ ਟਵੀਟ ਵਿਚ ਕਿਹਾ ਕਿ ਉਹਨਾਂ ਨੇ ਸਰਕਾਰ ਕੋਲੋਂ ਅਜਿਹੀ ਕੋਈ ਮੋਹਲਤ ਨਹੀਂ ਮੰਗੀ ਅਤੇ ਉਹ ਇਕ ਅਗਸਤ ਤੱਕ ਬੰਗਲਾ ਖਾਲੀ ਕਰ ਦੇਵੇਗੀ। ਪ੍ਰਿਯੰਕਾ ਦੇ ਟਵੀਟ ਤੋਂ ਬਾਅਦ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਖੁਲਾਸਾ ਕੀਤਾ ਕਿ ਪ੍ਰਿਯੰਕਾ ਦੀ ਸਿਫਾਰਿਸ਼ ਲਈ ਇਕ ਵੱਡੇ ਕਾਂਗਰਸੀ ਨੇਤਾ ਨੇ 4 ਜੁਲਾਈ ਨੂੰ ਉਹਨਾਂ ਨੂੰ ਫੋਨ ਕੀਤਾ ਸੀ।
ਪੁਰੀ ਨੇ ਅਪਣੇ ਟਵੀਟ ਵਿਚ ਦਾਅਵਾ ਕੀਤਾ ਕਿ ਫੋਨ ਕਰਨ ਵਾਲੇ ਨੇ ‘ਕਿਸੇ ਹੋਰ ਕਾਂਗਰਸ ਸੰਸਦ ਮੈਂਬਰ ਦੇ ਨਾਮ ਬੰਗਲਾ ਦੇਣ ਲਈ ਕਿਹਾ ਤਾਂ ਜੋ ਪ੍ਰਿਯੰਕਾ ਉੱਥੇ ਰਹਿ ਸਕੇ’। ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਪੁਰੀ ਨੇ ਟਵੀਟ ਕੀਤਾ ਕਿ, ‘ਕਾਂਗਰਸ ਦੇ ਇਕ ਵੱਡੇ ਨੇਤਾ ਨੇ ਮੈਨੂੰ 4 ਜੁਲਾਈ ਨੂੰ ਫੋਨ ਕਰਕੇ ਬੇਨਤੀ ਕੀਤੀ ਕਿ 35, ਲੋਧੀ ਅਸਟੇਟ ਵਾਲਾ ਸਰਕਾਰੀ ਬੰਗਲਾ ਕਿਸੇ ਕਾਂਗਰਸੀ ਸੰਸਦ ਮੈਂਬਰ ਨੂੰ ਜਾਰੀ ਕਰ ਦਿੱਤਾ ਜਾਵੇ, ਤਾਂ ਜੋ ਪ੍ਰਿਯੰਕਾ ਗਾਂਧੀ ਵਾਡਰਾ ਉਸ ਰਿਹਾਇਸ਼ ‘ਤੇ ਰਹਿ ਸਕੇ’।
ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਸਵੇਰੇ ਹੀ ਕਿਹਾ ਸੀ ਕਿ ਉਹ ਨਵੀਂ ਦਿੱਲੀ ਦੇ ਲੋਧੀ ਅਸਟੇਟ ਇਲਾਕੇ ਵਿਚ ਸਥਿਤ ਅਪਣਾ ਸਰਕਾਰੀ ਬੰਗਲਾ ਇਕ ਅਗਸਤ ਤੱਕ ਖਾਲੀ ਕਰ ਦੇਵੇਗੀ। ਇਸ ਦੇ ਨਾਲ ਹੀ ਉਹਨਾਂ ਨੇ ਉਸ ਖ਼ਬਰ ਨੂੰ ‘ਫਰਜ਼ੀ’ ਕਰਾਰ ਦਿੱਤਾ ਹੈ, ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਪ੍ਰਿਯੰਕਾ ਦੇ ਕਹਿਣ ‘ਤੇ ਸਰਕਾਰ ਨੇ ਉਹਨਾਂ ਨੂੰ ਇਸ ਰਿਹਾਇਸ਼ ਵਿਚ ਕੁਝ ਹੋਰ ਦਿਨ ਰਹਿਣ ਤੱਕ ਦੀ ਇਜਾਜ਼ਤ ਦੇ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਕੇਂਦਰੀ ਆਵਾਸ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰਾਲੇ ਨੇ ਪ੍ਰਿਯੰਕਾ ਗਾਂਧੀ ਨੂੰ ਨਵੀਂ ਦਿੱਲੀ ਸਥਿਤ ਸਰਕਾਰੀ ਬੰਗਲਾ ਇਕ ਅਗਸਤ ਤੱਕ ਖਾਲੀ ਕਰਨ ਨੂੰ ਕਿਹਾ ਹੈ। ਮੰਤਰਾਲੇ ਵੱਲੋਂ ਜਾਰੀ ਆਦੇਸ਼ ਵਿਚ ਕਿਹਾ ਗਿਆ ਹੈ ਕਿ ਐਸਪੀਜੀ ਸੁਰੱਖਿਆ ਵਾਪਸ ਲਏ ਜਾਣ ਤੋਂ ਬਾਅਦ ਉਹਨਾਂ ਨੂੰ ਮੌਜੂਦਾ ਰਿਹਾਇਸ਼ ਖਾਲੀ ਕਰਨੀ ਪਵੇਗੀ।